ਚੀਨ ਕੋਰੋਨਾ ਵਾਇਰਸ : ਵੂਹਾਨ ''ਚ ਫਸੇ 100 ਆਸਟ੍ਰੇਲੀਆਈ ਨਾਗਰਿਕ

01/27/2020 3:32:57 PM

ਸਿਡਨੀ— ਚੀਨ 'ਚ ਫੈਲੇ ਜਾਨਲੇਵਾ ਵਾਇਰਸ ਕਾਰਨ ਹੁਣ ਤਕ 80 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੂਹਾਨ 'ਚ ਇਸ ਵਾਇਰਸ ਦਾ ਸਭ ਤੋਂ ਵਧ ਖਤਰਾ ਹੈ। ਹਰ ਦੇਸ਼ ਆਪਣੇ-ਆਪਣੇ ਨਾਗਰਿਕਾਂ ਨੂੰ ਇੱਥੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਦੌਰਾਨ ਆਸਟ੍ਰੇਲੀਅਨ ਅਧਿਕਾਰੀਆਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਲਗਭਗ 100 ਆਸਟ੍ਰੇਲੀਅਨ ਨਾਗਰਿਕ ਚੀਨ 'ਚ ਫਸੇ ਹੋਏ ਹਨ। ਇਨ੍ਹਾਂ 'ਚ ਆਸਟ੍ਰੇਲੀਆ ਦਾ ਮਸ਼ਹੂਰ ਹੋਰਸ ਟਰੇਨਰ ਵੀ ਸ਼ਾਮਲ ਹੈ। ਮੈਲਬੌਰਨ ਦਾ ਇਹ ਟਰੇਨਰ 12 ਕੁ ਦਿਨ ਪਹਿਲਾਂ ਚੀਨ 'ਚ ਪੁੱਜਾ ਤੇ ਵਾਇਰਸ ਫੈਲਣ ਕਾਰਨ ਇੱਥੇ ਹੀ ਫਸ ਗਿਆ। ਉਸ ਨੇ ਕਿਹਾ ਕਿ ਬਹੁਤ ਸਾਰੇ ਲੋਕ ਜਲਦੀ ਤੋਂ ਜਲਦੀ ਇੱਥੋਂ ਨਿਕਲ ਕੇ ਵਾਪਸ ਆਪਣੇ ਦੇਸ਼ ਜਾਣਾ ਚਾਹੁੰਦੇ ਹਨ ਪਰ ਸ਼ਹਿਰ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਉਨ੍ਹਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ।

ਵੂਹਾਨ ਸ਼ਹਿਰ 'ਚ ਬਹੁਤ ਤੇਜ਼ੀ ਨਾਲ ਵਾਇਰਸ ਫੈਲ ਰਿਹਾ ਹੈ, ਜਿਸ ਕਾਰਨ ਇਸ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ। ਆਸਟ੍ਰੇਲੀਆ 'ਚ ਇਸ ਸਮੇਂ 5 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਨਿਊ ਸਾਊਥ ਵੇਲਜ਼ 'ਚ 4 ਅਤੇ ਵਿਕਟੋਰੀਆ 'ਚ ਇਕ ਮਰੀਜ਼ ਦੀ ਪੁਸ਼ਟੀ ਹੋਈ ਹੈ।

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਨੇ ਦੱਸਿਆ ਕਿ ਉਹ ਇਸ ਮਾਮਲੇ 'ਤੇ ਨਜ਼ਰ ਰੱਖ ਰਹੇ ਹਨ। ਇਹ ਵਾਇਰਸ ਫਰਾਂਸ, ਨੇਪਾਲ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਵੀਅਤਨਾਮ, ਮਕਾਓ, ਹਾਂਗ-ਕਾਂਗ, ਤਾਇਵਾਨ, ਜਾਪਾਨ, ਦੱਖਣੀ ਕੋਰੀਆ ਅਤੇ ਅਮਰੀਕਾ 'ਚ ਫੈਲ ਚੁੱਕਾ ਹੈ ਤੇ ਭਾਰਤ, ਪਾਕਿਸਤਾਨ 'ਚ ਸ਼ੱਕੀ ਮਰੀਜ਼ਾਂ ਬਾਰੇ ਜਾਣਕਾਰੀ ਮਿਲੀ ਹੈ, ਹਾਲਾਂਕਿ ਇਨ੍ਹਾਂ ਦੇ ਵਾਇਰਸ ਦੀ ਲਪੇਟ 'ਚ ਆਉਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।


Related News