ਮਾਨਸਿਕ ਤਣਾਅ ਦੂਰ ਕਰਨ ਵਿਚ ਜਾਣੋ ਕੀ ਹੈ ਯੋਗ ਅਭਿਆਸ ਦੀ ਮਹੱਤਤਾ

Sunday, Jun 21, 2020 - 04:20 PM (IST)

ਮਾਨਸਿਕ ਤਣਾਅ ਦੂਰ ਕਰਨ ਵਿਚ ਜਾਣੋ ਕੀ ਹੈ ਯੋਗ ਅਭਿਆਸ ਦੀ ਮਹੱਤਤਾ

ਸੰਨ 2015 ਤੋਂ "ਅੰਤਰਰਾਸ਼ਟਰੀ ਯੋਗ ਦਿਵਸ" ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। 27 ਸਤੰਬਰ, 2014 ਨੂੰ 'ਸੰਯੁਕਤ ਰਾਸ਼ਟਰ ਮਹਾਂਸਭਾ' ਵਿਖੇ ਆਪਣੇ ਭਾਸ਼ਣ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਪੱਧਰ ਤੇ ਯੋਗ ਦਿਵਸ ਮਨਾਉਣ ਦੀ ਤਜਵੀਜ਼ ਰੱਖੀ। 21 ਜੂਨ, 2015 ਨੂੰ 192 ਮੁਲਕਾਂ ਦੇ ਲੱਖਾਂ ਲੋਕਾਂ ਦੁਆਰਾ ਪਹਿਲਾਂ ਯੋਗ ਦਿਵਸ ਮਨਾਇਆ ਗਿਆ।  ਇਸ ਤਾਰੀਖ਼ ਨੂੰ ਇਸ ਲਈ ਚੁਣਿਆ ਗਿਆ, ਕਿਉਂਕਿ 21 ਜੂਨ ਸਾਡੇ ਗ੍ਰਹਿ ਧਰਤੀ ਦੇ ਉੱਤਰੀ ਅਰਧ ਗੋਲੇ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ। ਕੋਵਿਡ-19 ਮਹਾਮਾਰੀ ਦੇ ਕਾਰਨ ਸੰਸਾਰ ਇੱਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਲੋਕ ਇਸ ਬੀਮਾਰੀ ਤੋਂ ਬਚਣ ਲਈ ਆਪਣੇ ਘਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਇਸ ਮਹਾਮਾਰੀ ਦੇ ਮੱਦੇਨਜ਼ਰ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਡਿਜੀਟਲ ਮੀਡੀਆ ਦੇ ਵਰਚੁਅਲ ਪਲੈਟਫਾਰਮਾਂ ’ਤੇ ਮਨਾਇਆ ਜਾਵੇਗਾ। ਵਰਤਮਾਨ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਾਲ ਦੇ ਯੋਗ ਦਿਵਸ ਦਾ ਵਿਸ਼ਾ "ਘਰ ਵਿੱਚ ਯੋਗ ਅਤੇ ਪਰਿਵਾਰ ਨਾਲ ਯੋਗਾ" ਹੈ, ਜਿਸਦਾ ਉਦੇਸ਼ ਲੋਕਾਂ ਨੂੰ ਘਰਾਂ ਵਿੱਚ ਰਹਿ ਕੇ ਯੋਗ ਕਰਨ ਲਈ ਉਤਸ਼ਾਹਿਤ ਕਰਨਾ ਹੈ ।

