ਪਸ਼ੂਆਂ ਨੂੰ ''ਲੰਪੀ ਸਕਿਨ'' ਤੋਂ ਬਚਾਅ ਲਈ ਕੀਤਾ ਜਾ ਰਿਹੈ ਮੁਫ਼ਤ ਟੀਕਾਕਰਨ : ਸੰਦੀਪ ਹੰਸ

08/23/2022 2:06:15 PM

ਹੁਸ਼ਿਆਰਪੁਰ (ਘੁੰਮਣ) : ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਯੋਗ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਪਸ਼ੂਆਂ ਦਾ ਮੁਫ਼ਤ ਟੀਕਾਕਰਨ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ 20,966 ਵੈਕਸੀਨ ਪ੍ਰਾਪਤ ਹੋਈ ਹੈ ਅਤੇ ਵੈਕਸੀਨ ਜ਼ਿਲ੍ਹੇ 'ਚ ਵੰਡ ਕੇ ਪਸ਼ੂਆਂ ਨੂੰ ਲਗਾਈ ਜਾ ਰਹੀ ਹੈ। ਉਨ੍ਹਾਂ ਪਸ਼ੂ ਪਾਲਣ ਵਿਭਾਗ ਨੂੰ ਇਸ ਬੀਮਾਰੀ ਨਾਲ ਨਜਿੱਠਣ ਲਈ ਗੰਭੀਰਤਾ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੀਸੀ ਨੇ ਕਿਹਾ ਕਿ ਪਸ਼ੂ ਪਾਲਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਬੀਮਾਰੀ ਦੇ ਨਿਪਟਾਰੇ ਲਈ ਹਰ ਸੰਭਵ ਉਪਾਅ ਅਤੇ ਯਤਨ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਦਵਾਈਆਂ ਦੀ ਕੋਈ ਕਮੀ ਨਹੀਂ ਹੈ ਅਤੇ ਜ਼ਿਲ੍ਹੇ 'ਚ ਪਸ਼ੂਆਂ ਨੂੰ ਲੰਪੀ ਸਕਿਨ ਦੀ ਬੀਮਾਰੀ ਤੋਂ ਬਚਾਅ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਬੀਮਾਰੀ ਤੋਂ ਆਪਣੇ ਪਸ਼ੂਆਂ ਨੂੰ ਬਚਾਉਣ ਲਈ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਹ ਇਕ ਚਮੜੀ ਦਾ ਰੋਗ ਹੈ, ਜਿਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਅਤੇ ਇਸ ਬੀਮਾਰੀ ਦੇ ਸਹੀ ਇਲਾਜ ਨਾਲ 2-3 ਹਫ਼ਤਿਆਂ ਦੌਰਾਨ ਹੀ ਪਸ਼ੂ ਸਿਹਤਮੰਦ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਮਾਹਿਰਾਂ ਦੇ ਇਲਾਜ ਨਾਲ 3-4 ਦਿਨ 'ਚ ਬੁਖਾਰ ਅਤੇ 14 ਤੋਂ 21 ਦਿਨਾਂ 'ਚ ਚਮੜੀ ਦਾ ਰੋਗ ਠੀਕ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਸ਼ੂਆਂ ਅੰਦਰ ਇਸ ਬੀਮਾਰੀ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਮੁਫ਼ਤ ਇਲਾਜ ਲਈ ਨਜ਼ਦੀਕੀ ਪਸ਼ੂ ਸੰਸਥਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੰਦੀਪ ਹੰਸ ਨੇ ਕਿਹਾ ਕਿ ਇਹ ਬੀਮਾਰੀ ਪਸ਼ੂਆਂ 'ਚ ਜ਼ਿਆਦਾਤਰ ਗਊਆਂ 'ਚ ਚਮੜੀ ਦੇ ਰੋਗ ਵਜੋਂ ਹੋ ਰਹੀ ਹੈ, ਜਿਸ ਦਾ ਕਾਰਨ ਕੈਪਰੀ ਪੋਕਸ ਵਿਸ਼ਾਣੂ ਹੈ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੀਮਾਰ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਤੋਂ ਦੂਰ ਰੱਖਣ।

ਇਹ ਵੀ ਪੜ੍ਹੋ : ਜੀ. ਐੱਸ. ਟੀ. ਮੋਬਾਈਲ ਵਿੰਗ ਦੀ ਰੇਲਵੇ ਸਟੇਸ਼ਨ ’ਤੇ ਛਾਪੇਮਾਰੀ : ਲੱਖਾਂ ਦੀ ਕੀਮਤ ਵਾਲੇ 8 ਨਗ ਜ਼ਬਤ

