10 ਸਾਲਾ ਬੱਚੀ ਨੇ ਦੱਸਿਆ ਫਿਲਸਤੀਨ ''ਚ ਤਬਾਹੀ ਦਾ ਸੱਚ, ਵੀਡੀਓ ਵਾਇਰਲ
Tuesday, May 18, 2021 - 10:17 AM (IST)
ਗਾਜ਼ਾ ਸਿਟੀ (ਬਿਊਰੋ): ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਸੰਘਰਸ਼ ਸਿਖਰ 'ਤੇ ਹੈ। ਇਜ਼ਰਾਇਲੀ ਜਹਾਜ਼ਾਂ ਨੇ ਗਾਜ਼ਾ ਸਿਟੀ 'ਤੇ ਸੋਮਵਾਰ ਸਵੇਰੇ ਇਕ ਵਾਰ ਫਿਰ ਬੰਬਾਰੀ ਕੀਤੀ। ਇਸ ਬੰਬਾਰੀ ਵਿਚ ਵੀ ਭਾਰੀ ਤਬਾਹੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਇਕ ਬੱਚੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਗਾਜ਼ਾ ਪੱਟੀ ਵਿਚ ਹੋਈ ਤਬਾਹੀ ਦਾ ਸੱਚ ਬਿਆਨ ਕਰ ਰਹੀ ਹੈ ਅਤੇ ਰੌਂਦੇ ਹੋਏ ਆਪਣੀ ਤਕਲੀਫ ਦੱਸ ਰਹੀ ਹੈ।
ਅਸਲ ਵਿਚ ਇਹ ਵੀਡੀਓ 'ਮਿਡਲ ਈਸਟ ਆਈ' ਸਮਾਚਾਰ ਏਜੰਸੀ ਐੱਮ.ਈ.ਈ. ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਨੂੰ ਟਵਿੱਟਰ 'ਤੇ ਵੀ ਸ਼ੇਅਰ ਕੀਤਾ ਗਿਆ ਹੈ। ਇਹ ਗਾਜ਼ਾ ਦਾ ਹੈ। ਵੀਡੀਓ ਵਿਚ ਇਕ ਕੁੜੀ ਨੇ ਏਜੰਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਇਜ਼ਰਾਇਲੀ ਹਵਾਈ ਹਮਲਿਆਂ ਨੇ ਉਸ ਦੇ ਅਤੇ ਗੁਆਂਢੀ ਦੇ ਘਰ ਨੂੰ ਤਬਾਹ ਕਰ ਦਿੱਤਾ ਅਤੇ 8 ਬੱਚਿਆਂ ਸਮੇਤ 2 ਔਰਤਾਂ ਦੀ ਮੌਤ ਹੋ ਗਈ। ਇਹ ਵੀਡੀਓ 15 ਮਈ ਨੂੰ ਪੋਸਟ ਕੀਤਾ ਗਿਆ।ਵੀਡੀਓ ਵਿਚ ਕੁੜੀ ਰੌਂਦੇ ਹੋਏ ਦੱਸਦੀ ਹੈ ਕਿ ਮੈਨੂੰ ਨਹੀਂ ਪਤਾ ਕੀ ਕਰਨਾ ਹੈ। ਮੈਂ ਪਰੇਸ਼ਾਨ ਹਾਂ। ਇਸ ਲਈ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਮੈਂ ਕੁਝ ਨਹੀਂ ਕਰ ਸਕਦੀ। ਮੈਂ ਸਿਰਫ 10 ਸਾਲ ਦੀ ਹਾਂ। ਮੈਂ ਇਸ ਹਾਲਾਤ ਨਾਲ ਹੋਰ ਜ਼ਿਆਦਾ ਨਹੀਂ ਜੂਝ ਸਕਦੀ।
ਕੁੜੀ ਅੱਗੇ ਕਹਿੰਦੀ ਹੈ ਕਿ ਮੈਨੂੰ ਇਹ ਵੀ ਨਹੀਂ ਪਤਾ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਮੈਨੂੰ ਡਰ ਲੱਗਦਾ ਹੈ ਪਰ ਇੰਨਾ ਜ਼ਿਆਦਾ ਨਹੀ। ਮੈਂ ਆਪਣੇ ਲੋਕਾਂ ਲਈ ਕੁਝ ਕਰਨਾ ਚਾਹੁੰਦੀ ਹਾਂ ਪਰ ਮੈਨੂੰ ਨਹੀਂ ਪਤਾ ਕੀ ਕਰਾਂਗੀ। ਕਿਉਂਕਿ ਮੈਂ ਸਿਰਫ 10 ਸਾਲ ਦੀ ਹਾਂ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਉੱਥੇ ਇਮਾਰਤਾਂ ਡਿੱਗੀਆਂ ਹੋਈਆਂ ਹਨ। ਚਾਰੇ ਪਾਸੇ ਮਲਬਾ ਪਿਆ ਹੋਇਆ ਹੈ ਅਤੇ ਹਫੜਾ-ਦਫੜੀ ਮਚੀ ਹੋਈ ਹੈ। ਕੁੜੀ ਅੱਗੇ ਕਹਿੰਦੀ ਹੈ ਕਿ ਮੇਰੇ ਪਰਿਵਾਰ ਵਾਲੇ ਕਹਿੰਦੇ ਹਨ ਕਿ ਉਹ ਸਾਡੇ ਤੋਂ ਨਫਰਤ ਕਰਦੇ ਹਨ। ਉਹ ਸਾਨੂੰ ਪਸੰਦ ਨਹੀਂ ਕਰਦੇ ਕਿਉਂਕਿ ਅਸੀਂ ਮੁਸਲਿਮ ਹਾਂ। ਤੁਸੀਂ ਦੇਖ ਰਹੇ ਹੋ ਕਿ ਮੇਰੇ ਆਲੇ-ਦੁਆਲੇ ਬੱਚੇ ਖੜ੍ਹੇ ਹਨ। ਤੁਸੀਂ ਉਹਨਾਂ 'ਤੇ ਮਿਜ਼ਾਇਲ ਕਿਉਂ ਸੁੱਟਦੇ ਹੋ ਅਤੇ ਉਹਨਾਂ ਨੂੰ ਮਾਰ ਦਿੰਦੇ ਹੋ। ਇਹ ਠੀਕ ਨਹੀਂ ਹੈ।
"I don't know what to do."
