ਨਿਰੋਗ ਰਹਿਣ ਲਈ ਜ਼ਰੂਰੀ ਹੈ ਯੋਗ

03/12/2018 12:23:07 PM

ਨਵੀਂ ਦਿੱਲੀ— ਯੋਗ ਭਾਰਤ ਦੀ ਪ੍ਰਾਚੀਨ ਜੀਵਨ ਸ਼ੈਲੀ ਹੈ। ਤਨ, ਮਨ ਅਤੇ ਆਤਮਾ ਨੂੰ ਇਕੱਠੇ ਲਿਆਉਣਾ ਹੀ ਯੋਗ ਹੈ। ਇਸ ਨਾਲ ਸਿਰਫ ਬੀਮਾਰੀਆਂ ਤੋਂ ਹੀ ਮੁਕਤੀ ਨਹੀਂ ਮਿਲਦੀ ਸਗੋਂ  ਮਾਨਸਿਕ ਪ੍ਰੇਸ਼ਾਨੀਆਂ ਵੀ ਦੂਰ ਕੀਤੀਆਂ ਜਾ ਸਕਦੀਆਂ ਹਨ। ਹਾਲਾਂਕਿ ਇਸ ਮਾਡਰਨ ਲਾਈਫ ਸਟਾਈਲ 'ਚ ਲੋਕ ਖੁਦ ਨੂੰ ਫਿਟ ਰੱਖਣ ਲਈ ਜਿਮ ਵੱਲ ਜ਼ਿਆਦਾ ਆਕਰਸ਼ਿਤ ਹੋ ਰਹੇ ਹਨ ਪਰ ਜੋ ਲਾਭ ਸਾਨੂੰ ਯੋਗ ਤੋਂ ਮਿਲ ਸਕਦਾ ਹੈ, ਉਹ ਹੋਰ ਕਿਸੇ ਬਦਲ ਤੋਂ ਨਹੀਂ। ਸਿਹਤ ਸਬੰਧੀ ਸੋਧਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਯੋਗ ਸਰੀਰਕ ਤੇ ਮਾਨਸਿਕ ਰੂਪ ਨਾਲ ਮਨੁੱਖ ਜਾਤੀ ਲਈ ਵਰਦਾਨ ਹੈ। ਯੋਗ ਤੇ ਮੈਡੀਟੇਸ਼ਨ 'ਚ ਕਮਰ ਦਰਦ, ਆਰਥੋਰਾਈਟਿਸ, ਇਮਊਨ ਸਿਸਟਮ, ਅਸਥਮਾ, ਬਲੱਡ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਵਰਗੀਆਂ ਪ੍ਰੇਸ਼ਾਨੀਆਂ ਬਿਨਾਂ ਦਵਾਈ ਦੂਰ ਕਰਨ ਦੀ ਪੂਰੀ ਸਮਰੱਥਾ ਹੈ।
ਉਥੇ ਸ਼ਾਸਤਰਾਂ ਅਨੁਸਾਰ ਯੋਗ 'ਚ ਬਹੁਤ ਆਸਨ ਸ਼ਾਮਲ ਹਨ ਪਰ ਮੌਜੂਦਾ ਸਮੇਂ 'ਚ 32 ਆਸਨ ਹੀ ਮਸ਼ਹੂਰ ਹਨ, ਜਿਨ੍ਹਾਂ ਦੀ ਪ੍ਰੈਕਟਿਸ ਸਰੀਰਕ, ਮਾਨਸਿਕ ਅਤੇ ਅਧਿਆਤਮਕ ਰੂਪ ਨਾਲ ਸਿਹਤ ਲਾਭ ਤੇ ਇਲਾਜ ਲਈ ਕੀਤੀ ਜਾਂਦੀ ਹੈ।
1. ਦਮੇ ਲਈ ਅਨੁਲੋਮ-ਵਿਲੋਮ
