ਵਹਿਮ ਕਰਨ ਦੀ ਲੋੜ ਨਹੀਂ ! ਪਾਣੀ ਪੀਣ ਦੇ ਸਹੀ ਤਰੀਕੇ ਤੋਂ ਲੈ ਕੇ ਹੋਰ ਵੀ ਕਈ ਕੁਝ, ਜਾਣੋ ਲੰਬੀ ਜ਼ਿੰਦਗੀ ਜਿਊਣ ਦੇ ਨੁਸਖ਼ੇ
Tuesday, Nov 18, 2025 - 10:30 AM (IST)
ਹੈਲਥ ਡੈਸਕ- ਅੱਜ ਦੇ ਦੌਰ 'ਚ ਪਾਣੀ ਪੀਣ ਦੇ ਸਹੀ ਢੰਗ, ਜਿਵੇਂ ਕਿ ਖੜ੍ਹੇ ਹੋ ਕੇ ਪੀਣਾ ਜਾਂ ਬੈਠ ਕੇ ਪੀਣਾ, ਨੂੰ ਲੈ ਕੇ ਫੈਲੇ ਵੱਖ-ਵੱਖ ਵਹਿਮਾਂ ਅਤੇ ਭਰਮਾਂ ਬਾਰੇ ਲੋਕਾਂ 'ਚ ਬਹੁਤ ਉਲਝਣ ਹੈ। ‘ਜਗਬਾਣੀ’ ਦੇ ਇਕ ਵੀਡੀਓ 'ਚ ਮਾਹਿਰ ਨੇ ਇਨ੍ਹਾਂ ਸਾਰੇ ਭਰਮਾਂ ਨੂੰ ਦੂਰ ਕਰਦਿਆਂ ਲੰਬੀ ਜ਼ਿੰਦਗੀ ਜਿਊਣ ਦੀਆਂ ਕੁੰਜੀਆਂ ਅਤੇ ਰਸੋਈ ਦੇ ਘਰੇਲੂ ਨੁਸਖਿਆਂ ਦੀ ਸਹੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ।
ਪਾਣੀ ਪੀਣ ਦੇ ਤਰੀਕੇ ਬਾਰੇ ਫੈਲੇ ਭਰਮ ਦੂਰ
ਮਾਹਿਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਕਿਸੇ ਭਰਮ ਦੀ ਲੋੜ ਨਹੀਂ ਹੈ ਅਤੇ ਜਿੱਦਾਂ ਮਨ ਕਰਦਾ ਹੈ, ਉਦਾਂ ਪਾਣੀ ਪੀਣਾ ਚਾਹੀਦਾ ਹੈ। ਇਕ ਆਮ ਮਿੱਥ ਇਹ ਹੈ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਇਹ ਸਿੱਧਾ ਗੋਡਿਆਂ 'ਚ ਚਲਾ ਜਾਂਦਾ ਹੈ ਜਾਂ ਬਹਿ ਕੇ ਪੀਣ ਨਾਲ ਸਿੱਧਾ ਲੀਵਰ 'ਚ ਜਾਂਦਾ ਹੈ। ਇਸ ਬਾਰੇ ਸਰੀਰ ਵਿਗਿਆਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਾਣੀ ਪਹਿਲਾਂ ਪੇਟ 'ਚ ਜਾਂਦਾ ਹੈ, ਫਿਰ ਅੰਤੜੀਆਂ 'ਚ ਅਤੇ ਉਸ ਤੋਂ ਬਾਅਦ ਲੀਵਰ ਪਾਚਣ ਲਈ ਐਨਜ਼ਾਈਮ ਭੇਜਦਾ ਹੈ। ਇਸ ਲਈ, ਇਹ ਦਾਅਵਾ ਗਲਤ ਹੈ ਕਿ ਪਾਣੀ ਸਿੱਧਾ ਲੀਵਰ ਜਾਂ ਗੋਡਿਆਂ ਤੱਕ ਪਹੁੰਚ ਜਾਂਦਾ ਹੈ।
ਪਾਣੀ ਦਾ ਤਾਪਮਾਨ ਅਤੇ ਉਮਰ ਦਾ ਸਵਾਲ
