ਹਵਾ ਪ੍ਰਦੂਸ਼ਣ ਕਾਰਣ ਕੈਨੇਡਾ ’ਚ ਹਰ ਸਾਲ 1100 ਮੌਤਾਂ

Saturday, Aug 10, 2024 - 06:28 PM (IST)

ਸਰੀ- ਗੂਗਲ ’ਤੇ ਕੈਨੇਡਾ ਦੀਆਂ ਤਸਵੀਰਾਂ ਸਰਚ ਮਾਰਦੇ ਆਂ ਤਾਂ ਸਾਨੂੰ ਬਹੁਤ ਹੀ ਖ਼ੂਬਸੂਰਤ ਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ, ਜਿਵੇਂ ਕਿਸੇ ਜੰਨਤੀ ਸ਼ਹਿਰ ਦੀਆਂ ਹੋਣ। ਕੁੱਝ ਲੋਕਾਂ ਨੂੰ ਲੱਗਦਾ ਹੈ ਕਿ ਉੱਥੇ ਤਾਂ ਬਿਲਕੁਲ ਵੀ ਪ੍ਰਦੂਸ਼ਣ ਨਹੀਂ ਹੋਵੇਗਾ ਪਰ ਇਹ ਸੋਚਣਾ ਗ਼ਲਤ ਹੈ ਕਿਉਂਕਿ ਇਕ ਤਾਜ਼ਾ ਰਿਪੋਰਟ ਤੋਂ ਪਤਾ ਲੱਗਾ ਹੈ  ਕਿ ਕੈਨੇਡਾ ਵਿਚ ਹਰ ਸਾਲ ਪ੍ਰਦੂਸ਼ਣ ਦੇ ਕਾਰਨ ਲਗਭਗ 1100 ਲੋਕਾਂ ਦੀ ਮੌਤਾਂ ਹੋ ਰਹੀਆਂ ਹਨ।

ਕੁੱਝ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕੈਨੇਡਾ ਦਾ ਵਾਤਾਵਰਣ ਕਾਫ਼ੀ ਵਧੀਆ ਹੈ ਪਰ ਇਹ ਕਹਿਣਾ ਬਿਲਕੁਲ ਗ਼ਲਤ ਹੈ ਕਿ ਉੱਥੇ ਪ੍ਰਦੂਸ਼ਣ ਹੀ ਨਹੀਂ ਹੁੰਦਾ। ਕੁਝ ਖੋਜੀਆਂ ਦੀ ਰਿਪੋਰਟ ਮੁਤਾਬਕ ਕੈਨੇਡਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਵਿਚ ਹਰ ਸਾਲ ਅੰਦਾਜ਼ਨ 1100 ਲੋਕਾਂ ਦੀ ਮੌਤ ਵਾਹਨਾਂ ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਧੂੰਏ ਤੋਂ ਫੈਲ ਰਹੇ ਪ੍ਰਦੂਸ਼ਣ ਕਾਰਨ ਹੁੰਦੀ ਹੈ।

ਖੋਜਕਰਤਾਵਾਂ ਨੇ ਟੋਰਾਂਟੋ ਅਤੇ ਮਾਂਟਰੀਅਲ ਦੇ ਆਂਢ-ਗੁਆਂਢ ਵਿਚ 2001 ਅਤੇ 2016 ਦੇ ਵਿਚਕਾਰ ਹਵਾ ਪ੍ਰਦੂਸ਼ਣ ਦੇ ਪੱਧਰਾਂ ਦਾ ਪਤਾ ਲਗਾਇਆ ਸੀ ਜਿੱਥੇ ਕਿ ਕੁੱਲ 1.5 ਮਿਲੀਅਨ ਲੋਕਾਂ ਦੇ ਘਰ ਮੌਜੂਦ ਹਨ। ਇਸ ਦੌਰਾਨ ਖੋਜੀ ਟੀਮ ਵੱਲੋਂ ਅਲਟਰਾਫਾਈਨ ਕਣ ਦੇ ਸੰਪਰਕ ਅਤੇ ਮੌਤ ਦੇ ਜ਼ੋਖਮ ਦੇ ਵਿਚਕਾਰ ਸਬੰਧ ਦੀ ਗਣਨਾ ਕਰਨ ਲਈ ਅੰਕੜੇ ਇਕੱਠੇ ਕੀਤੇ ਗਏ ਪਰ ਜੋ ਸੱਚ ਸਾਹਮਣੇ ਆਇਆ ਹੈ ਉਹ ਹੈਰਾਨ ਕਰਨ ਵਾਲਾ ਹੈ।

