ਅੱਖਾਂ ਦੀ ਰੌਸ਼ਨੀ ਵਧਾਉਣ ’ਚ ਬੇਹੱਦ ਲਾਭਦਾਇਕ ਨੇ ਇਹ 5 Foods, ਡਾਈਟ ’ਚ ਅੱਜ ਹੀ ਕਰੋ ਸ਼ਾਮਲ
Monday, Apr 17, 2023 - 11:41 AM (IST)
ਜਲੰਧਰ (ਬਿਊਰੋ)– ਅੱਖਾਂ ਕਮਜ਼ੋਰ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਤਣਾਅ, ਟੀ. ਵੀ. ਤੇ ਫ਼ੋਨ ਦੀ ਸਕ੍ਰੀਨ ਨਾਲ ਲਗਾਤਾਰ ਸੰਪਰਕ, ਬੁਢਾਪਾ, ਨੀਂਦ ਦੀ ਘਾਟ ਆਦਿ। ਮਾੜੀ ਖੁਰਾਕ ਤੁਹਾਡੀ ਕਮਜ਼ੋਰ ਨਜ਼ਰ ਨਾਲ ਜੁੜੀ ਹੋਈ ਹੈ। ਦੂਜੇ ਪਾਸੇ ਇਕ ਸੰਤੁਲਿਤ ਤੇ ਸਿਹਤਮੰਦ ਖੁਰਾਕ ਖਾਣ ਨਾਲ ਤੁਹਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ, ਨਜ਼ਰ ’ਚ ਸੁਧਾਰ ਕਰਨ ਤੇ ਅੱਖਾਂ ਦੀਆਂ ਬੀਮਾਰੀਆਂ ਦੇ ਜੋਖ਼ਮ ਨੂੰ ਘਟਾਉਣ ’ਚ ਮਦਦ ਕਰਦੀ ਹੈ।
ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਖਾਣ-ਪੀਣ ਬਾਰੇ ਕੀ ਸੋਚਦੇ ਹਨ, ਉਹ ਉਨ੍ਹਾਂ ਦੀਆਂ ਅੱਖਾਂ ਲਈ ਕਿੰਨਾ ਜ਼ਰੂਰੀ ਹੈ। ਇਸ ਲਈ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਸਹੀ ਭੋਜਨ ਦਾ ਵਿਸ਼ੇਸ਼ ਮਹੱਤਵ ਹੈ। ਇਥੇ ਅਸੀਂ 5 ਅਜਿਹੇ ਭੋਜਨਾਂ ਬਾਰੇ ਦੱਸ ਰਹੇ ਹਾਂ, ਜੋ ਤੁਹਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹਨ–
ਗਾਜਰ
ਗਾਜਰ ਤੁਹਾਡੀਆਂ ਅੱਖਾਂ ਲਈ ਇਕ ਹੋਰ ਸਿਹਤਮੰਦ ਭੋਜਨ ਹੈ। ਇਹ ਵਿਟਾਮਿਨ ਏ ਤੇ ਬੀਟਾ ਕੈਰੋਟੀਨ ਦਾ ਚੰਗਾ ਸਰੋਤ ਹੈ, ਜੋ ਅੱਖਾਂ ਦੀ ਚੰਗੀ ਸਿਹਤ ਨੂੰ ਵਧਾਉਂਦੇ ਹਨ। ਵਿਟਾਮਿਨ ਏ ਤੇ ਬੀਟਾ ਕੈਰੋਟੀਨ ਅੱਖਾਂ ਦੀ ਪਰਤ ਦੀ ਰੱਖਿਆ ਕਰਨ ਤੇ ਅੱਖਾਂ ਦੇ ਇਨਫੈਕਸ਼ਨ ਤੇ ਅੱਖਾਂ ਦੀਆਂ ਹੋਰ ਗੰਭੀਰ ਸਥਿਤੀਆਂ ਨੂੰ ਰੋਕਣ ’ਚ ਮਦਦ ਕਰਦੇ ਹਨ। ਗਾਜਰ ਨੂੰ ਆਪਣੇ ਰੋਜ਼ਾਨਾ ਸਲਾਦ, ਸੂਪ ਤੇ ਹੋਰ ਪਕਵਾਨਾਂ ’ਚ ਸ਼ਾਮਲ ਕਰੋ।