ਉਨ੍ਹਾਂ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਪ੍ਰਭਾਵਿਤ ਪਸ਼ੂਆਂ ਦੀ ਪਛਾਣ ਕਰ ਕੇ ਉਨ੍ਹਾਂ ਦਾ ਸੁਚਾਰੂ ਢੰਗ ਨਾਲ ਇਲਾਜ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਦੀ ਸੁਵਿਧਾ ਲਈ ਇਸ ਬੀਮਾਰੀ ਸਬੰਧੀ ਉਪਾਅ ਅਤੇ ਇਸ ਬੀਮਾਰੀ ਨਾਲ ਮਾਰੇ ਗਏ ਪਸ਼ੂਆਂ ਦੀਆਂ ਲਾਸ਼ਾਂ ਦੇ ਨਿਪਟਾਰੇ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਜਾ ਚੁੱਕੀ ਹੈ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਲੰਪੀ ਸਕਿਨ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਪਸ਼ੂ ਪਾਲਕ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ, ਜਿਸ ਨਾਲ ਉਹ ਲੰਪੀ ਸਕਿਨ ਬੀਮਾਰੀ ਨਾਲ ਪ੍ਰਭਾਵਿਤ ਸ਼ੱਕੀ ਪਸ਼ੂਆਂ ਦਾ ਆਵਾਗਮਨ ਪੂਰਨ ਰੂਪ ਨਾਲ ਬੰਦ ਕਰਨ।

ਉਨ੍ਹਾਂ ਕਿਹਾ ਕਿ ਇਹ ਬੀਮਾਰੀ ਵਿਸ਼ਾਣੂ, ਮੱਖੀ, ਮੱਛਰ ਰਾਹੀਂ ਫੈਲਦੀ ਹੈ, ਇਸ ਲਈ ਮੱਖੀ, ਮੱਛਰ ਦੀ ਰੋਕਥਾਮ ਲਈ ਹਰ ਸੰਭਵ ਯਤਨ ਕੀਤੇ ਜਾਣ। ਉਨ੍ਹਾਂ ਪਸ਼ੂ ਪਾਲਕਾਂ ਨੂੰ ਹੈਂਡ ਸੈਨੇਟਾਈਜ਼ਰ, ਫੇਸ ਮਾਸਕ ਅਤੇ ਦਸਤਾਨੇ ਦੀ ਵਰਤੋਂ ਕਰਨ ਲਈ ਕਿਹਾ ਅਤੇ ਅਪੀਲ ਕੀਤੀ ਕਿ ਉਹ ਬੀਮਾਰ ਪਸ਼ੂਆਂ ਦੇ ਸੇਵਾਦਾਰਾਂ ਨੂੰ ਤੰਦਰੁਸਤ ਪਸ਼ੂਆਂ ਦੇ ਸ਼ੈੱਡਾਂ ਵਿਚ ਨਾ ਭੇਜਣ। ਡਾ. ਹਰਜੀਤ ਸਿੰਘ ਨੇ ਪਸ਼ੂ ਪਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਸ਼ੂਆਂ ਵਿਚ ਐੱਲ.ਸੀ.ਡੀ. ਦੇ ਲੱਛਣ ਦਿਸਣ ’ਤੇ ਜਲਦ ਤੋਂ ਜਲਦ ਆਪਣੇ ਨਜ਼ਦੀਕੀ ਪਸ਼ੂ ਸੰਸਥਾ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤਹਿਸੀਲ ਦੇ ਪਸ਼ੂ ਪਾਲਕ ਜ਼ਰੂਰਤ ਪੈਣ ’ਤੇ ਡਾ. ਗੁਰਦੀਪ ਸਿੰਘ, ਗੜ੍ਹਸ਼ੰਕਰ ਦੇ ਪਸ਼ੂ ਪਾਲਕ ਡਾ. ਹਰਜੀਤ ਸਿੰਘ, ਦਸੂਹਾ ਦੇ ਪਸ਼ੂ ਪਾਲਕ ਡਾ. ਜਸਪਾਲ ਸਿੰਘ ਦੇ ਮੋਬਾਇਲ ਅਤੇ ਤਹਿਸੀਲ ਮੁਕੇਰੀਆਂ ਦੇ ਪਸ਼ੂ ਪਾਲਕ ਡਾ. ਚਰਨਜੀਤ ਸਿੰਘ ਨਾਲ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ : ‘ਘਰ-ਘਰ ਰਾਸ਼ਨ’ ਸਕੀਮ ਨਾਲ 1.54 ਕਰੋੜ ਲੋਕਾਂ ਦੇ 170 ਕਰੋੜ ਰੁਪਏ ਬਚਣਗੇ : ਕਟਾਰੂਚੱਕ


Anuradha

Content Editor

Related News