ਨੇਪਾਲ ''ਚ 2 ਭਾਰਤੀ ਨਾਗਰਿਕ ਗ੍ਰਿਫਤਾਰ

Wednesday, Aug 07, 2019 - 08:17 PM (IST)

ਨੇਪਾਲ ''ਚ 2 ਭਾਰਤੀ ਨਾਗਰਿਕ ਗ੍ਰਿਫਤਾਰ

ਕਾਠਮੰਡੂ— ਨੇਪਾਲ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ 'ਚ 2 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸਥਾਨਕ ਵਿਅਕਤੀ ਦੇ ਕਤਲ ਦੀ ਸਾਜ਼ਿਸ਼ ਦੇ ਦੋਸ਼ 'ਚ ਭਾਰਤ ਦੇ ਇਕ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਦੂਜੇ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ 'ਚ ਬੰਦੀ ਬਣਾਇਆ ਗਿਆ ਹੈ।

ਪੁਲਸ ਨੇ ਦੱਸਿਆ ਕਿ ਬਿਹਾਰ ਦੇ ਸੀਤਾਮੜੀ ਇਲਾਕੇ ਦੇ ਰਹਿਣ ਵਾਲੇ 19 ਸਾਲ ਦੇ ਕੁਨਾਲ ਕੁਮਾਰ ਨੂੰ ਬਿਰਾਟਨਗਰ ਇਲਾਕੇ ਦੇ ਮੈਟ੍ਰੋ ਸਿਟੀ ਹੋਟਲ ਤੋਂ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦੇ ਮੁਤਾਬਕ ਕੁਮਾਰ ਦੇ ਕਬਜ਼ੇ 'ਚੋਂ ਦੋ ਪਿਸਤੌਲਾਂ, ਚਾਰ ਮੈਗਜ਼ੀਨ ਤੇ 8 ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਨੇ ਸਾਜ਼ਿਸ਼ 'ਚ ਸ਼ਾਮਲ ਹੋਣ ਦੇ ਦੋਸ਼ 'ਚ ਕੁਮਾਰ ਦੇ ਨਾਲ ਮੰਨੂ ਗੁਪਤਾ ਨੂੰ ਵੀ ਗ੍ਰਿਫਤਾਰ ਕੀਤਾ ਹੈ। ਉਹ ਬਿਰਾਟਨਗਰ ਦਾ ਰਹਿਣ ਵਾਲਾ ਹੈ। ਨੇਪਾਲ ਪੁਲਸ ਦੇ ਮੁਤਾਬਕ ਗੁਪਤਾ ਨੇ ਕਤਲ ਦੀ ਕਥਿਤ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਕੁਮਾਰ ਤੇ ਦੋ ਹੋਰਾਂ ਰਾਕੇਸ਼ ਝਾ ਤੇ ਨੇਪਾਲ 'ਚ ਸਾਰਾਲਾਹੀ ਦੇ ਰਹਿਣ ਵਾਲੇ ਨਾਰਾਇਣ ਝਾ ਨੂੰ ਸੁਪਾਰੀ ਦਿੱਤੀ ਸੀ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਉਥੇ ਹੀ ਦੂਜੇ ਮਾਮਲੇ 'ਚ ਪੁਲਸ ਨੇ ਰਾਜਸਥਾਨ ਦੇ ਰਹਿਣ ਵਾਲੇ 25 ਸਾਲ ਦੇ ਰਾਹੁਲ ਕੁਮਾਰ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ। ਉਨ੍ਹਾਂ ਦੀ ਗ੍ਰਿਫਤਾਰੀ ਕਾਠਮੰਡੂ ਦੇ ਬਾਹਰੀ ਇਲਾਕੇ ਬਲਖੂ ਤੋਂ ਹੋਈ ਹੈ। ਪੁਲਸ ਨੇ ਉਸ ਦੇ ਕੋਲੋਂ ਨਸ਼ੀਲੇ ਪਰਾਦਥ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ।


author

Baljit Singh

Content Editor

Related News