ਵੈਸਟ ਬੈਂਕ ’ਚ ਫਲਸਤੀਨੀ ਗੋਲ਼ੀਬਾਰੀ ਦੌਰਾਨ 2 ਇਜ਼ਰਾਈਲੀ ਵਿਅਕਤੀਆਂ ਦੀ ਮੌਤ

Sunday, Aug 20, 2023 - 06:16 PM (IST)

ਵੈਸਟ ਬੈਂਕ ’ਚ ਫਲਸਤੀਨੀ ਗੋਲ਼ੀਬਾਰੀ ਦੌਰਾਨ 2 ਇਜ਼ਰਾਈਲੀ ਵਿਅਕਤੀਆਂ ਦੀ ਮੌਤ

ਬਲਾਟਾ ਸ਼ਰਨਾਰਥੀ ਕੈਂਪ (ਵੈਸਟ ਬੈਂਕ) (ਭਾਸ਼ਾ)- ਇਜ਼ਰਾਈਲ ਦੀ ਫ਼ੌਜ ਨੇ ਕਿਹਾ ਕਿ ਸ਼ਨੀਵਾਰ ਨੂੰ ਕਬਜ਼ੇ ਵਾਲੇ ਪੱਛਮੀ ਕੰਢੇ ’ਚ ਫਲਸਤੀਨੀ ਗੋਲੀਬਾਰੀ ’ਚ ਦੋ ਇਜ਼ਰਾਈਲੀ ਵਿਅਕਤੀ ਮਾਰੇ ਗਏ। ਫ਼ੌਜ ਨੇ ਕਿਹਾ ਕਿ ਉਹ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੀ ਹੈ ਅਤੇ ਉੱਤਰੀ ਪੱਛਮੀ ਕੰਢੇ ਦੇ ਅਸ਼ਾਂਤ ਖੇਤਰ ਹਵਾਰਾ ਕਸਬੇ ਨੇੜੇ ਨਾਕਾਬੰਦੀ ਕਰ ਰਹੀ ਹੈ। ਹਾਲ ਹੀ ਦੇ ਦਿਨਾਂ ਵਿਚ ਪੱਛਮੀ ਕੰਢੇ ਵਿਚ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਐਸੋਸੀਏਟਡ ਪ੍ਰੈੱਸ ਦੀ ਰਿਪੋਰਟ ਅਨੁਸਾਰ ਇਸ ਸਾਲ ਇਜ਼ਰਾਈਲੀ ਗੋਲ਼ੀਬਾਰੀ ਵਿਚ ਤਕਰੀਬਨ 180 ਫਲਸਤੀਨੀ ਮਾਰੇ ਗਏ ਹਨ, ਜਦਕਿ ਫਲਸਤੀਨੀ ਹਮਲਿਆਂ ਵਿਚ 27 ਲੋਕ ਮਾਰੇ ਗਏ। ਗੋਲੀਬਾਰੀ ਦੀ ਘਟਨਾ ਬੁੱਧਵਾਰ ਨੂੰ ਵੈਸਟ ਬੈਂਕ ਵਿਚ ਇਜ਼ਰਾਈਲੀ ਫ਼ੌਜ ਦੀ ਕਾਰਵਾਈ ਵਿਚ 19 ਸਾਲਾ ਫਲਸਤੀਨੀ ਦੇ ਮਾਰੇ ਜਾਣ ਤੋਂ ਬਾਅਦ ਵਾਪਰੀ ਹੈ। ਇਜ਼ਰਾਈਲੀ ਸਿਹਤ ਕਰਮਚਾਰੀਆਂ ਨੇ ਕਿਹਾ ਕਿ ਜਦੋਂ ਉਹ ਘਟਨਾ ਸਥਾਨ ’ਤੇ ਪਹੁੰਚੇ ਤਾਂ 60 ਅਤੇ 29 ਸਾਲ ਦੇ ਦੋ ਇਜ਼ਰਾਈਲੀ ਵਿਅਕਤੀ ਗੋਲੀਆਂ ਨਾਲ ਜ਼ਖਮੀ ਹਾਲਤ ਵਿਚ ਮਿਲੇ।

