ਦੇਸ਼ ਦੀ ਸਭ ਤੋਂ ਵੱਡੀ ਜੇਲ੍ਹ ''ਚ ਭਿੜ ਗਏ ਕੈਦੀ, 15 ਜਣਿਆ ਦੀ ਹੋਈ ਮੌਤ
Wednesday, Nov 13, 2024 - 04:05 PM (IST)
ਕੁਇਟੋ : ਇਕਵਾਡੋਰ ਦੀ ਸਭ ਤੋਂ ਵੱਡੀ ਜੇਲ੍ਹ ਵਿਚ ਕੈਦੀਆਂ ਵਿਚਾਲੇ ਝੜਪ ਵਿਚ ਘੱਟ ਤੋਂ ਘੱਟ 15 ਕੈਦੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਸਿਨਹੂਆ ਸਮਾਚਾਰ ਏਜੰਸੀ ਨੇ ਰਾਸ਼ਟਰੀ ਜੇਲ੍ਹ ਪ੍ਰਸ਼ਾਸਨ ਏਜੰਸੀ ਐੱਸਐੱਨਏਆਈ ਦੇ ਹਵਾਲੇ ਨਾਲ ਦੱਸਿਆ ਕਿ ਹਿੰਸਾ ਮੰਗਲਵਾਰ ਸਵੇਰੇ ਦੱਖਣ-ਪੱਛਮੀ ਸ਼ਹਿਰ ਗੁਆਯਾਕਿਲ 'ਚ ਲਿਟੋਰਲ ਪੈਨਟੈਂਟਰੀ ਦੇ ਇੱਕ ਵਿੰਗ 'ਚ ਸ਼ੁਰੂ ਹੋਈ।
ਏਜੰਸੀ ਨੇ ਕਿਹਾ ਕਿ ਸੁਰੱਖਿਆ ਬਲਾਕ (ਪੁਲਸ ਅਤੇ ਹਥਿਆਰਬੰਦ ਬਲਾਂ) ਨੇ ਪੂਰਾ ਨਿਯੰਤਰਣ ਲੈਣ ਅਤੇ ਵੱਡੇ ਪੱਧਰ 'ਤੇ ਖੋਜ ਮੁਹਿੰਮ ਨੂੰ ਸਰਗਰਮ ਕਰਨ ਲਈ ਤੁਰੰਤ ਕਾਰਵਾਈ ਕੀਤੀ। ਇਸ ਦੌਰਾਨ ਹੋਏ ਖੂਨ ਖਰਾਬੇ ਦੀ ਜਾਂਚ ਕੀਤੀ ਜਾ ਰਹੀ ਹੈ। ਲਿਟੋਰਲ ਪੈਨਟੈਂਟਰੀ ਮੁਤਾਬਕ ਸੰਗਠਿਤ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸਮੂਹਾਂ ਨਾਲ ਜੁੜੇ ਕੈਦੀਆਂ ਵਿਚਕਾਰ ਇਹ ਝੜਪਾਂ ਹੋਈਆਂ। ਸਰਕਾਰੀ ਅੰਕੜਿਆਂ ਅਨੁਸਾਰ ਫਰਵਰੀ 2021 ਤੋਂ ਹੁਣ ਤੱਕ ਅਜਿਹੀਆਂ ਘਟਨਾਵਾਂ ਵਿੱਚ 400 ਤੋਂ ਵੱਧ ਕੈਦੀ ਮਾਰੇ ਜਾ ਚੁੱਕੇ ਹਨ।