ਗਾਜ਼ਾ ਯੁੱਧ ਦੇ 100 ਦਿਨ ਪੂਰੇ, ਇਜ਼ਰਾਈਲੀ PM ਤੇ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਕਹੀਆਂ ਇਹ ਅਹਿਮ ਗੱਲਾਂ

Monday, Jan 15, 2024 - 10:58 AM (IST)

ਗਾਜ਼ਾ ਯੁੱਧ ਦੇ 100 ਦਿਨ ਪੂਰੇ, ਇਜ਼ਰਾਈਲੀ PM ਤੇ ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਕਹੀਆਂ ਇਹ ਅਹਿਮ ਗੱਲਾਂ

ਯੇਰੂਸ਼ਲਮ (ਆਈ.ਏ.ਐੱਨ.ਐੱਸ.) ਇਜ਼ਰਾਈਲ-ਹਮਾਸ ਦੇ ਖੂਨੀ ਸੰਘਰਸ਼ ਦੇ 100ਵੇਂ ਦਿਨ ਵਿੱਚ ਦਾਖਲ ਹੋਣ ਦੇ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ "ਪੂਰੀ ਜਿੱਤ" ਪ੍ਰਾਪਤ ਹੋਣ ਤੱਕ ਗਾਜ਼ਾ ਪੱਟੀ ਵਿੱਚ ਫੌਜੀ ਮੁਹਿੰਮ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ। ਉੱਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ 'ਬੰਧਕਾਂ ਨੂੰ ਛੁਡਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਉਨ੍ਹਾਂ ਨੇ ਅਜੇ ਤੱਕ ਉਮੀਦ ਨਹੀਂ ਛੱਡੀ ਹੈ। ਗਾਜ਼ਾ ਵਿੱਚ ਹਮਾਸ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਲੜਾਈ ਨੂੰ ਐਤਵਾਰ ਨੂੰ 100 ਦਿਨ ਪੂਰੇ ਹੋ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਹ ਲੜਾਈ ਹੁਣ ਰੁਕਣ ਵਾਲੀ ਨਹੀਂ ਹੈ। ਇਜ਼ਰਾਈਲੀ ਫੌਜ ਪੂਰੀ ਜਿੱਤ ਭਾਵ ਹਮਾਸ ਦੇ ਵਿਨਾਸ਼ ਤੱਕ ਜਾਰੀ ਰਹੇਗੀ। 

ਬਾਈਡੇਨ ਨੇ ਕਹੀ ਇਹ ਗੱਲ

ਇਜ਼ਰਾਈਲ-ਹਮਾਸ ਯੁੱਧ ਦੇ 100 ਦਿਨ ਪੂਰੇ ਹੋਣ 'ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ 'ਬੰਧਕਾਂ ਨੂੰ ਛੁਡਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਉਨ੍ਹਾਂ ਨੇ ਅਜੇ ਤੱਕ ਉਮੀਦ ਨਹੀਂ ਛੱਡੀ ਹੈ। ਬਾਈਡੇਨ ਨੇ ਆਪਣੇ ਬਿਆਨ 'ਚ ਕਿਹਾ ਕਿ ਨਵੰਬਰ 'ਚ ਕਤਰ, ਮਿਸਰ ਅਤੇ ਇਜ਼ਰਾਈਲ ਨਾਲ ਮਿਲ ਕੇ ਕੰਮ ਕਰਦੇ ਹੋਏ ਅਸੀਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਸੱਤ ਦਿਨਾਂ ਦੀ ਜੰਗਬੰਦੀ ਨੂੰ ਹਾਸਲ ਕੀਤਾ। ਇਸ ਦੌਰਾਨ 105 ਬੰਧਕਾਂ ਨੂੰ ਰਿਹਾਅ ਕੀਤਾ ਗਿਆ, ਜਿਨ੍ਹਾਂ ਵਿੱਚ ਚਾਰ ਸਾਲ ਦੀ ਬੱਚੀ ਵੀ ਸ਼ਾਮਲ ਹੈ।