'ਯੋਗਾ' ਸ਼ਬਦ ਸੰਸਕ੍ਰਿਤ ਸ਼ਬਦ 'ਯੁਜ' ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ 'ਜੁੜਨਾ ਜਾਂ ਜੋੜਨਾ' ਹੈ। ਇਹ ਸਰੀਰ ਅਤੇ ਮਨ ਦੇ ਮਿਲਾਪ ਦਾ ਪ੍ਰਤੀਕ ਹੈ। ਯੋਗ ਅਭਿਆਸ ਦਾ ਵਿਗਿਆਨਕ ਅਧਿਐਨ ਦਰਸਾਉਂਦਾ ਹੈ ਕਿ ਮਾਨਸਿਕ ਅਤੇ ਸਰੀਰਕ ਸਿਹਤ ਵਿਚਾਲੇ ਬਹੁਤ ਗੂੜ੍ਹਾ ਅਤੇ ਅਨਿੱਖੜਵਾਂ ਸੰਬੰਧ ਹੈ। ਯੋਗਿਕ ਸ਼ਾਸਤਰਾਂ ਦੇ ਅਨੁਸਾਰ ਯੋਗ ਦਾ ਅਭਿਆਸ ਵਿਅਕਤੀਗਤ ਚੇਤਨਾ ਨੂੰ ਸਰਵ ਵਿਆਪਕ ਚੇਤਨਾ ਨਾਲ ਜੋੜਦਾ ਹੈ, ਜੋ ਕਿ ਮਨ ਅਤੇ ਸਰੀਰ, ਮਨੁੱਖ ਅਤੇ ਕੁਦਰਤ ਦੇ ਵਿਚਕਾਰ ਸੰਪੂਰਨ ਸੰਯੋਜਨ ਨੂੰ ਦਰਸਾਉਂਦਾ ਹੈ। ਇਹ ਸਿਹਤਮੰਦ ਜ਼ਿੰਦਗੀ ਜਿਉਣ ਦੀ ਇੱਕ ਕਲਾ ਹੈ। ਭਾਰਤ ਵਿੱਚ ਯੋਗ ਅਭਿਆਸ ਦੀ ਸ਼ੁਰੂਆਤ ਪੰਜਵੀਂ ਸਦੀ ਤੋਂ ਵੈਦਿਕ ਪਰੰਪਰਾਵਾਂ ਅਨੁਸਾਰ ਕੀਤੀ ਗਈ ਹੈ, ਜੋ ਮਾਨਸਿਕ ਅਤੇ ਸਰੀਰਕ ਰੋਗਾਂ ਨੂੰ ਠੀਕ ਕਰਨ ਅਤੇ ਸਰੀਰਕ ਤੰਦਰੁਸਤੀ ਬਣਾਈ ਰੱਖਣ ਲਈ ਲਾਭਕਾਰੀ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਦੁਨੀਆ ਨੂੰ ਭਾਰੀ ਪ੍ਰੇਸ਼ਾਨੀ ਅਤੇ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪਿਆ ਹੈ।

ਆਲਮੀ ਯੋਗ ਦਿਹਾੜਾ : ਮਨ ਅਤੇ ਆਤਮਾ ਦਾ ਸੁਮੇਲ ਮਨੁੱਖੀ ਸਰੀਰ

ਇਹ ਵਾਇਰਸ ਮਹਾਮਾਰੀ ਅੱਜ ਦੀ ਪੀੜ੍ਹੀ ਦੇ ਲਈ ਸਭ ਤੋਂ ਵੱਡੀ ਚੁਨੌਤੀ ਬਣ ਚੁੱਕੀ ਹੈ। ਜਦੋਂ ਸਾਡੇ ਆਲ਼ੇ ਦੁਆਲੇ ਦੀ ਜ਼ਿੰਦਗੀ ਇੱਕ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੋਵੇ ਹੋਵੇ ਤਾਂ ਉਦੋਂ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਮਨੁੱਖ ਦੇ ਰੂਪ ਵਿੱਚ ਆਪਣੀ ਪੂਰੀ ਵਾਹ ਲਾ ਕੇ ਕੰਮ ਕਰੀਏ। ਇਹੋ ਜਿਹੀ ਸਥਿਤੀ ਵਿਚ ਸਾਡੀ ਸਰੀਰਕ ਤੰਦਰੁਸਤੀ, ਸਾਡੀ ਬੁੱਧੀ ਅਤੇ ਸਾਡੇ ਭਾਵਨਾਤਮਕ ਸੰਤੁਲਨ ਨੂੰ ਆਪਣੇ ਸਰਵ ਉੱਤਮ ਦਰਜੇ ’ਤੇ ਹੋਣਾ ਲਾਜ਼ਮੀ ਬਣ ਜਾਂਦਾ ਹੈ। ਸਾਡੀ ਜਨਮ ਦੀ ਬੁੱਧੀ ਹੁਣ ਭਰਪੂਰ ਰੂਪ ਵਿੱਚ ਕੰਮ ਕਰਨੀ ਚਾਹੀਦੀ ਹੈ । ਕਿਉਂਕਿ ਹੁਣ ਬਾਹਰ ਸੰਕਟ ਹੈ ਅਸੀਂ ਆਪਣੇ ਅੰਦਰ ਸੰਕਟ ਪੈਦਾ ਨਹੀਂ ਕਰ ਸਕਦੇ। ਜਦੋਂ ਵੀ ਕੋਈ ਬਾਹਰੀ ਸੰਕਟ ਜਾਂ ਤਣਾਅ ਸਾਡੇ ਸਮਾਜ ਵਿਚ, ਦੇਸ਼ ਅਤੇ ਦੁਨੀਆ ਵਿੱਚ ਜਾਂ ਕਿਸੇ ਮਨੁੱਖ ਦੇ ਜੀਵਨ ਵਿਚ ਆਉਂਦਾ ਹੈ ਤਾਂ ਜ਼ਿਆਦਾਤਰ ਮਨੁੱਖ ਆਪਣੇ ਆਪ ਵਿੱਚ ਇੱਕ ਭਾਵਨਾਤਮਕ ਅਤੇ ਮਨੋਵਿਗਿਆਨਕ ਸੰਕਟ ਪੈਦਾ ਕਰ ਲੈਂਦੇ ਹਨ। ਇਹ ਮਨੁੱਖੀ ਸੁਭਾਅ ਹੈ ।