ਪਾਲਕ
ਪਾਲਕ ’ਚ ਵਿਟਾਮਿਨ ਏ, ਸੀ ਤੇ ਕੈਲਸ਼ੀਅਮ ਹੁੰਦਾ ਹੈ, ਜੋ ਅੱਖਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ’ਚ ਲਿਊਟਿਨ ਤੇ ਜ਼ੀਏਕਸੈਂਥਿਨ ਨਾਮਕ ਐਂਟੀਆਕਸੀਡੈਂਟ ਵੀ ਹੁੰਦੇ ਹਨ, ਜੋ ਅੱਖਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ।
ਮੀਟ
ਮੀਟ ’ਚ ਪ੍ਰੋਟੀਨ, ਵਿਟਾਮਿਨ ਏ, ਬੀ12 ਤੇ ਜ਼ਿੰਕ ਹੁੰਦਾ ਹੈ, ਜੋ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਅੱਖਾਂ ਦੇ ਬਾਹਰੀ ਹਿੱਸਿਆਂ ਦੀ ਬਣਤਰ ਨੂੰ ਠੀਕ ਰੱਖਿਆ ਜਾ ਸਕਦਾ ਹੈ।
ਮਖਾਣੇ
ਮਖਾਣੇ ’ਚ ਥਾਈਮੋਸਿਨ ਨਾਂ ਦਾ ਐਂਜ਼ਾਈਮ ਹੁੰਦਾ ਹੈ, ਜੋ ਅੱਖਾਂ ਨੂੰ ਸਿਹਤਮੰਦ ਬਣਾਉਣ ’ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਮਖਾਣੇ ’ਚ ਵਿਟਾਮਿਨ ਬੀ, ਕੈਲਸ਼ੀਅਮ, ਫਾਈਬਰ ਤੇ ਪ੍ਰੋਟੀਨ ਹੁੰਦਾ ਹੈ।
ਬਦਾਮ
ਬਦਾਮ ਵਿਟਾਮਿਨ ਈ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਡੀਆਂ ਅੱਖਾਂ ਨੂੰ ਅਸਥਿਰ ਕਣਾਂ ਤੋਂ ਬਚਾਉਣ ’ਚ ਮਦਦ ਕਰਦਾ ਹੈ, ਜੋ ਸਿਹਤਮੰਦ ਟਿਸ਼ੂ ਨੂੰ ਨਿਸ਼ਾਨਾ ਬਣਾਉਂਦੇ ਹਨ। ਵਿਟਾਮਿਨ ਈ ਦਾ ਨਿਯਮਿਤ ਮਾਤਰਾ ’ਚ ਸੇਵਨ ਕਰਨਾ ਤੁਹਾਡੀਆਂ ਅੱਖਾਂ ਨੂੰ ਉਮਰ ਸਬੰਧਤ ਮੈਕੂਲਰ ਡੀਜਨਰੇਸ਼ਨ ਦੇ ਨਾਲ-ਨਾਲ ਮੋਤੀਆਬਿੰਦ ਤੋਂ ਬਚਾਉਣ ’ਚ ਮਦਦ ਕਰ ਸਕਦਾ ਹੈ। ਤੁਸੀਂ ਦਿਨ ਦੇ ਕਿਸੇ ਵੀ ਸਮੇਂ ਸਨੈਕ ਦੇ ਤੌਰ ’ਤੇ ਬਦਾਮ ਖਾ ਸਕਦੇ ਹੋ।
ਨੋਟ
ਇਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਤੇ ਆਮ ਜਾਣਕਾਰੀ ’ਤੇ ਆਧਾਰਿਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।