ਪਾਕਿਸਤਾਨ : 1200 ਸਾਲ ਪੁਰਾਣਾ ਹਿੰਦੂ ਮੰਦਰ ਸ਼ਰਧਾਲੂਆਂ ਲਈ ਖੁੱਲ੍ਹਿਆ
Thursday, Aug 04, 2022 - 05:50 PM (IST)
ਲਾਹੌਰ (ਭਾਸ਼ਾ)– ਪਾਕਿਸਤਾਨ ਦੇ ਪੰਜਾਬ ਸੂਬੇ ’ਚ 1200 ਸਾਲ ਪੁਰਾਣੇ ਹਿੰਦੂ ਮੰਦਰ ਨੂੰ ਗੈਰ-ਕਾਨੂੰਨੀ ਕਬਜ਼ੇਦਾਰਾਂ ਤੋਂ ਮੁਕਤ ਕਰਵਾ ਕੇ ਰਸਮੀ ਤੌਰ ’ਤੇ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਕ ਫੈਡਰਲ ਸੰਸਥਾ ਨੇ ਦੱਸਿਆ ਕਿ ਇਕ ਈਸਾਈ ਪਰਿਵਾਰ ਨਾਲ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਇਸ ਮੰਦਰ ਨੂੰ ਖਾਲੀ ਕਰਵਾਇਆ ਗਿਆ।
ਪਾਕਿਸਤਾਨ ’ਚ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਸੰਭਾਲ ਰਹੀ ਫੈਡਰਲ ਬਾਡੀ ਏਕ੍ਰਾਂਟ ਟਰੱਸਟ ਐਸੇਟ ਬੋਰਡ (ਈ. ਟੀ. ਪੀ. ਬੀ.) ਨੇ ਲਾਹੌਰ ਦੇ ਪ੍ਰਸਿੱਧ ਅਨਾਰਕਲੀ ਬਾਜ਼ਾਰ ਸਥਿਤ ਵਾਲਮੀਕਿ ਮੰਦਰ ਦਾ ਕਬਜ਼ਾ ਪਿਛਲੇ ਮਹੀਨੇ ਆਪਣੇ ਹੱਥ ’ਚ ਲਿਆ। ਇਸ ’ਤੇ ਬੀਤੇ ਦੋ ਦਹਾਕਿਆਂ ਤੋਂ ਇਕ ਈਸਾਈ ਪਰਿਵਾਰ ਦਾ ਕਬਜ਼ਾ ਸੀ।
ਇਹ ਖ਼ਬਰ ਵੀ ਪੜ੍ਹੋ : ਸੁਨਕ ਨੂੰ ਝਟਕਾ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਦੂਜੇ ਪੋਲ 'ਚ ਲਿਜ਼ ਟਰਸ ਅੱਗੇ
ਕ੍ਰਿਸ਼ਣਾ ਮੰਦਰ ਤੋਂ ਇਲਾਵਾ ਵਾਲਮੀਕਿ ਮੰਦਰ ਲਾਹੌਰ ਦਾ ਇਕੋ ਇਕ ਮੰਦਰ ਹੈ, ਜਿਸ ’ਚ ਇਸ ਸਮੇਂ ਪੂਜਾ-ਅਰਚਨਾ ਹੋ ਰਹੀ ਹੈ। ਮੰਦਰ ’ਤੇ ਕਬਜ਼ਾ ਕਰਨ ਵਾਲਾ ਈਸਾਈ ਪਰਿਵਾਰ ਦਾਅਵਾ ਕਰ ਰਿਹਾ ਸੀ ਕਿ ਉਸ ਨੇ ਹਿੰਦੂ ਧਰਮ ਅਪਣਾ ਲਿਆ ਹੈ ਤੇ ਬੀਤੇ ਦੋ ਦਹਾਕਿਆਂ ਤੋਂ ਹਿੰਦੂ ਧਰਮ ਦੇ ਸਿਰਫ ਵਾਲਮੀਕਿ ਜਾਤੀ ਦੇ ਲੋਕਾਂ ਨੂੰ ਹੀ ਪੂਜਾ-ਅਰਚਨਾ ਦੀ ਇਜਾਜ਼ਤ ਦੇ ਰਿਹਾ ਸੀ। ਈ. ਟੀ. ਪੀ. ਬੀ. ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦੱਸਿਆ ਕਿ ਵਾਲਮੀਕਿ ਮੰਦਰ ਦਾ ਬੁੱਧਵਾਰ ਨੂੰ ਅਧਿਕਾਰਕ ਉਦਘਾਟਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਲਗਭਗ 100 ਹਿੰਦੂਆਂ ਦੇ ਨਾਲ-ਨਾਲ ਕੁਝ ਸਿੱਖ, ਈਸਾਈ ਤੇ ਮੁਸਲਿਮ ਨੇਤਾ ਮੌਜੂਦ ਸਨ। ਹਾਸ਼ਮੀ ਨੇ ਵੀਰਵਾਰ ਨੂੰ ਗੱਲਬਾਤ ਦੌਰਾਨ ਕਿਹਾ ਕਿ ਹਿੰਦੂ ਸ਼ਰਧਾਲੂਆਂ ਨੇ ਮੰਦਰ ’ਤੇ ਕਬਜ਼ਾ ਪਾਉਣ ਤੋਂ ਬਾਅਦ ਪਹਿਲੀ ਵਾਰ ਉਸ ’ਚ ਧਾਰਮਿਕ ਰੀਤੀ-ਰਿਵਾਜ਼ ਨਿਭਾਏ ਗਏ ਤੇ ਲੰਗਰ ਦਾ ਆਯੋਜਨ ਕੀਤਾ ਗਿਆ। ਬੁਲਾਰੇ ਨੇ ਕਿਹਾ, ‘‘ਵਾਲਮੀਕਿ ਮੰਦਰ ਦਾ ਆਉਣ ਵਾਲੇ ਦਿਨਾਂ ’ਚ ਮਾਸਟਰ ਪਲਾਨ ਮੁਤਾਬਕ ਪੂਰੀ ਤਰ੍ਹਾਂ ਨਾਲ ਮੁੜ ਨਿਰਮਾਣ ਕੀਤਾ ਜਾਵੇਗਾ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।