ਪਾਕਿਸਤਾਨ ''ਚ ਖੋਦਾਈ ਦੌਰਾਨ ਮਿਲਿਆ 1300 ਸਾਲ ਪੁਰਾਣਾ ਹਿੰਦੂ ਮੰਦਰ

11/20/2020 3:56:39 PM

ਪੇਸ਼ਾਵਰ- ਉੱਤਰੀ-ਪੱਛਮੀ ਪਾਕਿਸਤਾਨ ਦੇ ਸਵਾਤ ਜ਼ਿਲ੍ਹੇ ਦੇ ਇਕ ਪਹਾੜ ਵਿਚੋਂ ਪਾਕਿਸਤਾਨ ਤੇ ਇਤਾਲਵੀ ਪੁਰਾਤੱਤਵ ਮਾਹਰਾਂ ਨੇ 1300 ਸਾਲ ਪੁਰਾਣਾ ਇਕ ਹਿੰਦੂ ਮੰਦਰ ਲੱਭਿਆ ਹੈ। ਬਾਰੀਕੋਟ ਘੁੰਡਈ ਵਿਚ ਖੋਦਾਈ ਦੌਰਾਨ ਇਸ ਮੰਦਰ ਦਾ ਪਤਾ ਲੱਗਾ। 

ਖੈਬਰ ਪਖਤੂਨਵਾ ਦੇ ਪੁਰਾਤੱਤਵ ਵਿਭਾਗ ਦੇ ਫਜਲੇ ਖਲੀਕ ਨੇ ਵੀਰਵਾਰ ਨੂੰ ਇਸ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਇਹ ਮੰਦਰ ਭਗਵਾਨ ਵਿਸ਼ਣੂ ਜੀ ਦਾ ਹੈ। ਉਨ੍ਹਾਂ ਕਿਹਾ ਕਿ ਇਸ ਮੰਦਰ ਨੂੰ 1300 ਸਾਲ ਪਹਿਲਾਂ ਹਿੰਦੂ ਸ਼ਾਹੀ ਕਾਲ ਦੌਰਾਨ ਬਣਾਇਆ ਗਿਆ ਸੀ।

ਹਿੰਦੂ ਸ਼ਾਹੀ ਜਾਂ ਕਾਬੁਲ ਸ਼ਾਹੀ (850-1026ਈ.) ਦਾ ਹਿੰਦੂ ਰਾਜਵੰਸ਼ ਸੀ, ਜਿਸ ਨੇ ਕਾਬੁਲ ਘਾਟੀ (ਪੂਰਬੀ ਅਫਗਾਨਿਸਤਾਨ), ਗੰਧਾਰ( ਆਧੁਨਿਕ ਪਾਕਿਸਤਾਨ) ਅਤੇ ਵਰਤਮਾਨ ਉੱਤਰੀ-ਪੱਛਮੀ ਭਾਰਤ ਵਿਚ ਸ਼ਾਸਨ ਕੀਤਾ ਸੀ। ਪੁਰਾਤੱਤਵ ਮਾਹਰਾਂ ਨੂੰ ਖੋਦਾਈ ਦੌਰਾਨ ਮੰਦਰ ਨੇੜੇ ਛਾਉਣੀ ਅਤੇ ਪਹਿਰੇ ਲਈ ਬਣੀਆਂ ਕੰਧਾਂ ਵੀ ਮਿਲੀਆਂ ਹਨ। ਮੰਦਰ ਕੋਲ ਪਾਣੀ ਦਾ ਇਕ ਕੁੰਡ ਵੀ ਮਿਲਿਆ ਹੈ। ਖਲੀਕ ਨੇ ਕਿਹਾ ਕਿ ਇਲਾਕੇ ਵਿਚ ਪਹਿਲੀ ਵਾਰ ਹਿੰਦੂ ਸ਼ਾਹੀ ਕਾਲ ਦੇ ਨਿਸ਼ਾਨ ਮਿਲੇ ਹਨ। ਇਟਲੀ ਦੇ ਪੁਰਾਤੱਤਵ ਮਿਸ਼ਨ ਦੇ ਮੁਖੀ ਡਾ. ਲੁਕਾ ਨੇ ਕਿਹਾ ਕਿ ਸਵਾਤ ਜ਼ਿਲ੍ਹੇ ਵਿਚ ਮਿਲਿਆ ਗੰਧਾਰ ਸੱਭਿਅਤਾ ਦਾ ਇਹ ਪਹਿਲਾ ਮੰਦਰ ਹੈ। ਇੱਥੇ ਬੁੱਧ ਧਰਮ ਦੇ ਵੀ ਕਈ ਪੂਜਾ ਅਸਾਥਾਨ  ਹਨ।


Lalita Mam

Content Editor

Related News