Health Tips: ਸਿਹਤਮੰਦ ਜ਼ਿੰਦਗੀ ਜਿਉਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਫਿੱਟ ਰਹਿਣ ਲਈ ਅਪਣਾਓ ਇਹ ਤਰੀਕੇ
Tuesday, Mar 12, 2024 - 06:25 PM (IST)
ਜਲੰਧਰ - ਹਰ ਕੋਈ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਂਣਾ ਚਾਹੁੰਦਾ ਹੈ। ਅੱਜ ