ਆਸਟ੍ਰੇਲੀਆ 'ਚ ਸਮੋਕਿੰਗ ਕਾਰਨ ਹਰ ਰੋਜ਼ ਮਰ ਰਹੇ ਨੇ 17 ਲੋਕ
Thursday, Jul 04, 2019 - 02:18 PM (IST)

ਕੈਨਬਰਾ— ਸਮੋਕਿੰਗ ਕਾਰਨ ਦਿਲ ਦੀਆਂ ਬੀਮਾਰੀਆਂ ਲੱਗਦੀਆਂ ਹਨ, ਜਿਸ ਕਾਰਨ ਆਸਟ੍ਰੇਲੀਆ 'ਚ ਹਰ ਰੋਜ਼ 17 ਲੋਕਾਂ ਦੀ ਮੌਤ ਹੋ ਰਹੀ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੀ ਇਕ ਟੀਮ ਨੇ ਵੀਰਵਾਰ ਨੂੰ ਜਾਰੀ ਆਪਣੇ ਅਧਿਐਨ 'ਚ ਦੱਸਿਆ ਕਿ ਸਮੋਕਿੰਗ ਕਰਨ ਵਾਲੇ ਲੋਕਾਂ 'ਚ ਕਾਰਡੀਓਵੈਸਕੁਲਰ ਕਾਰਨ ਮਰਨ ਦਾ ਖਤਰਾ 3 ਗੁਣਾ ਵਧ ਜਾਂਦਾ ਹੈ ਅਤੇ ਦਿਲ ਦਾ ਦੌਰਾ ਪੈਣ ਨਾਲ ਮਰਨ ਦਾ ਖਤਰਾ ਦੋ ਗੁਣਾ ਵਧੇਰੇ ਹੋ ਜਾਂਦਾ ਹੈ।
'ਨੈਸ਼ਨਲ ਸੈਂਟਰ ਫਾਰ ਐਪਿਡੇਮਿਓਲਾਜੀ ਐਂਡ ਪਾਪੁਲੇਸ਼ਨ ਹੈਲਥ' ਦੀ ਐਮਿਲੀ ਬੈਂਕਸ ਦੀ ਅਗਵਾਈ ਹੇਠ ਰਿਸਰਚ ਟੀਮ ਨੇ ਕਾਰਡੀਓਵੈਸਕੁਲਰ ਨਾਲ ਸਬੰਧਤ 36 ਤਰ੍ਹਾਂ ਦੀਆਂ ਬੀਮਾਰੀਆਂ ਲਈ 1,90,000 ਆਸਟ੍ਰੇਲੀਆਈ ਲੋਕਾਂ 'ਤੇ 7 ਸਾਲ ਤਕ ਅਧਿਐਨ ਕੀਤਾ। ਉਨ੍ਹਾਂ ਨੂੰ ਪਤਾ ਲੱਗਾ ਕਿ ਸਮੋਕਿੰਗ ਕਾਰਨ ਹਰ ਸਾਲ ਦਿਲ ਦੀਆਂ ਬੀਮਾਰੀਆਂ ਕਾਰਨ 6400 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਜਾਂਦੀ ਹੈ, ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ। ਬੈਂਕਸ ਨੇ ਦੱਸਿਆ ਕਿ ਅਧਿਐਨ ਦੌਰਾਨ ਗਰੀਬ-ਅਮੀਰ, ਮਹਿਲਾ-ਪੁਰਸ਼, ਸ਼ਹਿਰ-ਪਿੰਡ ਆਦਿ ਦਾ ਭੇਦ-ਭਾਵ ਕੀਤੇ ਬਗੈਰ ਹਰ ਵਰਗ ਦੇ ਲੋਕਾਂ 'ਤੇ ਰਿਸਰਚ ਕੀਤੀ ਗਈ ਤੇ ਦੇਖਿਆ ਗਿਆ ਕਿ ਸਮੋਕਿੰਗ ਕਾਰਨ ਦਿਲ ਦਾ ਦੌਰਾ, ਦਿਲ ਦਾ ਕੰਮ ਨਾ ਕਰਨਾ, ਦਿਲ ਦੀਆਂ ਮਾਸ ਪੇਸ਼ੀਆਂ ਦੀ ਬੀਮਾਰੀ ਅਤੇ ਗੈਂਗ੍ਰੀਨ ਵਰਗੀਆਂ ਬੀਮਾਰੀਆਂ ਹੁੰਦੀਆਂ ਹਨ।
ਆਸਟ੍ਰੇਲੀਆ 'ਚ ਫਿਲਹਾਲ ਲਗਭਗ 27 ਲੱਖ ਲੋਕ ਸਮੋਕਿੰਗ ਕਰਦੇ ਹਨ। ਇਹ ਸਥਿਤੀ ਕਾਫੀ ਚਿੰਤਾਜਨਕ ਹੈ। ਬੈਂਕਸ ਨੇ ਕਿਹਾ ਕਿ ਜਿਹੜੇ ਲੋਕ ਸਮੋਕਿੰਗ ਛੱਡ ਦਿੰਦੇ ਹਨ, ਉਨ੍ਹਾਂ ਦੇ ਬਚਣ ਦੀ ਉਮੀਦ ਵਧੇਰੇ ਹੁੰਦੀ ਹੈ। ਸਮੋਕਿੰਗ ਛੁਡਾਉਣ ਵਾਲੇ ਇਕ ਸੰਗਠਨ 'ਕੁਇਟ ਵਿਕਟੋਰੀਆ' ਦੀ ਸਾਰਾਹ ਵ੍ਹਾਈਟ ਨੇ ਦੱਸਿਆ ਕਿ ਕਿਸੇ ਵੀ ਉਮਰ 'ਚ ਸਮੋਕਿੰਗ ਛੱਡਣਾ ਸਿਹਤ ਲਈ ਲਾਭਦਾਇਕ ਹੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ 45 ਦੀ ਉਮਰ ਤਕ ਸਮੋਕਿੰਗ ਛੱਡਣ ਨਾਲ ਬੀਮਾਰੀ ਦਾ ਖਤਰਾ 90 ਫੀਸਦੀ ਤਕ ਘੱਟ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਦੇ-ਕਦੇ ਸਮੋਕਿੰਗ ਕਰਨ ਵਾਲੇ ਵੀ ਬੀਮਾਰੀਆਂ ਦੇ ਖਤਰੇ 'ਚ ਹੁੰਦੇ ਹਨ।