ਇਹ ਆਸਨ ਉਨ੍ਹਾਂ ਲੋਕਾਂ ਲਈ ਸਭ ਤੋਂ ਉਤਮ ਹੈ, ਜਿਨ੍ਹਾਂ ਨੂੰ ਸਾਹ ਸਬੰਧੀ ਕੋਈ ਸਮੱਸਿਆ ਹੈ। ਅਨੁਲੋਮ-ਵਿਲੋਮ ਆਸਨ ਕਰਨ ਨਾਲ ਫੇਫੜਿਆਂ ਦੀ ਆਕਸੀਜਨ ਗ੍ਰਹਿਣ ਕਰਨ ਦੀ ਸਮਰੱਥਾ ਵਧਦੀ ਹੈ, ਜਿਸ ਨਾਲ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਜ਼ਿਆਦਾ ਆਕਸੀਜਨ ਮਿਲਣ ਲੱਗਦੀ ਹੈ। ਦਮੇ ਤੋਂ ਇਲਾਵਾ ਇਹ ਆਸਨ ਐਲਰਜੀ, ਸਾਈਨੋਸਾਈਟਿਸ, ਨਜ਼ਲਾ-ਜ਼ੁਕਾਮ ਵਰਗੇ ਲੋਕਾਂ ਲਈ ਬਹੁਤ ਫਾਇਦੇਮੰਦ ਹੈ।
2. ਹਾਈ ਬਲੱਡ ਪ੍ਰੈਸ਼ਰ ਲਈ ਸ਼ਵ ਆਸਨ
ਸ਼ਵ ਅਤੇ ਆਸਨ, ਦੋ ਸ਼ਬਦਾਂ ਦੇ ਯੋਗ ਨਾਲ ਬਣਿਆ ਇਕੋ-ਇਕ ਅਜਿਹਾ ਆਸਨ ਹੈ, ਜਿਸ ਨੂੰ ਹਰ ਉਮਰ ਵਰਗ ਦੇ ਲੋਕ ਕਰ ਸਕਦੇ ਹਨ ਪਰ ਹਾਈ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਇਹ ਆਸਨ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦੇ ਨਾਲ ਇਹ ਆਸਨ ਤਣਾਅ ਤੇ ਉਨੀਂਦਰਾ ਵਰਗੀਆਂ ਸਮੱਸਿਆਵਾਂ ਵੀ ਦੂਰ ਕਰਦਾ ਹੈ।
3. ਸਾਈਆਟਿਕਾ ਤੇ ਪਾਚਣ ਤੰਤਰ ਲਈ ਵਜਰ ਆਸਨ
ਭਰ ਪੇਟ ਖਾਣਾ ਖਾਣ ਦੇ ਤੁਰੰਤ ਬਾਅਦ ਸੌਣ ਜਾਂ ਟੀ. ਵੀ. ਦੇਖਣ ਨਾਲ ਪਾਚਣ ਸੰਬੰਧੀ ਪ੍ਰੇਸ਼ਾਨੀ ਹੋਣਾ ਆਮ ਹੈ। ਜੇਕਰ ਤੁਸੀਂ ਖਾਣਾ ਖਾਣ ਦੇ ਤੁਰੰਤ ਬਾਅਦ ਵਜਰ ਆਸਨ ਕਰੋ ਤਾਂ ਤੁਹਾਨੂੰ ਡਾਈਜੇਸ਼ਨ ਦੀ ਪ੍ਰ੍ਰੇਸ਼ਾਨੀ ਨਹੀਂ ਹੋਵੇਗੀ। ਇਹ ਆਸਨ ਸਾਈਆਟਿਕਾ ਰੋਗੀਆਂ ਲਈ ਸਹੀ ਹੈ। ਕਮਰ ਨਾਲ ਸੰਬੰਧਤ  ਕਿਸੇ ਇਕ ਵੀ ਨਸ 'ਚ ਸੋਜਿਸ਼ ਆਉਣ ਨਾਲ ਪੂਰੇ ਪੈਰ 'ਚ ਨਾ ਸਹਿਣਯੋਗ ਦਰਦ ਹੋਣ ਲੱਗਦਾ ਹੈ। ਇਸੇ ਸਮੱਸਿਆ ਨੂੰ ਸਾਈਆਟਿਕਾ ਕਹਿੰਦੇ ਹਨ। ਇਸ ਤੋਂ ਇਲਾਵਾ ਮਾਹਵਾਰੀ 'ਚ ਗੜਬੜੀ, ਰੀੜ੍ਹ ਦੀ ਹੱਡੀ ਦਾ ਮਜ਼ਬੂਤ ਨਾ ਹੋਣਾ, ਗੈਸ, ਕਬਜ਼ ਤੇ ਪਾਚਣ ਸਬੰਧੀ ਪ੍ਰੇਸ਼ਾਨੀਆਂ ਲਈ ਵੀ ਇਹ ਆਸਨ ਫਾਇਦੇਮੰਦ ਹੈ।
