100 ਰੁਪਏ ਦੇ ਨੋਟ 'ਤੇ ਨੇਪਾਲ ਨੇ ਛਾਪ'ਤਾ ਭਾਰਤ ਵਿਰੋਧੀ ਨਕਸ਼ਾ, ਮਿਲੀ ਸਖਤ ਚਿਤਾਵਨੀ

Thursday, Nov 27, 2025 - 06:52 PM (IST)

100 ਰੁਪਏ ਦੇ ਨੋਟ 'ਤੇ ਨੇਪਾਲ ਨੇ ਛਾਪ'ਤਾ ਭਾਰਤ ਵਿਰੋਧੀ ਨਕਸ਼ਾ, ਮਿਲੀ ਸਖਤ ਚਿਤਾਵਨੀ

ਨਵੀਂ ਦਿੱਲੀ/ਕਾਠਮੰਡੂ- ਭਾਰਤ ਦੇ ਸਖ਼ਤ ਵਿਰੋਧ ਦੇ ਬਾਵਜੂਦ ਨੇਪਾਲ ਆਪਣੇ ਅਪਡੇਟ ਕੀਤੇ ਨਕਸ਼ੇ ਨੂੰ ਲੈ ਕੇ ਆਪਣੇ ਰੁਖ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਨੇਪਾਲ ਦੇ ਕੇਂਦਰੀ ਬੈਂਕ (ਨੇਪਾਲ ਰਾਸ਼ਟਰ ਬੈਂਕ- NRB) ਨੇ ਵੀਰਵਾਰ ਨੂੰ 100 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਦੇਸ਼ ਦਾ ਸੋਧਿਆ ਹੋਇਆ ਨਕਸ਼ਾ ਛਪਿਆ ਹੈ। ਇਸ ਨਵੇਂ ਨਕਸ਼ੇ ਵਿੱਚ ਕਾਲਾਪਾਣੀ, ਲਿਪੂਲੇਖ ਅਤੇ ਲਿੰਪੀਆਧੁਰਾ ਵਰਗੇ ਵਿਵਾਦਿਤ ਖੇਤਰਾਂ ਨੂੰ ਇੱਕ ਵਾਰ ਫਿਰ ਨੇਪਾਲ ਦਾ ਹਿੱਸਾ ਦੱਸਿਆ ਗਿਆ ਹੈ। ਭਾਰਤ ਲਗਾਤਾਰ ਇਨ੍ਹਾਂ ਤਿੰਨਾਂ ਖੇਤਰਾਂ 'ਤੇ ਆਪਣਾ ਦਾਅਵਾ ਕਰਦਾ ਰਿਹਾ ਹੈ।
ਭਾਰਤ ਨੇ ਦੱਸਿਆ ਸੀ 'ਇੱਕਪਾਸੜ ਕਦਮ'
ਨਵਾਂ ਨਕਸ਼ਾ ਜਾਰੀ ਕਰਨ ਦਾ ਇਹ ਫੈਸਲਾ ਉਸ ਸਮੇਂ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਹੋਇਆ ਸੀ, ਜਦੋਂ ਮਈ 2020 ਵਿੱਚ ਸੰਸਦ ਦੀ ਪ੍ਰਵਾਨਗੀ ਤੋਂ ਬਾਅਦ ਨੇਪਾਲ ਨੇ ਆਪਣੇ ਨਕਸ਼ੇ ਨੂੰ ਅਪਡੇਟ ਕੀਤਾ ਸੀ। ਇਸ 'ਤੇ ਭਾਰਤ ਨੇ 2020 ਵਿੱਚ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ ਅਤੇ ਇਸ ਨੂੰ 'ਇੱਕਪਾਸੜ ਕਦਮ' ਦੱਸਿਆ ਸੀ। ਭਾਰਤ ਨੇ ਉਸ ਸਮੇਂ ਚੇਤਾਵਨੀ ਦਿੱਤੀ ਸੀ ਕਿ ਇਸ ਪ੍ਰਕਾਰ ਦਾ 'ਨਕਲੀ ਵਿਸਤਾਰ' ਸਵੀਕਾਰ ਨਹੀਂ ਕੀਤਾ ਜਾਵੇਗਾ। ਨੇਪਾਲ ਰਾਸ਼ਟਰ ਬੈਂਕ ਦੇ ਇੱਕ ਬੁਲਾਰੇ ਨੇ ਇਸ ਮਾਮਲੇ 'ਤੇ ਕਿਹਾ ਕਿ ਪੁਰਾਣੇ 100 ਰੁਪਏ ਦੇ ਨੋਟ ਵਿੱਚ ਵੀ ਇਹ ਨਕਸ਼ਾ ਮੌਜੂਦ ਸੀ, ਪਰ ਇਸ ਨੂੰ ਸਰਕਾਰ ਦੇ ਫੈਸਲੇ ਅਨੁਸਾਰ ਸੋਧਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ 10, 50, 500 ਅਤੇ 1000 ਰੁਪਏ ਵਰਗੇ ਹੋਰ ਨੋਟਾਂ ਵਿੱਚ ਦੇਸ਼ ਦਾ ਨਕਸ਼ਾ ਨਹੀਂ ਛਾਪਿਆ ਜਾਂਦਾ, ਸਿਰਫ਼ 100 ਰੁਪਏ ਦੇ ਨੋਟ 'ਤੇ ਹੀ ਨਕਸ਼ਾ ਛਾਪਿਆ ਜਾਂਦਾ ਹੈ।
ਕਿਸ ਤਰ੍ਹਾਂ ਦਾ ਹੈ ਨਵਾਂ ਨੋਟ?
ਰਿਪੋਰਟਾਂ ਮੁਤਾਬਕ ਨਵੇਂ 100 ਰੁਪਏ ਦੇ ਨੋਟ 'ਤੇ ਕਈ ਖਾਸ ਵਿਸ਼ੇਸ਼ਤਾਵਾਂ ਹਨ: ਨੋਟ ਦੇ ਖੱਬੇ ਪਾਸੇ ਮਾਊਂਟ ਐਵਰੈਸਟ ਦੀ ਤਸਵੀਰ ਹੈ, ਜਦੋਂ ਕਿ ਸੱਜੇ ਪਾਸੇ ਨੇਪਾਲ ਦੇ ਰਾਸ਼ਟਰੀ ਫੁੱਲ ਲਾਲ ਬੁਰਾਂਸ਼ ਦਾ ਵਾਟਰਮਾਰਕ ਹੈ। ਨੋਟ ਦੇ ਕੇਂਦਰ ਵਿੱਚ ਹਲਕੇ ਹਰੇ ਰੰਗ ਵਿੱਚ ਨੇਪਾਲ ਦਾ ਨਕਸ਼ਾ ਛਪਿਆ ਹੋਇਆ ਹੈ। ਨਕਸ਼ੇ ਦੇ ਨੇੜੇ ਅਸ਼ੋਕ ਸਤੰਭ ਵੀ ਛਾਪਿਆ ਗਿਆ ਹੈ, ਜਿਸ ਦੇ ਹੇਠਾਂ ਲਿਖਿਆ ਹੈ: 'ਲੁੰਬੀਨੀ- ਭਗਵਾਨ ਬੁੱਧ ਦੀ ਜਨਮ ਭੂਮੀ'। ਨੋਟ ਦੇ ਪਿਛਲੇ ਪਾਸੇ ਇੱਕ ਸਿੰਗ ਵਾਲੇ ਗੈਂਡੇ ਦੀ ਤਸਵੀਰ ਹੈ। ਨੋਟ ਵਿੱਚ ਸੁਰੱਖਿਆ ਧਾਗਾ ਅਤੇ ਇੱਕ ਉੱਭਰਿਆ ਹੋਇਆ ਕਾਲਾ ਬਿੰਦੂ ਵੀ ਹੈ, ਜਿਸ ਨਾਲ ਨੇਤਰਹੀਣ ਲੋਕ ਇਸਨੂੰ ਪਛਾਣ ਸਕਦੇ ਹਨ।
ਜ਼ਿਕਰਯੋਗ ਹੈ ਕਿ ਨੇਪਾਲ ਦੀ ਭਾਰਤ ਨਾਲ 1850 ਕਿਲੋਮੀਟਰ ਤੋਂ ਵੱਧ ਲੰਬੀ ਸਰਹੱਦ ਲੱਗਦੀ ਹੈ, ਜੋ ਸਿੱਕਮ, ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਰਾਜਾਂ ਵਿੱਚੋਂ ਲੰਘਦੀ ਹੈ


author

Aarti dhillon

Content Editor

Related News