ਟਰਾਂਸਫਾਰਮਰ ''ਤੇ ਫਿਊਜ਼ ਲਗਾ ਰਿਹਾ ਸੀ ਲਾਈਨਮੈਨ, ਅਚਾਨਕ ਆ ਗਿਆ ਕਰੰਟ
Saturday, Aug 03, 2024 - 04:18 PM (IST)
ਦਸੂਹਾ/ਗੜ੍ਹਦੀਵਾਲਾ (ਝਾਵਰ, ਭੱਟੀ) : ਬਿਜਲੀ ਬੋਰਡ ਦਾ ਇਕ ਮੁਲਾਜ਼ਮ ਮੂਨਕ ਸੰਸਾਰਪੁਰ ਨਜ਼ਦੀਕ ਬਿਜਲੀ ਦੇ ਟਰਾਂਸਫਾਰਮਰ 'ਤੇ ਫਿਊਜ਼ ਲਗਾ ਰਿਹਾ ਸੀ ਕਿ ਅਚਾਨਕ ਕਰੰਟ ਆਉਣ ਨਾਲ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਅਤੇ ਜ਼ਮੀਨ 'ਤੇ ਡਿੱਗ ਪਿਆ। ਮੌਕੇ 'ਤੇ ਉਸ ਦੇ ਸਾਥੀਆਂ ਨੇ ਦਸੂਹਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਬਿਜਲੀ ਬੋਰਡ ਦਾ ਸਹਾਇਕ ਲਾਈਨਮੈਨ ਕੁਲਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਅਰਗੋਵਾਲ ਜਦੋਂ ਅਪਣੀ ਡਿਊਟੀ ਨਿਭਾਅ ਰਿਹਾ ਸੀ ਤਾਂ ਉਹ ਬੁਰੀ ਤਰਾਂ ਨਾਲ ਝੁਲਸ ਗਿਆ। ਸਿਵਲ ਹਸਪਤਾਲ ਦਸੂਹਾ ਦੇ ਡਾ. ਸੋਨਮ ਸਿੰਘ ਨੇ ਦੱਸਿਆ ਕਿ ਮਰੀਜ਼ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਫਿਲਹਾਲ ਸਥਿਰ ਹੈ।
ਮੌਕੇ ਤੇ ਸੰਬੰਧਤ ਡਵੀਜ਼ਨ ਦੇ ਐੱਸ.ਡੀ.ਓ. ਦਰਸ਼ਨ ਸਿੰਘ ਤੇ ਜੇ.ਈ. ਮੋਹਨ ਸਿੰਘ ਨੇ ਦੱਸਿਆ ਕਿ ਸਹਾਇਕ ਲਾਈਨਮੈਨ ਦੇ ਇਲਾਜ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਸੰਬੰਧੀ ਜਦੋਂ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਦੇ ਸੂਬਾ ਪ੍ਰਧਾਨ ਕਾਮਰੇਡ ਵਿਜੈ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੋ ਸਹਾਇਕ ਲਾਈਨਮੈਨ ਝੁਲਸ ਹੈ ਬਿਜਲੀ ਵਿਭਾਗ ਉਸ ਦਾ ਇਲਾਜ ਵੱਡੇ ਹਸਪਤਾਲ 'ਚ ਕਰਵਾਇਆ ਜਾਵੇ ਅਤੇ ਪਰਿਵਾਰ ਦੀ ਆਰਥਿਕ ਸਹਾਇਤਾ ਵੀ ਕੀਤੀ ਜਾਵੇ।