ਬੱਚਿਆਂ ਦੀ ਫ਼ਿਕਰ ਕਰਨ ਵਾਲੇ ਮਾਂ ਬਾਪ ਨੂੰ ਸਮਰਪਿਤ

ਕੋਵਿਡ-19 ਦੇ ਵਿਸ਼ਵ ਸੰਕਟ ਦੌਰਾਨ ਯੋਗ ਅਭਿਆਸ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦਾ ਹੈ, ਕਿਉਂਕਿ ਇਹ ਸਾਡੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ, ਜੋ ਬੀਮਾਰੀਆਂ ਨਾਲ ਲੜਨ ਲਈ ਬਹੁਤ ਜ਼ਰੂਰੀ ਹੈ। ਪ੍ਰਾਣਾਯਾਮ ਜਾਂ ਸਾਹ ਲੈਣ ਦੀਆਂ ਯੋਗਿਕ  ਕਸਰਤਾਂ ਰਾਹੀ ਅਸੀਂ ਪ੍ਰਭਾਵਸ਼ਾਲੀ ਢੰਗ ਨਾਲ ਸਾਹ ਲੈਣ ਦੀ ਵਿਧੀ ਸਿੱਖਦੇ ਹਾਂ ਅਤੇ ਆਪਣੇ ਫੇਫੜਿਆਂ ਦੇ ਪੂਰੀ ਸਮਰੱਥਾ ਦੇ ਵਰਤੋਂ ਕਰਕੇ ਆਪਣੇ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਨੂੰ ਪੰਜ ਗੁਣਾ ਵਧਾ ਸਕਦੇ ਹਾਂ। ਦਿਮਾਗ਼, ਦਿਲ, ਫੇਫੜਿਆਂ ਅਤੇ ਪਾਚਨ ਪ੍ਰਣਾਲੀਆਂ ਨੂੰ ਖ਼ੂਨ ਰਾਹੀਂ ਪਹੁੰਚਦੀ ਇਸ ਭਰਪੂਰ ਆਕਸੀਜਨ ਦੁਆਰਾ, ਸਾਡੇ ਅੰਗਾਂ ਦੇ ਕੰਮ-ਕਾਜ ਅਤੇ ਸਾਡੀ ਸਮੁੱਚੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਯੋਗ ਕਸਰਤਾਂ, ਸਵੈ-ਸ਼ਾਂਤੀ ਤੇ ਧਿਆਨ ਦੀਆ ਤਕਨੀਕਾਂ, ਸਾਹ ਨੂੰ ਨਿਯੰਤਰਿਤ ਕਰਕੇ, ਬਲੱਡ ਪ੍ਰੈਸ਼ਰ ਅਤੇ ਦਿਲ ਦੀ ਗਤੀ ਨੂੰ ਘਟਾਉਣ ਵਿੱਚ ਮਦਦ ਕਰਦੀਆਂ ਹਨ, ਜਿਸ ਨਾਲ ਮਾਨਸਿਕ ਤਣਾਅ ਘਟਦਾ ਹੈ ਅਤੇ ਮਨ ਸ਼ਾਂਤ ਰਹਿੰਦਾ ਹੈ।