ਪਿਛਲੇ ਹਫ਼ਤੇ ਵਿਦੇਸ਼ ਮੰਤਰੀ ਬਲਿੰਕਨ ਜੰਗਬੰਦੀ ਦਾ ਰਸਤਾ ਲੱਭਣ ਅਤੇ ਬੰਧਕਾਂ ਨੂੰ ਰਿਹਾਅ ਕਰਨ ਲਈ ਸਮਝੌਤੇ 'ਤੇ ਗੱਲਬਾਤ ਕਰਨ ਲਈ ਮੱਧ ਏਸ਼ੀਆ ਦੇ ਦੌਰੇ 'ਤੇ ਗਏ ਸਨ। ਅਸੀਂ ਸਾਰੇ ਬੰਧਕਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਆਪਣੇ ਨੇੜਲੇ ਸਹਿਯੋਗੀ ਕਤਰ, ਮਿਸਰ ਅਤੇ ਇਜ਼ਰਾਈਲ ਦੇ ਸੰਪਰਕ ਵਿੱਚ ਹਾਂ। 100 ਬੰਧਕ ਅਜੇ ਵੀ ਹਮਾਸ ਦੀ ਕੈਦ ਵਿਚ ਹਨ, ਜਿਨ੍ਹਾਂ ਵਿਚ 6 ਅਮਰੀਕੀ ਨਾਗਰਿਕ ਵੀ ਹਨ।

ਪੜ੍ਹੋ ਇਹ ਅਹਿਮ ਖ਼ਬਰ-ਵਿਦੇਸ਼ ਦਾ ਕ੍ਰੇਜ਼! ਪੰਜਾਬੀਆਂ ਨੇ ਬਾਹਰ ਜਾਣ ਲਈ ਚੁੱਕਿਆ 14 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ

ਨੇਤਨਯਾਹੂ ਨੇ ਹੇਗ ਵਿੱਚ ਅੰਤਰਰਾਸ਼ਟਰੀ ਅਦਾਲਤ ਵਿੱਚ ਇਜ਼ਰਾਈਲ ਵਿਰੁੱਧ ਫਲਸਤੀਨੀਆਂ ਦੀ ਨਸਲਕੁਸ਼ੀ ਦੇ ਦੱਖਣੀ ਅਫਰੀਕਾ ਦੇ ਦੋਸ਼ਾਂ ਨੂੰ ਵੀ ਰੱਦ ਕਰ ਦਿੱਤਾ। ਨੇਤਨਯਾਹੂ ਨੇ ਅਦਾਲਤ ਦੇ ਕਿਸੇ ਵੀ ਦਬਾਅ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਦੱਖਣ ਅਤੇ ਉੱਤਰ ਦੋਵਾਂ ਵਿੱਚ ਸੁਰੱਖਿਆ ਬਹਾਲ ਕਰਾਂਗੇ। ਨਾ ਤਾਂ ਹੇਗ ਅਤੇ ਨਾ ਹੀ ਕੋਈ ਹੋਰ ਸ਼ਕਤੀ ਸਾਨੂੰ ਰੋਕ ਸਕਦੀ ਹੈ। ਨੇਤਨਯਾਹੂ ਨੇ ਤੇਲ ਅਵੀਵ ਵਿੱਚ ਆਈ.ਡੀ.ਐਫ ਹੈੱਡਕੁਆਰਟਰ ਵਿੱਚ ਕਿਹਾ, "ਅਸੀਂ ਗਾਜ਼ਾ ਵਿੱਚ ਜਿੱਤ ਦੇ ਰਾਹ 'ਤੇ ਹਾਂ ਅਤੇ ਅਸੀਂ ਜਿੱਤ ਪ੍ਰਾਪਤ ਕਰਨ ਤੱਕ ਨਹੀਂ ਰੁਕਾਂਗੇ। 