4. ਸਰੀਰ ਨੂੰ ਲਚਕੀਲਾ ਬਣਾਏ ਹਲ ਆਸਨ
ਸਰੀਰ ਦਾ ਲਚਕੀਲਾਪਨ ਰੀੜ੍ਹ ਦੀ ਹੱਡੀ 'ਤੇ ਨਿਰਭਰ ਕਰਦਾ ਹੈ। ਰੀੜ੍ਹ ਦੀ ਹੱਡੀ ਲਚਕੀਲੀ ਹੋਵੇਗੀ ਤਾਂ ਸਰੀਰ ਆਪਣੇ ਆਪ ਲਚਕੀਲਾ ਹੋਵੇਗਾ। ਹਲ ਆਸਨ  ਕਰਨ ਨਾਲ ਰੀੜ੍ਹ ਦੀ ਹੱਡੀ ਹਮੇਸ਼ਾ ਜਵਾਨ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਇਸ ਆਸਨ ਦੀ ਰੈਗੂਲਰ ਪ੍ਰੈਕਟਿਸ ਨਾਲ ਕਬਜ਼, ਥਾਇਰਾਈਡ, ਸਮੇਂ ਤੋਂ ਪਹਿਲਾਂ ਬੁਢਾਪਾ, ਦਮਾ, ਕਫਰ, ਖੂਨ ਨਾਲ ਸੰਬੰਧਤ ਰੋਗ ਆਦਿ ਦੂਰ ਹੁੰਦੇ ਹਨ ਪਰ ਧਿਆਨ ਰਹੇ ਕਿ ਰੀੜ੍ਹ ਸਬੰਧੀ ਤੇ ਗਲੇ 'ਚ ਕੋਈ ਗੰਭੀਰ ਰੋਗ ਹੋਣ ਦੀ ਹਾਲਤ 'ਚ ਇਹ ਆਸਨ ਨਾ ਕਰੋ।
5. ਡਿਪ੍ਰੈਸ਼ਨ ਲਈ ਮੈਡੀਟੇਸ਼ਨ
ਮੈਡੀਟੇਸ਼ਨ ਮਤਲਬ ਧਿਆਨ ਲਾਉਣਾ। ਇਹ ਸ਼ੈਲੀ ਸਿਰਫ ਸਾਡੇ ਦੇਸ਼ 'ਚ ਹੀ ਨਹੀਂ, ਵਿਦੇਸ਼ਾਂ 'ਚ ਵੀ ਖੂਬ ਤੇਜ਼ੀ ਨਾਲ ਫੈਲ ਰਹੀ ਹੈ। ਦਿਨ ਭਰ ਦੀ ਭੱਜ ਦੌੜ, ਕੰਮ ਦੇ ਪ੍ਰੈਸ਼ਰ ਆਦਿ ਨਾਲ ਅੱਜ 5 'ਚੋਂ 2 ਵਿਅਕਤੀ ਮਾਨਸਿਕ ਤਣਾਅ ਮਤਲਬ ਡਿਪ੍ਰੈਸ਼ਨ ਦੇ ਸ਼ਿਕਾਰ ਹਨ। ਇਸ ਤੋਂ ਮੁਕਤੀ ਪਾਉਣ ਦਾ ਸਭ ਤੋਂ ਬਿਹਤਰ ਬਦਲ ਹੈ ਧਿਆਨ ਲਾਉਣਾ, ਜਿਥੇ ਮੈਡੀਟੇਸ਼ਨ ਨਾਲ ਆਤਮਿਕ ਸ਼ਾਂਤੀ ਮਿਲਦੀ ਹੈ, ਉਥੇ ਮਨ ਦੀ ਇਕਾਗਰਤਾ ਨਾਲ ਕੰਮ ਕਰਨ ਦੀ ਸ਼ਕਤੀ ਵੀ ਵਧਦੀ ਹੈ।
ਧਿਆਨ ਰੱਖੋ : ਯੋਗ ਤੁਹਾਨੂੰ ਉਦੋਂ ਫਾਇਦਾ ਦੇਵੇਗਾ ਜਦੋਂ ਤੁਸੀਂ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਕਰੋਗੇ। ਇਸ ਨੂੰ ਯੋਗ ਚਿਕਿਤਸਕ ਦੀ ਸਹੀ ਸਲਾਹ ਨਾਲ ਕਰਨਾ ਹੀ ਬਿਹਤਰ ਹੈ।


Related News