ਨਿਯਮਤ ਯੋਗ ਅਭਿਆਸ ਅਤੇ ਮਨਨ ਕਰਨ ਨਾਲ ਸਾਡੇ ਸਰੀਰ ਵਿੱਚ ਰੋਜ਼ਾਨਾ ਪੈਦਾ ਹੋਣ ਵਾਲੇ ਤਣਾਅ ਦੇ ਹਾਰ ਮੋਨ ਦੇ ਪੱਧਰ ਡਿਗਦੇ ਹਨ ਅਤੇ ਸਾਡੀ ਤਣਾਅ ਨੂੰ ਸਹਿਣ ਕਰਨ ਦੀ ਯੋਗਤਾ ਵਧਦੀ ਹੈ। ਹਰ ਉਮਰ ਦਾ ਵਿਅਕਤੀ ਆਪਣੇ ਘਰ ਦੇ ਵਿੱਚ ਬੈਠ ਕੇ ਯੋਗ ਅਭਿਆਸ ਕਰ ਸਕਦਾ ਹੈ। ਮੌਜੂਦਾ ਸਮੇਂ ਵਿੱਚ ਜਿੱਥੇ ਇੱਕ ਲੜਾਈ ਅਸੀਂ ਕੋਰੋਨਾ ਵਾਇਰਸ ਨਾਲ ਲੜ ਰਹੇ ਹਾਂ ਉਸ ਤੋਂ ਵੀ ਵੱਡੀ ਲੜਾਈ ਹਰ ਇਨਸਾਨ ਮਾਨਸਿਕ ਤਣਾਅ ਤੋਂ ਬਚਣ ਅਤੇ ਚਿੰਤਾ ਨੂੰ ਦੂਰ ਕਰਨ ਲਈ ਲੜ ਰਿਹਾ ਹੈ। ਵਿਗਿਆਨਕ ਅਧਿਐਨ ਦੱਸਦੇ ਹਨ ਕਿ ਯੋਗ ਅਭਿਆਸ ਤਣਾਅ ਅਤੇ ਚਿੰਤਾ ਨੂੰ ਘਟਾਉਣ ਵਿੱਚ ਸਹਾਇਤਾ ਕਰਦੇ ਹਨ। ਜਦੋਂ ਮਨ ਤੇ ਸਰੀਰ ਜੁੜੇ ਹੋਏ ਹੁੰਦੇ ਹਨ ਅਤੇ ਸਾਡੀ ਜ਼ਿੰਦਗੀ ਵਿੱਚ ਇਕਸੁਰਤਾ ਤੇ ਸੌਖ ਦੀ ਭਾਵਨਾ ਪੈਦਾ ਹੁੰਦੀ ਹੈ। ਜਦੋਂ ਅਸੀਂ ਤਣਾਅ ਜਾਂ ਦਬਾਅ ਵਿੱਚੋਂ ਦੀ ਸਥਿਤੀ ’ਚੋਂ ਲੰਘ ਰਹੇ ਹੁੰਦੇ ਹਾਂ ਤਾਂ ਸਾਡਾ ਸਰੀਰ ਸਾਨੂੰ ਮਹੱਤਵਪੂਰਨ ਸੰਕੇਤ ਭੇਜਦਾ ਹੈ, ਉਨ੍ਹਾਂ ਸੰਕੇਤਾਂ ਦਾ ਜਵਾਬ ਦੇਣ ਦੀ ਯੋਗਤਾ ਰੱਖਣਾ ਸਾਡੀ ਤੰਦਰੁਸਤੀ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ।

ਦੰਦਾਂ ਦੀ ਸਾਂਭ-ਸੰਭਾਲ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਹੋਣਗੇ ਕਈ ਫਾਇਦੇ

