ਬਿਹਤਰ ਸਿਹਤ ਲਈ ਸਫਲ ਮੰਤਰ

Thursday, Jul 11, 2019 - 10:38 AM (IST)

ਬਿਹਤਰ ਸਿਹਤ ਲਈ ਸਫਲ ਮੰਤਰ

ਨਵੀਂ ਦਿੱਲੀ(ਬਿਊਰੋ)- ਜੇਕਰ ਤੁਹਾਨੂੰ ਲੱਗਦਾ ਹੈ ਕਿ ਘੱਟ ਮਾਤਰਾ ’ਚ ਸ਼ਰਾਬ ਪੀਣ ਨਾਲ ਤੁਹਾਨੂੰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ ਤਾਂ ਤੁਹਾਨੂੰ ਫਿਰ ਤੋਂ ਸੋਚਣ ਦੀ ਲੋੜ ਹੈ। ਖੋਜਕਾਰਾਂ ਨੇ ਪਾਇਆ ਹੈ ਕਿ ਸ਼ਰਾਬ ਛੱਡਣ ਨਾਲ ਪੂਰੀ ਤਰ੍ਹਾਂ ਨਾਲ ਮਾਨਸਿਕ ਸਿਹਤ ’ਚ ਸੁਧਾਰ ਹੋ ਸਕਦਾ ਹੈ। ਖਾਸ ਕਰ ਕੇ ਔਰਤਾਂ ਲਈ ਇਹ ਜ਼ਿਆਦਾ ਕਾਰਗਰ ਹੈ। ਸ਼ਰਾਬ ਦਾ ਔਸਤ ਸੇਵਨ ਮਰਦਾਂ ਲਈ ਹਫਤੇ ’ਚ 14 ਪੈੱਗ ਜਦਕਿ ਔਰਤਾਂ ਲਈ ਹਫਤੇ ’ਚ 7 ਪੈੱਗ ਨਿਰਧਾਰਤ ਕੀਤਾ ਗਿਆ ਹੈ। ਅਧਿਐਨ ’ਚ ਪਾਇਆ ਗਿਆ ਹੈ ਕਿ ਜਿਨ੍ਹਾਂ ਮਰਦਾਂ ਅਤੇ ਔਰਤਾਂ ਨੇ ਜੀਵਨਭਰ ਸ਼ਰਾਬ ਤੋਂ ਦੂਰੀ ਬਣਾਈ ਰੱਖੀ, ਉਨ੍ਹਾਂ ਦੀ ਮਾਨਸਿਕ ਸਿਹਤ ਬਿਹਤਰ ਰਹੀ। ਖਬਰ ਮੁਤਾਬਕ ਜੋ ਔਰਤਾਂ ਔਸਤ ਸ਼ਰਾਬ ਪੀਂਦੀਆਂ ਸਨ ਜਾਂ ਸ਼ਰਾਬ ਪੀਣਾ ਛੱਡ ਦਿੰਦੀਆਂ ਸਨ, ਉਨ੍ਹਾਂ ਵਿਚ ਮਾਨਸਿਕ ਤੌਰ ’ਤੇ ਹਾਂ-ਪੱਖੀ ਬਦਲਾਅ ਦੇਖਣ ਨੂੰ ਮਿਲੇ। ਫਿਲਹਾਲ ਇਹ ਅਧਿਐਨ ਚੀਨ ਅਤੇ ਅਮਰੀਕਾ ਦੇ ਨਾਗਰਿਕਾਂ ’ਤੇ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਖੋਜ ਭਾਰਤੀ ਨਾਗਰਿਕਾਂ ’ਤੇ ਵੀ ਕੀਤੀ ਜਾ ਸਕਦੀ ਹੈ। ਗੁਰੂਗ੍ਰਾਮ ਦੇ ਨਾਰਾਇਣਾ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਸਲਾਹਕਾਰ ਗੈਸਟ੍ਰੋਐਂਟ੍ਰੋਲਾਜੀ ਨਵੀਨ ਕੁਮਾਰ ਮੁਤਾਬਕ ਇਕ ਮਹੀਨੇ ਲਈ ਵੀ ਸ਼ਰਾਬ ਛੱਡਣਾ ਪੇਟ ਅਤੇ ਸਰੀਰ ਦੀ ਰਸ ਪ੍ਰਕਿਰਿਆ (ਮੈਟਾਬਾਲਿਕ) ਸਿਸਟਮ ਨੂੰ ਦਰੁਸਤ ਕਰਨ ’ਚ ਮਦਦ ਕਰ ਸਕਦਾ ਹੈ ਅਤੇ ਇਸ ਦੇ ਲੱਛਣਾਂ ਨੂੰ ਖਤਮ ਕਰ ਸਕਦਾ ਹੈ। ਨਵੀਨ ਨੇ ਦੱਸਿਆ ਕਿ ਇਕ ਸਿਹਤਮੰਦ ਦਿਮਾਗ ਅਤੇ ਜਿਗਰ ਲਈ ਸ਼ਰਾਬ ਤੋਂ ਪ੍ਰਹੇਜ਼ ਜ਼ਰੂਰੀ ਹੈ। ਇਕ ਮਜ਼ਬੂਤ ਪ੍ਰਤੀਰੱਖਿਆ ਪ੍ਰਣਾਲੀ ਅਤੇ ਦਿਲ ਲਈ ਵੀ ਸ਼ਰਾਬ ਤੋਂ ਦੂਰੀ ਬਣਾਉਣੀ ਜ਼ਰੂਰੀ ਹੈ। ਖਾਸ ਕਰ ਕੇ ਔਰਤਾਂ ’ਚ ਸ਼ਰਾਬ ਦਾ ਅਸਰ ਜ਼ਿਆਦਾ ਨੁਕਸਾਨਦਾਇਕ ਹੈ।


author

manju bala

Content Editor

Related News