ਜ਼ਿਆਦਾ ਸਿਗਰਟਨੋਸ਼ੀ ਨਾਲ ''ਸਟ੍ਰੋਕ'' ਦਾ ਖਤਰਾ ਵਧੇਰੇ

04/22/2018 2:15:20 PM

ਵਾਸ਼ਿੰਗਟਨ (ਬਿਊਰੋ)— ਮੈਡੀਕਲ ਖੋਜਾਂ 'ਚ ਕਿਹਾ ਗਿਆ ਹੈ ਕਿ ਜ਼ਿਆਦਾ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਨੂੰ 50 ਸਾਲ ਦੀ ਉਮਰ ਤਕ ਪਹੁੰਚਣ ਤੋਂ ਪਹਿਲਾਂ ਹੀ 'ਸਟ੍ਰੋਕ' ਦਾ ਖਤਰਾ ਵਧ ਜਾਂਦਾ ਹੈ। ਅਮਰੀਕੀ ਖੋਜਕਾਰਾਂ ਵਲੋਂ ਕੀਤੇ ਗਏ ਇਕ ਅਧਿਐਨ ਮੁਤਾਬਿਕ ਜਿਹੜੇ ਵਿਅਕਤੀ ਇਕ ਦਿਨ 'ਚ ਘੱਟੋ-ਘੱਟ 2 ਪੈਕੇਟ ਸਿਗਰਟਾਂ ਪੀਂਦੇ ਹਨ, ਉਨ੍ਹਾਂ ਨੂੰ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੇ ਮੁਕਾਬਲੇ 'ਸਟ੍ਰੋਕ' ਦਾ ਖਤਰਾ ਪੰਜ ਗੁਣਾ ਜ਼ਿਆਦਾ ਹੁੰਦਾ ਹੈ।
ਯੂਨੀਵਰਸਿਟੀ ਆਫ ਮੈਰੀਲੈਂਡ ਸਕੂਲ ਆਫ ਮੈਡੀਸਿਨ 'ਚ ਪ੍ਰਮੁੱਖ ਲੇਖਕ ਜੇਨੀਨਾ ਮਾਰਕਿਦਨ ਦਾ ਕਹਿਣਾ ਹੈ ਕਿ ''ਸਾਡਾ ਉਦੇਸ਼ ਨੌਜਵਾਨਾਂ ਨੂੰ ਸਿਗਰਟਨੋਸ਼ੀ ਤੋਂ ਰੋਕਣਾ ਹੈ। ਜੇ ਉਹ ਸਿਗਰਟਨੋਸ਼ੀ ਬਹੁਤ ਘੱਟ ਕਰਦੇ ਹਨ ਤਾਂ ਇਸ ਨਾਲ ਉਨ੍ਹਾਂ ਨੂੰ 'ਸਟ੍ਰੋਕ' ਦਾ ਖਤਰਾ ਘਟਾਉਣ ਵਿਚ ਵੀ ਮਦਦ ਮਿਲ ਸਕਦੀ ਹੈ।''
ਹੁਣ ਤਕ ਹੋਏ ਬਹੁਤ ਸਾਰੇ ਅਧਿਐਨਾਂ 'ਚ ਕਿਹਾ ਗਿਆ ਹੈ ਕਿ ਸਿਗਰਟਨੋਸ਼ੀ ਨਾਲ ਖੂਨ ਨਾੜਾਂ ਵਿਚ ਜੰਮਣਾ ਸ਼ੁਰੂ ਹੋ ਜਾਂਦਾ ਹੈ ਅਤੇ ਖੂਨ ਦੇ ਥੱਕੇ ਬਣ ਜਾਂਦੇ ਹਨ। ਇਸ ਨਾਲ ਹਾਰਟਅਟੈਕ ਅਤੇ ਹੋਰ 'ਸਟ੍ਰੋਕ' ਹੋਣ ਦਾ ਖਤਰਾ ਵਧ ਜਾਂਦਾ ਹੈ। ਮਾਰਕਿਦਨ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਕਰਵਾਏ ਗਏ ਅਧਿਐਨ ਮੁਤਾਬਿਕ ਜਿਵੇਂ-ਜਿਵੇਂ ਵਿਅਕਤੀ ਸਿਗਰਟਨੋਸ਼ੀ ਦੀ ਮਾਤਰਾ ਵਧਾਉਂਦਾ ਜਾਂਦਾ ਹੈ, ਉਸ ਨੂੰ 'ਸਟ੍ਰੋਕ' ਦਾ ਖਤਰਾ ਵੀ ਵਧਦਾ ਜਾਂਦਾ ਹੈ।
ਜਨ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ 'ਚ ਜ਼ਿਆਦਾਤਰ ਸਿਗਰਟਨੋਸ਼ੀ ਕਰਨ ਵਾਲੇ ਲੋਕ ਅਜਿਹੇ 'ਸਟ੍ਰੋਕ' ਦੇ ਖਤਰਿਆਂ ਬਾਰੇ ਅਣਜਾਣ ਹਨ। ਵਿਸ਼ਵ ਸਿਹਤ ਸੰਗਠਨ ਅਤੇ ਵਰਲਡ ਹਾਰਟ ਫੈੱਡਰੇਸ਼ਨ ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਿਕ 2012 'ਚ 53 ਫੀਸਦੀ ਸਿਗਰਟਨੋਸ਼ੀ ਕਰਨ ਵਾਲੇ ਭਾਰਤੀਆਂ ਨੂੰ ਇਸ ਨਾਲ ਹੋਣ ਵਾਲੇ ਸਰੀਰਕ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ ਦੀ ਡਾਇਰੈਕਟਰ (ਹੈਲਥ ਪ੍ਰਮੋਸ਼ਨ) ਮੋਨਿਕਾ ਅਰੋੜਾ ਦਾ ਕਹਿਣਾ ਹੈ ਕਿ ਜਾਗਰੂਕਤਾ ਦੀ ਘਾਟ ਲੋਕਾਂ ਨੂੰ ਅਜਿਹੇ ਖਤਰਿਆਂ ਵੱਲ ਧੱਕ ਰਹੀ ਹੈ। ਸਿਗਰਟਨੋਸ਼ੀ ਅਤੇ ਤੰਬਾਕੂ ਨਾਲ ਕੈਂਸਰ ਤੋਂ ਇਲਾਵਾ ਹੋਰ ਕਈ ਰੋਗ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਭਾਰਤ ਵਿਚ ਤੰਬਾਕੂ ਦੀ ਖਪਤ ਕੁਝ ਘਟੀ ਹੈ ਪਰ ਫਿਰ ਵੀ ਵੱਡੀ ਪੱਧਰ 'ਤੇ ਲੋਕ ਤੰਬਾਕੂਨੋਸ਼ੀ ਅਤੇ ਸਿਗਰਟਨੋਸ਼ੀ ਕਰ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।
ਅਮਰੀਕਾ ਕੈਂਸਰ ਸੋਸਾਇਟੀ ਅਤੇ ਇਕ ਗੈਰ-ਸਰਕਾਰੀ ਸੰਸਥਾ ਵਲੋਂ ਪਿਛਲੇ ਮਹੀਨੇ ਜਾਰੀ ਕੀਤੇ ਗਏ ਇਕ 'ਤੰਬਾਕੂ ਐਟਲਸ' ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 90.8 ਮਿਲੀਅਨ ਮਰਦ ਅਤੇ 13.5 ਮਿਲੀਅਨ ਔਰਤਾਂ ਰੋਜ਼ਾਨਾ ਸਿਗਰਟਨੋਸ਼ੀ ਕਰਦੀਆਂ ਹਨ।


Related News