- ਲੋਕ ਆਪਣੀ ਇੱਛਾ ਅਨੁਸਾਰ ਠੰਡਾ, ਗਰਮ ਜਾਂ ਤਾਜ਼ਾ ਪਾਣੀ ਪੀ ਸਕਦੇ ਹਨ। ਹਾਲਾਂਕਿ, ਕੁਝ ਸਥਿਤੀਆਂ 'ਚ ਤਾਪਮਾਨ ਬਦਲਣ ਦੀ ਸਲਾਹ ਦਿੱਤੀ ਜਾਂਦੀ ਹੈ:
- ਜੇਕਰ ਕਿਸੇ ਨੂੰ ਛਿੱਕਾਂ, ਰੇਸ਼ਾ ਜਾਂ ਜ਼ੁਕਾਮ ਹੈ, ਤਾਂ ਠੰਡਾ ਪਾਣੀ ਨਾ ਪੀਓ, ਸਗੋਂ ਗਰਮ ਪਾਣੀ ਪੀ ਲਓ।
- ਜੇਕਰ ਗੋਡੇ ਦੁੱਖਦੇ ਹਨ, ਤਾਂ ਬਹਿ ਕੇ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਲੰਬੀ ਜ਼ਿੰਦਗੀ ਜਿਊਣ ਬਾਰੇ ਗੱਲ ਕਰਦਿਆਂ, ਮਾਹਿਰ ਨੇ ਪੁਰਾਣੇ ਸਮੇਂ ਨੂੰ ਯਾਦ ਕੀਤਾ ਜਦੋਂ 30-40 ਸਾਲ ਪਹਿਲਾਂ ਲੋਕ ਨਲਕਾ ਗੇੜ ਕੇ ਵੀ ਪਾਣੀ ਪੀ ਲੈਂਦੇ ਸਨ ਅਤੇ ਉਦੋਂ ਦੀ ਔਸਤ ਉਮਰ 70, 80 ਜਾਂ 90 ਸਾਲ ਸੀ। ਅੱਜ ਦੇ ਦੌਰ 'ਚ, ਜਦੋਂ ਇੰਨੀਆਂ ਸਾਰੀਆਂ ਟੈਕਨੀਕਸ ਡਿਵੈਲਪ ਹੋ ਗਈਆਂ ਹਨ, ਵੱਡੇ-ਵੱਡੇ ਹਸਪਤਾਲ ਹਨ, ਫਿਰ ਵੀ ਅੱਜ ਲੋਕ 65 ਸਾਲ ਦੀ ਜ਼ਿੰਦਗੀ ਹੀ ਗੁਜ਼ਾਰ ਪਾਉਂਦੇ ਹਨ। ਇਸ ਲਈ, ਤਜਰਬੇ ਦੇ ਅਧਾਰ 'ਤੇ ਇਹ ਸਲਾਹ ਦਿੱਤੀ ਗਈ ਹੈ ਕਿ ਵਹਿਮਾਂ-ਭਰਮਾਂ ਚੋਂ ਆਪਣੇ ਆਪ ਨੂੰ ਬਾਹਰ ਕੱਢੋ।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
ਰਸੋਈ ਦੇ ਨੁਸਖੇ: ਵਰਤੋਂ ਦਾ ਸਹੀ ਢੰਗ ਜ਼ਰੂਰੀ
ਅਜੋਕੇ ਦੌਰ 'ਚ ਇਹ ਗੱਲ ਕਹੀ ਜਾ ਰਹੀ ਹੈ ਕਿ ਘਰ ਦੀ ਰਸੋਈ (ਜਿਵੇਂ ਦਾਲਚੀਨੀ, ਜੀਰਾ, ਅਜਵਾਇਨ, ਕਾਲੀ ਮਿਰਚ, ਇਲਾਇਚੀ) ਦੀ ਵਰਤੋਂ ਨਾਲ ਬੀਮਾਰੀਆਂ ਤੋਂ ਮੁਕਤੀ ਮਿਲ ਸਕਦੀ ਹੈ। ਪਾਣੀ 'ਚ ਨਿੰਬੂ, ਸ਼ਹਿਦ, ਜੀਰਾ ਜਾਂ ਤੁਲਸੀ ਪਾ ਕੇ ਪੀਣ ਨਾਲ ਪਤਲੇ ਹੋਣ ਜਾਂ ਹੋਰ ਲਾਭ ਹੋਣ ਦੀ ਗੱਲ ਵੀ ਕੀਤੀ ਜਾਂਦੀ ਹੈ।
