ਅਮਰੀਕਾ ''ਚ ਪੁਲਸ ਦੀ ਗੋਲੀ ਲੱਗਣ ਨਾਲ 14 ਸਾਲਾ ਕੁੜੀ ਦੀ ਮੌਤ
Friday, Dec 24, 2021 - 01:20 PM (IST)
ਲਾਸ ਏਂਜਲਸ (ਭਾਸ਼ਾ)- ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਪੁਲਸ ਦੀ ਗੋਲੀ ਅਚਾਨਕ ਇੱਕ 14 ਸਾਲਾ ਕੁੜੀ ਦੀ ਲੱਗ ਗਈ, ਜਿਸ ਮਗਰੋਂ ਉਸ ਦੀ ਮੌਤ ਹੋ ਗਈ। ਪੁਲਸ ਨੇ ਇੱਕ ਸ਼ੱਕੀ 'ਤੇ ਗੋਲੀਬਾਰੀ ਕੀਤੀ ਸੀ ਜਿਸ ਨੇ ਪਹਿਲਾਂ ਇੱਕ ਔਰਤ ਨਾਲ ਕੁੱਟਮਾਰ ਕੀਤੀ ਸੀ। ਪੁਲਸ ਵੀਰਵਾਰ ਨੂੰ ਕੱਪੜਿਆਂ ਦੀ ਦੁਕਾਨ 'ਤੇ ਸ਼ੱਕੀ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਪੁਲਸ ਵਲੋਂ ਚਲਾਈ ਗਈ ਗੋਲੀ 'ਡਰੈਸਿੰਗ ਰੂਮ' 'ਚ ਕੁੜੀ ਨੂੰ ਲੱਗ ਗਈ।
ਪੜ੍ਹੋ ਇਹ ਅਹਿਮ ਖਬਰ- ਕਾਬੁਲ 'ਚ ਫਸਿਆ 2 ਸਾਲ ਦਾ ਮਾਸੂਮ, ਮਾਪਿਆਂ ਨੇ ਬਾਈਡੇਨ ਸਰਕਾਰ ਤੋਂ ਲਾਈ ਗੁਹਾਰ
ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਪੁਰਸ਼ ਸ਼ੱਕੀ ਨੂੰ ਵੀ ਮਾਰ ਦਿੱਤਾ ਹੈ। ਪੁਰਸ਼ ਅਤੇ ਕੁੜੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਜਿਹੜੀ ਔਰਤ ਨਾਲ ਕੁੱਟਮਾਰ ਕੀਤੀ ਗਈ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੈਨ ਫਰਨਾਂਡੋ ਵੈਲੀ ਦੇ ਉੱਤਰੀ ਹਾਲੀਵੁੱਡ ਖੇਤਰ ਵਿਚ ਬਰਲਿੰਗਟਨ ਸਟੋਰ 'ਤੇ ਰਾਤ ਕਰੀਬ 12:45 ਵਜੇ ਗੋਲੀਬਾਰੀ ਕੀਤੀ ਗਈ। ਲਾਸ ਏਂਜਲਸ ਪੁਲਸ ਕਪਤਾਨ ਸਟੈਸੀ ਸਪੈਲ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਪੁਲਸ ਨੂੰ ਇੱਕ ਔਰਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਅਤੇ ਗੋਲੀ ਚਲਾਉਣ ਦੀ ਰਿਪੋਰਟ ਮਿਲੀ ਸੀ। ਜਦੋਂ ਅਧਿਕਾਰੀਆਂ ਨੇ ਸ਼ੱਕੀ ਵਿਅਕਤੀ ਨੂੰ ਕਿਸੇ ਹੋਰ ਵਿਅਕਤੀ 'ਤੇ ਹਮਲਾ ਕਰਦੇ ਦੇਖਿਆ ਤਾਂ ਉਨ੍ਹਾਂ ਨੇ ਉਸ 'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਲਾਸ ਏਂਜਲਸ ਪੁਲਸ ਵਿਭਾਗ ਦੇ ਸਹਾਇਕ ਮੁਖੀ ਡੋਮਿਨਿਕ ਚੋ ਮੁਤਾਬਕ ਗੋਲੀਬਾਰੀ ਦੌਰਾਨ 'ਡਰੈਸਿੰਗ ਰੂਮ' ਵਿੱਚ ਗੋਲੀ ਇੱਕ ਨਾਬਾਲਗਾ ਨੂੰ ਲੱਗੀ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ H-1B ਅਤੇ ਦੂਜੇ ਵਰਕ ਵੀਜ਼ਾ ਬਿਨੈਕਾਰਾਂ ਨੂੰ ਦਿੱਤੀ ਵੱਡੀ ਰਾਹਤ, ਭਾਰਤੀਆਂ ਨੂੰ ਹੋਵੇਗਾ ਫਾਇਦਾ