ਇਹ ਵੀ ਪੜ੍ਹੋ- ਜਲੰਧਰ ਦੀ ਹੈਰਾਨੀਜਨਕ ਘਟਨਾ, ਲਾਸ਼ ਦਾ ਸਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਨੇ ਜ਼ਰੂਰੀ ਸਮਝੀ ਸ਼ਰਾਬ ਪੀਣੀ

ਫਲਸਤੀਨੀ ਸਿਹਤ ਅਧਿਕਾਰੀਆਂ ਨੇ ਕਿਹਾ ਕਿ 19 ਸਾਲਾ ਮੁਹੰਮਦ ਅਬੂ ਅਸਾਬ ਨੂੰ ਬੁੱਧਵਾਰ ਨੂੰ ਉੱਤਰੀ ਪੱਛਮੀ ਕੰਢੇ ਦੇ ਸ਼ਹਿਰ ਨਾਬਲਸ ਨੇੜੇ ਬਲਾਟਾ ਸ਼ਰਨਾਰਥੀ ਕੈਂਪ ’ਤੇ ਇਜ਼ਰਾਈਲੀ ਫੌਜ ਦੇ ਹਮਲੇ ਦੌਰਾਨ ਸਿਰ ’ਚ ਗੋਲੀ ਮਾਰ ਦਿੱਤੀ ਗਈ ਸੀ। ਇਹ ਨਹੀਂ ਪਤਾ ਹੈ ਕਿ ਅਬੂ ਅਸਾਬ ਕਿਸੇ ਅੱਤਵਾਦੀ ਸਮੂਹ ਨਾਲ ਜੁੜਿਆ ਹੋਇਆ ਸੀ ਜਾਂ ਨਹੀਂ। ਇਜ਼ਰਾਈਲੀ ਫ਼ੌਜ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਕ ਕਮਾਂਡੋ ਯੂਨਿਟ ਨੇ ਬਲਾਟਾ ਵਿਚ ਹਥਿਆਰਾਂ ਦੀ ਫੈਕਟਰੀ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਵਿਚ ਇਹ ਕਾਰਵਾਈ ਕੀਤੀ। ਹਵਾਰਾ ਵਿਚ ਹਾਲ ਹੀ ਦੇ ਸਮੇਂ ਵਿਚ ਕਈ ਇਜ਼ਰਾਈਲੀ ਮਾਰੇ ਗਏ ਹਨ। ਫਰਵਰੀ ਵਿਚ ਨੇੜਲੇ ਟਾਊਨਸ਼ਿਪ ਦੇ ਵਸਨੀਕ ਦੋ ਭਰਾਵਾਂ ਦੀ ਮੌਤ ਤੋਂ ਬਾਅਦ ਸ਼ਹਿਰ ਵਿਚ ਕਾਫੀ ਹਿੰਸਾ ਹੋਈ ਸੀ। ਇਜ਼ਰਾਈਲੀ ਫ਼ੌਜ ਫਲਸਤੀਨੀ ਹਮਲਿਆਂ ਦੇ ਜਵਾਬ ਵਿਚ ਖੇਤਰ ਵਿਚ ਕਾਰਵਾਈਆਂ ਜਾਰੀ ਰੱਖ ਰਹੀ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਛਾਪੇਮਾਰੀ ਦਾ ਮੰਤਵ ਅੱਤਵਾਦੀ ਨੈੱਟਵਰਕਾਂ ਨੂੰ ਨਸ਼ਟ ਕਰਨਾ ਅਤੇ ਭਵਿੱਖ ਦੇ ਹਮਲਿਆਂ ਨੂੰ ਨਾਕਾਮ ਕਰਨਾ ਹੈ।

ਇਹ ਵੀ ਪੜ੍ਹੋ- ਟਾਂਡਾ 'ਚ ਵੱਡੀ ਵਾਰਦਾਤ, 17 ਸਾਲਾ ਕੁੜੀ ਨਾਲ ਗੈਂਗਰੇਪ, ਖੇਤਾਂ 'ਚ ਲਿਜਾ ਕੇ ਕੀਤਾ ਘਿਣੌਨਾ ਕਾਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News