ਇਟਲੀ ‘ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 12 ਲੋਕਾਂ ਦੀ ਮੌਤ

Thursday, Feb 27, 2020 - 08:34 AM (IST)

ਇਟਲੀ ‘ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 12 ਲੋਕਾਂ ਦੀ ਮੌਤ

ਰੋਮ,(ਕੈਂਥ)- ਇਟਲੀ ਵਿਚ ਕੋਰੋਨਾ ਵਾਇਰਸ ਨੇ 10 ਸੂਬਿਆਂ ਦੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਹੁਣ ਤਕ 12 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 370 ਲੋਕ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ। ਸਿਵਲ ਸੁਰੱਖਿਆ ਵਿਭਾਗ ਦੇ ਮੁਖੀ ਅਤੇ ਕੋਰੋਨਾ ਵਾਇਰਸ ਐਮਰਜੈਂਸੀ ਦੇ ਆਸਧਾਰਨ ਕਮਿਸ਼ਨਰ ਆਜੋਲੀਨਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਇਟਲੀ ਦਾ ਉੱਤਰੀ ਖੇਤਰ ਜਿੱਥੇ 21 ਫਰਵਰੀ ਨੂੰ ਪਹਿਲੀ ਵਾਰ ਇਸ ਮਹਾਮਾਰੀ ਦੀ ਸ਼ੁਰੂਆਤ ਹੋਈ ਸੀ ਤੇ ਸਰਕਾਰ ਨੇ ਕੁੱਲ 11 ਸ਼ਹਿਰਾਂ ਨੂੰ ਤਾਲਾਬੰਦੀ ਹੇਠ ਰੱਖਿਆ ਹੈ, ਜਿਨ੍ਹਾਂ ਵਿਚ 10 ਲੋਮਬਾਰਦੀਆ ਅਤੇ ਇਕ ਵੇਨਤੋ ਖੇਤਰ ਵੀ ਹੈ।

ਕੋਰੋਨਾ ਵਾਇਰਸ ਦੇ ਪੋਜ਼ੀਟਿਵ ਟੈਸਟ ਵਾਲਿਆਂ ਵਿਚ 240 ਲੋਮਬਾਰਦੀਆ ਦੇ, ਵੇਨਤੋ ਦੇ 43, ਐਮੀਲੀਆ ਰੋਮਾਨਾ ਦੇ 26, ਪਿਡਮਾਂਟ ਦੇ 3, ਲਾਸੀਓ ਖੇਤਰ ਦੇ  3, ਸਿਸਲੀ ਦੇ 3, ਟਸਕਨੀ ਦੇ 2, ਲਾਗੂਰੀਆ ਤੇ ਬੋਲਜਾਨਾ ਦੇ ਇਕ-ਇਕ ਮਰੀਜ਼ ਹਨ। ਕੋਰੋਨਾ ਵਾਇਰਸ ਨੇ 37 ਦੇਸ਼ਾਂ ਵਿਚ 80,000 ਤੋਂ ਵਧ ਲੋਕਾਂ ਨੂੰ ਇਨਫੈਕਟਡ ਕੀਤਾ ਹੈ ਜਿਸ ਨਾਲ ਪਿਛਲੇ ਕੁਝ ਮਹੀਨਿਆਂ ਵਿਚ 2,700 ਤੋਂ ਵਧ ਮੌਤਾਂ ਹੋਈਆਂ ਹਨ।


Related News