ਉਨ੍ਹਾਂ ਕਿਹਾ ਕਿ ਮੈਂ ਹਾਲ ਹੀ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਕਿਹਾ ਸੀ ਕਿ ਇਹ ਸਿਰਫ਼ ਸਾਡੀ ਜੰਗ ਨਹੀਂ ਹੈ, ਇਹ ਤੁਹਾਡੀ ਵੀ ਜੰਗ ਹੈ। ਇਹ ਈਰਾਨ ਦੀ ਅਗਵਾਈ ਵਾਲੀ ਬੁਰਾਈ ਦੇ ਧੁਰੇ ਖ਼ਿਲਾਫ਼ ਜੰਗ ਹੈ। ਇੰਟਰਨੈਸ਼ਨਲ ਕੋਰਟ 'ਚ ਇਜ਼ਰਾਈਲ 'ਤੇ ਨਸਲਕੁਸ਼ੀ ਦੇ ਦੋਸ਼ਾਂ 'ਤੇ ਨੇਤਨਯਾਹੂ ਨੇ ਕਿਹਾ ਕਿ ਇਸ ਬੇਹੂਦਾ ਅਤੇ ਪਾਖੰਡ 'ਤੇ ਧਿਆਨ ਨਾ ਦਿਓ। ਇਹ ਅੰਤਰਰਾਸ਼ਟਰੀ ਮੁਹਿੰਮ ਸਾਡੇ ਹੱਥਾਂ ਨੂੰ ਕਮਜ਼ੋਰ ਨਹੀਂ ਕਰੇਗੀ ਅਤੇ ਨਾ ਹੀ ਅੰਤ ਤੱਕ ਲੜਨ ਦੇ ਸਾਡੇ ਇਰਾਦੇ ਨੂੰ ਕਮਜ਼ੋਰ ਕਰੇਗੀ। ਇਜ਼ਰਾਈਲ ਰਾਜ ਅਤੇ ਸਾਡੇ ਸੁਰੱਖਿਆ ਬਲ ਇੱਕ ਨੈਤਿਕ ਅਤੇ ਜਾਇਜ਼ ਯੁੱਧ ਲੜ ਰਹੇ ਹਨ।

7 ਅਕਤੂਬਰ, 2023 ਨੂੰ ਹਮਾਸ ਦੇ ਹਮਲੇ ਤੋਂ ਬਾਅਦ ਸ਼ੁਰੂ ਕੀਤੇ ਗਏ, ਸੰਘਣੀ ਆਬਾਦੀ ਵਾਲੇ ਫਲਸਤੀਨੀ ਐਨਕਲੇਵ ਵਿੱਚ ਇਜ਼ਰਾਈਲ ਦੇ ਲਗਾਤਾਰ ਹਮਲਿਆਂ ਵਿੱਚ ਘੱਟੋ-ਘੱਟ 23,843 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ ਲਗਭਗ 75 ਪ੍ਰਤੀਸ਼ਤ ਔਰਤਾਂ, ਬੱਚੇ ਅਤੇ ਬਜ਼ੁਰਗ ਸਨ। ਹਮਲਿਆਂ ਨੇ ਗਾਜ਼ਾ ਦੀ ਲਗਭਗ 2.3 ਮਿਲੀਅਨ ਆਬਾਦੀ ਵਿੱਚੋਂ ਜ਼ਿਆਦਾਤਰ ਨੂੰ ਉਜਾੜ ਦਿੱਤਾ ਹੈ ਅਤੇ ਖੇਤਰ ਦੇ ਕਈ ਹਿੱਸਿਆਂ ਨੂੰ ਪੱਧਰਾ ਕਰ ਦਿੱਤਾ ਹੈ। ਇਜ਼ਰਾਇਲੀ ਫੌਜ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜੰਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਸ ਦੇ ਫੌਜੀਆਂ ਨੇ ਗਾਜ਼ਾ 'ਚ ਲਗਭਗ 9,000 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News