ਯੋਗਿਕ ਪ੍ਰਕਿਰਿਆਵਾਂ ਦਾ ਇੱਕ ਸਭ ਤੋਂ ਬੁਨਿਆਦੀ ਪਹਿਲੂ ਇਹ ਹੈ ਕਿ ਤੁਸੀਂ, ਤੁਹਾਡੇ ਅਤੇ ਤੁਹਾਡੀਆਂ ਸਰੀਰਕ ਪ੍ਰਕਿਰਿਆਵਾਂ  ਦੇ ਵਿਚਕਾਰ, ਤੁਹਾਡੇ ਅਤੇ ਤੁਹਾਡੀਆਂ ਮਨੋਵਿਗਿਆਨਕ ਪ੍ਰਕਿਰਿਆਵਾਂ ਦੇ ਵਿਚਕਾਰ ਥੋੜ੍ਹੀ ਜਿਹੀ ਦੂਰੀ ਪੈਦਾ ਕਰਨ ਦੇ ਯੋਗ ਹੋ ਜਾਂਦੇ ਹੋ। ਸਰੀਰਕ ਤੌਰ ’ਤੇ ਤੰਦਰੁਸਤੀ ਜਾਂ ਸਰੀਰਕ ਕਸ਼ਟ, ਮਨੋਵਿਗਿਆਨਕ ਤੰਦਰੁਸਤੀ ਜਾਂ ਮਨੋਵਿਗਿਆਨਕ ਕਸ਼ਟ ਕੇਵਲ ਇਹੀ ਦੋ ਪਹਿਲੂ ਹੀ ਹਨ, ਜਿਸ ਵਿੱਚ ਮਨੁੱਖ ਖ਼ੁਸ਼ ਹੋ ਸਕਦਾ ਹੈ ਜਾਂ ਦੁੱਖ ਸਹਿ ਸਕਦਾ ਹੈ। ਯੋਗ ਦੀ ਇੱਕ ਮੁੱਖ ਧਾਰਨਾ ਆਪਣੇ ਆਪ ਅਤੇ ਦੂਜਿਆਂ ਪ੍ਰਤੀ ਨਿਰਨਾਇਕ ਹੋਣਾ ਹੈ, ਜੋ ਤਣਾਅ ਤੋਂ ਛੁਟਕਾਰਾ ਪਾਉਣ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ, ਕਿਉਂਕਿ ਸਾਡਾ ਬਹੁਤ ਸਾਰਾ ਤਣਾਅ ਸਾਡੇ ਦੁਆਰਾ ਆਪਣੇ ਆਪ ਤੇ ਕਠੋਰ ਜਾਂ ਦੂਜਿਆਂ ਤੋਂ ਨਿਰਾਸ਼ ਹੋਣ ਦੇ ਕਾਰਨ ਆਉਂਦਾ ਹੈ।

ਵਿਗਿਆਨਕ ਅਧਿਐਨ ਦੱਸਦੇ ਹਨ ਕਿ ਮਹਾਮਾਰੀ ਦੇ ਇਸ ਸਮੇਂ ਤੇ ਇਸ ਮਹਾਮਾਰੀ ਦੀ ਸਥਿਤੀ ਦੇ ਬਾਅਦ ਮਨੁੱਖ ਜਾਤੀ ਲਈ ਸਭ ਤੋਂ ਵੱਡੀ ਚੁਨੌਤੀ ਮਨੋਵਿਗਿਆਨਕ ਸੰਕਟ ਦੀ ਹੋਵੇਗੀ। ਉਦਾਸੀ ਚਿੰਤਾ ਜਾਂ ਤਣਾਅ ਨਾਲ ਜੂਝ ਰਹੇ ਬਹੁਤ ਸਾਰੇ ਮਰੀਜ਼ਾਂ ਲਈ ਅਤੇ ਲੱਛਣਾਂ ਦੇ ਬਿਹਤਰ ਪ੍ਰਬੰਧਨ ਲਈ ਯੋਗ ਇੱਕ ਬਹੁਤ ਹੀ ਆਕਰਸ਼ਕ ਢੰਗ ਹੋ ਸਕਦਾ ਹੈ। ਇਸ ਕਰਕੇ ਯੋਗ ਅਭਿਆਸ ਮਨੁੱਖ ਲਈ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਲਈ ਇੱਕ ਤੁਲਨਾਤਮਿਕ ਤੌਰ ’ਤੇ ਘੱਟ ਜੋਖ਼ਮ ਵਾਲਾ ਅਤੇ ਉੱਚ ਉਪਜ ਵਾਲਾ ਪਹੁੰਚ ਬਣ ਸਕਦਾ ਹੈ।

ਪ੍ਰੋਫੈਸਰ ਰਾਜਦੀਪ ਸਿੰਘ ਧਾਲੀਵਾਲ
ਮੁਖੀ, ਪੋਸਟ ਗ੍ਰੈਜੂਏਟ ਖੇਤੀਬਾੜੀ ਵਿਭਾਗ
ਖ਼ਾਲਸਾ ਕਾਲਜ ਪਟਿਆਲਾ
ਮੋਬਾਈਲ: 7696553151


author

rajwinder kaur

Content Editor

Related News