''1 ਕਰੋੜ ਲੋਕ ਅਹਿਮਦਾਬਾਦ ''ਚ ਕਰਨਗੇ ਮੇਰਾ ਸਵਾਗਤ'': ਟਰੰਪ ਦਾ ਦਾਅਵਾ

02/21/2020 4:31:46 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹਿਮਦਾਬਾਦ ਵਿਚ ਉਹਨਾਂ ਦਾ ਸਵਾਗਤ ਕਰਨ ਵਾਲੇ ਲੋਕਾਂ ਦੀ ਗਿਣਤੀ ਨੂੰ ਲੈ ਕੇ ਇਕ ਹੋਰ ਵੱਡਾ ਦਾਅਵਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਦੱਸਿਆ ਹੈ ਕਿ ਭਾਰਤ ਦੀ ਉਹਨਾਂ ਦੀ ਪਹਿਲੀ ਫੇਰੀ 'ਤੇ ਇਕ ਕਰੋੜ ਲੋਕ ਉਹਨਾਂ ਦਾ ਸਵਾਗਤ ਕਰਨਗੇ।

ਰਾਸ਼ਟਰਪਤੀ ਟਰੰਪ ਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ 24-25 ਫਰਵਰੀ ਨੂੰ ਅਹਿਮਦਾਬਾਦ, ਆਗਰਾ ਤੇ ਨਵੀਂ ਦਿੱਲੀ ਦੀ ਯਾਤਰਾ ਕਰਨਗੇ। ਮੰਗਲਵਾਰ ਨੂੰ ਮੈਰੀਲੈਂਡ ਦੇ ਜੁਆਇੰਟ ਬੇਸ ਵਿਚ ਪੱਤਰਕਾਰਾਂ ਨੂੰ ਟਰੰਪ ਨੇ ਕਿਹਾ ਕਿ ਮੋਦੀ ਨੇ ਉਹਨਾਂ ਨੂੰ ਦੱਸਿਆ ਹੈ ਕਿ ਹਵਾਈ ਅੱਡੇ ਤੋਂ ਪ੍ਰੋਗਰਾਮ ਵਾਲੀ ਥਾਂ ਦੇ ਵਿਚਾਲੇ 70 ਲੱਖ ਲੋਕ ਮੌਜੂਦ ਹੋਣਗੇ। ਇਹ ਬੇਹੱਦ ਰੋਮਾਂਚਕ ਹੋਣ ਵਾਲਾ ਹੈ। ਆਸ ਕਰਦਾ ਹਾਂ ਕਿ ਤੁਸੀਂ ਸਾਰੇ ਵੀ ਇਸ ਦਾ ਮਜ਼ਾ ਲਓਗੇ। ਵੀਰਵਾਰ ਨੂੰ ਟਰੰਪ ਨੇ ਕੋਲੋਰਾਡੋ ਵਿਚ 'ਕੀਪ ਅਮਰੀਕਾ ਗ੍ਰੇਟ' ਰੈਲੀ ਵਿਚ ਲੋਕਾਂ ਦੀ ਗਿਣਤੀ ਵਿਚ 30 ਲੱਖ ਦਾ ਵਾਧਾ ਕਰ ਦਿੱਤਾ। ਟਰੰਪ ਨੇ ਕਿਹਾ ਕਿ ਮੈਂ ਸੁਣਿਆ ਹੈ ਕਿ ਉਥੇ ਇਕ ਕਰੋੜ ਲੋਕ ਮੌਜੂਦ ਰਹਿਣ ਵਾਲੇ ਹਨ। ਉਹਨਾਂ ਕਿਹਾ ਕਿ ਹਵਾਈ ਅੱਡੇ ਤੋਂ ਲੈ ਕੇ ਵਿਸ਼ਵ ਦੇ ਸਭ ਤੋਂ ਵੱਡੇ ਸਟੇਡੀਅਮ ਤੱਕ 60 ਲੱਖ ਤੋਂ ਇਕ ਕਰੋੜ ਦੇ ਵਿਚਾਲੇ ਲੋਕ ਰਹਿਣਗੇ। 

ਇਸੇ ਦੌਰਾਨ ਅਹਿਮਦਾਬਾਦ ਵਿਚ ਨਗਰ ਨਿਗਮ ਦੇ ਇਕ ਚੋਟੀ ਦੇ ਅਧਿਕਾਰੀ ਮੁਤਾਬਕ ਸ਼ਹਿਰ ਦੀ ਕੁੱਲ ਆਬਾਦੀ ਕਰੀਬ 70 ਲੱਖ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਹਵਾਈ ਅੱਡੇ ਤੋਂ ਲੈ ਕੇ ਮੋਟੇਰਾ ਕ੍ਰਿਕਟ ਸਟੇਡੀਅਮ ਤੱਕ 22 ਕਿਲੋਮੀਟਰ ਦੇ ਰਸਤੇ 'ਤੇ ਮੋਦੀ ਤੇ ਟਰੰਪ ਦੇ ਰੋਡ ਸ਼ੋਅ ਦੌਰਾਨ ਇਕ ਤੋਂ ਦੋ ਲੱਖ ਲੋਕ ਮੌਜੂਦ ਰਹਿ ਸਕਦੇ ਹਨ। ਅਹਿਮਦਾਬਾਦ ਨਗਰ ਨਿਗਮ ਦੇ ਕਮਿਸ਼ਨਰ ਵਿਜੇ ਨਹਿਰਾ ਨੇ ਟਰੰਪ ਦੇ ਦਾਅਵਿਆਂ ਦੇ ਉਲਟ ਵੀਰਵਾਰ ਨੂੰ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਕ ਤੋਂ 2 ਲੱਖ ਲੋਕ ਰੋਡ ਸ਼ੋਅ ਦੌਰਾਨ ਮਹਿਮਾਨਾਂ ਦਾ ਸਵਾਗਤ ਕਰਨ ਲਈ ਇਕੱਠੇ ਹੋਣਗੇ।


Baljit Singh

Content Editor

Related News