ਹਾਲਾਂਕਿ, ਇਹ ਸਾਰੇ ਨੁਸਖੇ ਬਿਲਕੁਲ ਠੀਕ ਹਨ, ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਵਿਅਕਤੀ ਆਪਣੀ ਤਸੀਰ (ਸਰੀਰਕ ਪ੍ਰਕਿਰਤੀ) ਪਛਾਣੇ ਅਤੇ ਉਸ ਹਿਸਾਬ ਨਾਲ ਚੀਜ਼ਾਂ ਦਾ ਸੇਵਨ ਕਰੇ। ਮਾਹਿਰ ਨੇ ਚਿਤਾਵਨੀ ਦਿੱਤੀ ਕਿ ਹਰ ਚੀਜ਼ ਦੀ ਇਕ ਨਿਸ਼ਚਿਤ ਮਾਤਰਾ (ਡੋਜ਼) ਹੁੰਦੀ ਹੈ।
- ਉਦਾਹਰਣ ਵਜੋਂ, ਜੇ ਕੋਈ ਗਰਮ ਤਸੀਰ ਦਾ ਬੰਦਾ ਜ਼ਿਆਦਾ ਦਾਲਚੀਨੀ ਉਬਾਲ ਕੇ ਪੀ ਲਵੇ, ਤਾਂ ਉਸ ਦੇ ਮੂੰਹ 'ਚ ਛਾਲੇ ਹੋ ਸਕਦੇ ਹਨ ਜਾਂ ਬਵਾਸੀਰ ਹੋ ਸਕਦੀ ਹੈ।
- ਜ਼ਿਆਦਾ ਸੌਂਫ ਪਾ ਕੇ ਪੀਣ ਨਾਲ ਪੇਟ 'ਚ ਫਾਰਾ (ਬਲੋਟਿੰਗ) ਹੋ ਸਕਦਾ ਹੈ, ਹਾਲਾਂਕਿ ਸੌਂਫ ਆਮ ਤੌਰ 'ਤੇ ਫਾਰੇ ਨੂੰ ਰੋਕਦੀ ਹੈ।
- ਜੇ ਤੁਸੀਂ ਜ਼ਿਆਦਾ ਹਿੰਗ ਜਾਂ ਜੀਰਾ ਖਾ ਲਿਆ, ਤਾਂ ਡਕਾਰ ਆਉਣ ਲੱਗ ਪੈਂਦੇ ਹਨ।
ਇਸ ਤਰ੍ਹਾਂ ਵਰਤੋਂ ਕਰੋ ਇਹ ਨੁਸਖੇ (ਘੱਟ ਮਾਤਰਾ 'ਚ):
- ਤੇਜ਼ਾਬੀਪਣ ਘਟਾਉਣ ਲਈ: ਦੋ ਇਲਾਚੀਆਂ ਪਾਣੀ 'ਚ ਉਬਾਲ ਕੇ ਪੀਣ ਨਾਲ ਤੇਜ਼ਾਬ ਦੂਰ ਹੋ ਜਾਂਦਾ ਹੈ।
- ਮੋਟਾਪਾ ਘਟਾਉਣ ਲਈ: ਅੱਧਾ ਚਮਚ ਜੀਰਾ ਇਕ ਗਿਲਾਸ ਪਾਣੀ 'ਚ ਉਬਾਲ ਕੇ ਪੀਣ ਨਾਲ ਮੋਟਾਪਾ ਘਟਣਾ ਸ਼ੁਰੂ ਹੋ ਜਾਂਦਾ ਹੈ।
- ਸ਼ੂਗਰ ਅਤੇ ਕੋਲੈਸਟਰੋਲ: ਥੋੜ੍ਹੀ ਜਿਹੀ ਦਾਲਚੀਨੀ ਦੀ ਸਟਿੱਕ ਇਕ ਲੀਟਰ ਪਾਣੀ 'ਚ ਉਬਾਲ ਕੇ, ਜਦੋਂ ਉਹ ਇਕ ਗਲਾਸ ਰਹਿ ਜਾਵੇ, ਉਸ ਨੂੰ ਛਾਣ ਕੇ ਪੀਣ ਨਾਲ ਪ੍ਰੀ-ਡਾਇਬਟਿਕ ਸਟੇਟ ਅਤੇ ਕੋਲੈਸਟਰੋਲ ਮੈਟਾਬੋਲਿਜ਼ਮ ਬਿਹਤਰ ਹੋ ਜਾਂਦਾ ਹੈ। ਮਾਹਿਰ ਨੇ ਜ਼ੋਰ ਦਿੱਤਾ ਕਿ ਇਹ ਉਹ ਚੀਜ਼ਾਂ ਹਨ ਜੋ ਘੱਟ ਮਾਤਰਾ 'ਚ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਦਾ ਫਾਇਦਾ ਹੋ ਸਕੇ।
ਇਹ ਵੀ ਪੜ੍ਹੋ : ਗ੍ਰਹਿ ਪ੍ਰਵੇਸ਼ ਦੌਰਾਨ ਲਾੜੀ ਪੈਰ ਨਾਲ ਕਿਉਂ ਸੁੱਟਦੀ ਹੈ ਚੌਲਾਂ ਦਾ ਕਲਸ਼? ਜਾਣੋ ਇਸ ਪਰੰਪਰਾ ਦਾ ਰਹੱਸ
