ਪਾਕਿਸਤਾਨ 'ਚ 12 ਗਰਲਜ਼ ਸਕੂਲਾਂ ਨੂੰ ਲਗਾਈ ਗਈ ਅੱਗ
Friday, Aug 03, 2018 - 03:48 PM (IST)

ਕਰਾਚੀ, (ਭਾਸ਼ਾ) — ਪਾਕਿਸਤਾਨ ਦੇ ਅਸ਼ਾਂਤ ਗਿਲਗਿਤ-ਬਾਲਤਿਸਤਾਨ 'ਚ ਅਣਪਛਾਤੇ ਵਿਅਕਤੀਆਂ ਨੇ 12 ਗਰਲਜ਼ ਸਕੂਲਾਂ ਨੂੰ ਅੱਗ ਲਗਾ ਦਿੱਤੀ , ਜਿਸ ਦੇ ਬਾਅਦ ਸਥਾਨਕ ਲੋਕਾਂ ਨੇ ਸਕੂਲਾਂ ਦੀ ਸੁਰੱਖਿਆ ਲਈ ਪ੍ਰਦਰਸ਼ਨ ਕੀਤਾ। ਲੋਕਾਂ ਨੇ ਦੱਸਿਆ ਕਿ ਅੱਤਵਾਦੀਆਂ ਵਲੋਂ ਹਮੇਸ਼ਾ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਖਬਰਾਂ ਮੀਡੀਆ ਵਲੋਂ ਜਾਰੀ ਕੀਤੀਆਂ ਗਈਆਂ ਹਨ। ਪੁਲਸ ਨੇ ਦੱਸਿਆ ਕਿ ਗਿਲਗਿਤ ਤੋਂ ਤਕਰੀਬਨ 130 ਕਿਲੋਮੀਟਰ ਦੂਰ ਚਿਲਾਸ 'ਚ ਕੱਲ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਇਨ੍ਹਾਂ ਸਕੂਲਾਂ 'ਚ ਅੱਗ ਲਗਾ ਦਿੱਤੀ। ਉਨ੍ਹਾਂ ਨੇ ਪੂਰੇ ਡਾਇਮਰ ਜ਼ਿਲੇ 'ਚ ਸਕੂਲ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ।
ਪੁਲਸ ਅਧਿਕਾਰੀਆਂ ਦੇ ਹਵਾਲੇ ਤੋਂ ਮੀਡੀਆ 'ਚ ਖਬਰਾਂ ਆ ਰਹੀਆਂ ਹਨ ਕਿ ਦੋ ਸਕੂਲਾਂ 'ਚ ਧਮਾਕੇ ਵੀ ਕੀਤੇ ਗਏ ਹਨ। ਇਨ੍ਹਾਂ ਹਮਲਿਆਂ ਮਗਰੋਂ ਸਥਾਨਕ ਬਾਸ਼ਿੰਦਿਆਂ ਨੇ ਸਿੱਦਕੀ ਅਕਬਰ ਚੌਕ 'ਤੇ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਸਕੂਲਾਂ ਨੂੰ ਸੁਰੱਖਿਆ ਦੇਣ ਦੀ ਮੰਗ ਵੀ ਰੱਖੀ। ਪਾਕਿਸਤਾਨ ਦੇ ਉੱਤਰੀ ਹਿੱਸੇ 'ਚ ਗਰਲਜ਼ ਸਕੂਲ ਅਕਸਰ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਰਹੇ ਹਨ। ਪੁਲਸ ਨੇ ਦੋਸ਼ੀਆਂ ਨੂੰ ਫੜਨ ਲਈ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਲਾ ਪ੍ਰਸ਼ਾਸਨ ਮੁਤਾਬਕ ਇਹ ਸਕੂਲ ਨਿਰਮਾਣ ਅਧੀਨ ਸਨ। ਚਿਲਾਸ 'ਚ ਸਤੰਬਰ, 2011 'ਚ ਘੱਟ ਤੋਂ ਘੱਟ ਦੋ ਸਕੂਲਾਂ ਨੂੰ ਘੱਟ ਸਮਰੱਥਾ ਵਾਲੇ ਧਮਾਕਿਆਂ 'ਚ ਥੋੜ੍ਹਾ ਨੁਕਸਾਨ ਪੁੱਜਾ ਸੀ।