ਅਮੈਰੀਕਨ ਜਰਨਲ ਆਫ ਰੈਸਪੀਰੇਟਰੀ ਐਂਡ ਕ੍ਰਿਟੀਕਲ ਕੇਅਰ ਮੈਡੀਸਨ ਵਿੱਚ ਪ੍ਰਕਾਸ਼ਿਤ ਇਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਅਲਟਰਾਫਾਈਨ ਕਣ ਵਜੋਂ ਜਾਣੇ ਜਾਂਦੇ ਇਹ ਕਣ ਜਦੋਂ ਵਿਅਕਤੀਆਂ ਦੇ ਸੰਪਰਕ ਵਿਚ ਲੰਬਾ ਸਮਾਂ ਰਹਿਣ ਲੱਗਦੇ ਹਨ ਤਾਂ ਇਹ ਖਾਸ ਤੌਰ ’ਤੇ ਸਾਹ ਅਤੇ ਕੋਰੋਨਰੀ ਆਰਟਰੀ ਵਰਗੀਆਂ ਬਿਮਾਰੀਆਂ ਦੇ ਨਾਲ-ਨਾਲ ਮੌਤ ਦਾ ਖ਼ਤਰਾ ਕਾਫ਼ੀ ਜ਼ਿਆਦਾ ਵਧ ਜਾਂਦਾ ਹੈ।

ਲੀਡ ਇਨਵੈਸਟੀਗੇਟਰ ਸਕੌਟ ਵੇਈਚੈਂਥਲ ਨੇ ਮੈਕਗਿਲ ਦੀ ਇਕ ਨਿਊਜ਼ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਇਹ ਕਣ ਬੇਹੱਦ ਛੋਟੇ ਅਕਾਰ ਦੇ ਹੁੰਦੇ ਹਨ ਜੋ ਮਨੁੱਖੀ ਸਰੀਰ ਵਿਚ ਡੂੰਘੇ ਪ੍ਰਵੇਸ਼ ਕਰ ਕੇ ਖੂਨ ਦੇ ਪ੍ਰਵਾਹ ਵਿਚ ਦਾਖਲ ਹੋ ਜਾਂਦੇ ਹਨ, ਜਿਸ ਕਾਰਨ ਮਨੁੱਖਾਂ ਵਿਚ ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਦੇ ਨਾਲ-ਨਾਲ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਜਦੋਂ ਵਿਅਕਤੀ ਇਨ੍ਹਾਂ ਬਿਮਾਰੀਆਂ ਦੀ ਲਪੇਟ ਵਿਚ ਆ ਜਾਂਦੇ ਹਨ ਤਾਂ ਉਨ੍ਹਾਂ ਵਿਚੋਂ ਬਹੁਤ ਸਾਰਿਆਂ ਦੀ ਮੌਤ ਵੀ ਹੋ ਜਾਂਦੀ ਹੈ।

ਅਧਿਐਨ ਕਰਨ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਫੈੱਡਰਲ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਨੂੰ ਅਲਟਰਾਫਾਈਨ ਕਣ ਦੀ ਰੋਕਥਾਮ ਲਈ ਹੱਦਾਂ ਤੈਅ ਕਰਨ ਦੀ ਬੇਹੱਦ ਸਖ਼ਤ ਲੋੜ ਹੈ, ਜਿਸ ਦੇ ਕਾਰਨ ਜ਼ਹਿਰੀਲਾ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਵੱਡੇ ਜੁਰਮਾਨਾ ਲਗਾਉਣ ਦਾ ਮਤਾ ਪੇਸ਼ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਵਿਚ ਵਧ ਰਹੇ ਮੌਤ ਦੇ ਇਸ ਜ਼ੋਖ਼ਮ ਨੂੰ ਘੱਟ ਕੀਤਾ ਜਾ ਸਕੇ ਪਰ ਦੇਖਣਾ ਹੋਵੇਗਾ ਕਿ ਕੈਨੇਡਾ ਸਰਕਾਰ ਵੱਲੋਂ ਇਸ ਮਾਮਲੇ ਵੱਲ ਕੋਈ ਧਿਆਨ ਦਿੱਤਾ ਜਾਵੇਗਾ ਜਾਂ ਨਹੀਂ। 


Sunaina

Content Editor

Related News