— Middle East Eye (@MiddleEastEye) May 15, 2021
A 10-year-old Palestinian girl breaks down while talking to MEE after Israeli air strikes destroyed her neighbour's house, killing 8 children and 2 women#Gaza #Palestine #Israel pic.twitter.com/QuM9be4FVQ
ਪੜ੍ਹੋ ਇਹ ਅਹਿਮ ਖਬਰ - ਅਮਰੀਕਾ ਨੇ ਇਜ਼ਰਾਈਲ ਨੂੰ 5.4 ਹਜ਼ਾਰ ਕਰੋੜ ਦੇ ਹਥਿਆਰਾਂ ਦੀ ਵਿਕਰੀ ਲਈ ਦਿੱਤੀ ਮਨਜ਼ੂਰੀ
ਇੱਥੇ ਦੱਸ ਦਈਏ ਕਿ ਇਜ਼ਰਾਈਲ ਦੇ ਲੜਾਕੂ ਜਹਾਜ਼ ਨੇ ਗਾਜ਼ਾ ਸਿਟੀ ਦੀਆਂ ਵੱਖ-ਵੱਖ ਥਾਵਾਂ 'ਤੇ ਲੜੀਵਾਰ ਭਾਰੀ ਏਅਰਸਟ੍ਰਾਈਕ ਕੀਤੀ ਹੈ। ਸੋਮਵਾਰ ਸਵੇਰੇ ਸ਼ਹਿਰ ਦੇ ਉੱਤਰੀ ਹਿੱਸੇ ਤੋਂ ਲੈ ਕੇ ਦੱਖਣੀ ਹਿੱਸੇ ਤੱਕ ਲਗਾਤਾਰ 10 ਮਿੰਟ ਤੱਕ ਬੰਬਾਰੀ ਹੁੰਦੀ ਰਹੀ ਹੈ। ਇਹ ਏਅਰਸਟ੍ਰਾਈਕ 24 ਘੰਟੇ ਪਹਿਲਾਂ ਕੀਤੀ ਗਈ ਬੰਬਾਰੀ ਨਾਲੋਂ ਵੀ ਭਿਆਨਕ ਦੱਸੀ ਜਾ ਰਹੀ ਹੈ ਜਿਸ ਵਿਚ 42 ਫਿਲਸਤੀਨੀਆਂ ਦੀ ਮੌਤ ਹੋ ਗਈ ਸੀ। ਭਾਵੇਂਕਿ ਇਜ਼ਰਾਈਲ ਡਿਫੈਂਸ ਫੋਰਸ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਆਈ.ਡੀ.ਐੱਫ, ਲੜਾਕੂ ਜਹਾਜ਼ ਗਾਜ਼ਾ ਪੱਟੀ ਵਿਚ ਸਥਿਤ ਅੱਤਵਾਦੀ ਠਿਕਾਣਿਆਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ। ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਬੀਤੇ ਕਈ ਦਿਨਾਂ ਤੋਂ ਇਹ ਲੜਾਈ ਜਾਰੀ ਹੈ। ਜਿਸ ਵਿਚ ਹਮਾਸ ਨਾਲ ਇਜ਼ਰਾਈਲ ਦੀ ਸਿੱਧੇ ਤੌਰ 'ਤੇ ਲੜਾਈ ਹੋ ਰਹੀ ਹੈ। 2014 ਦੇ ਗਾਜ਼ਾ ਯੁੱਧ ਦੇ ਬਾਅਦ ਤੋਂ 2021 ਵਿਚ ਸਭ ਤੋਂ ਖਰਾਬ ਹਾਲਾਤ ਹਨ।
ਨੋਟ- 10 ਸਾਲਾ ਬੱਚੀ ਨੇ ਦੱਸਿਆ ਫਿਲਸਤੀਨ 'ਚ ਤਬਾਹੀ ਦਾ ਸੱਚ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।