ਨਾਈਜੀਰੀਆ ''ਚ 1.8 ਟਨ ਕੋਕੀਨ ਜ਼ਬਤ, 5 ਲੋਕ ਗ੍ਰਿਫ਼ਤਾਰ
Tuesday, Sep 20, 2022 - 01:25 PM (IST)
ਅਬੂਜਾ (ਏਜੰਸੀ)- ਨਾਈਜੀਰੀਆ ਦੀ ਨਸ਼ੀਲੇ ਪਦਾਰਥ ਵਿਰੋਧੀ ਏਜੰਸੀ ਨੇ ਲਾਗੋਸ ਦੇ ਇੱਕ ਗੋਦਾਮ ਤੋਂ ਲਗਭਗ 1.8 ਟਨ ਕੋਕੀਨ ਜ਼ਬਤ ਕੀਤੀ ਹੈ, ਜਿਸਦੀ ਕੀਮਤ 27.8 ਕਰੋੜ ਡਾਲਰ ਹੈ। ਨੈਸ਼ਨਲ ਡਰੱਗ ਲਾਅ ਇਨਫੋਰਸਮੈਂਟ ਏਜੰਸੀ ਦੇ ਅਨੁਸਾਰ, ਗੋਦਾਮ ਦੇ ਮੈਨੇਜਰ ਅਤੇ ਚਾਰ ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕੀਤੇ ਜਾਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤਸਕਰਾਂ ਵਿੱਚੋਂ ਇੱਕ ਜਮੈਕਾ ਦਾ ਨਾਗਰਿਕ ਹੈ।
ਏਜੰਸੀ ਨੇ ਕਿਹਾ ਕਿ ਸ਼ੱਕੀ ਇੱਕ ਅੰਤਰਰਾਸ਼ਟਰੀ ਗਰੋਹ ਦੇ ਮੈਂਬਰ ਹਨ, ਜਿਨ੍ਹਾਂ ਦਾ ਏਜੰਸੀ 2018 ਤੋਂ ਪਿੱਛਾ ਕਰ ਰਹੀ ਸੀ। ਏਜੰਸੀ ਨੇ ਕਿਹਾ ਕਿ ਇਹ ਨਸ਼ੀਲੇ ਪਦਾਰਥ ਐਤਵਾਰ ਨੂੰ ਲਾਗੋਸ ਦੇ ਇਕੋਰੋਡੂ ਖੇਤਰ ਵਿੱਚ ਮਿਲੇ ਸਨ, ਜਦੋਂ ਗਿਰੋਹ ਦੇ ਮੈਂਬਰ "ਇਨ੍ਹਾਂ ਨੂੰ ਯੂਰਪ, ਏਸ਼ੀਆ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਖ਼ਰੀਦਦਾਰਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ।" ਏਜੰਸੀ ਨੇ ਸ਼ੱਕੀਆਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਤਸਵੀਰਾਂ ਦੇ ਨਾਲ ਪ੍ਰਕਾਸ਼ਿਤ ਇਕ ਬਿਆਨ ਵਿਚ ਕਿਹਾ ਕਿ ਕੋਕੀਨ ਨੂੰ 10 ਬੈਗਾਂ ਅਤੇ 13 ਡਰੰਮਾਂ ਵਿਚ ਲੁਕਾ ਕੇ ਰੱਖਿਆ ਗਿਆ ਸੀ।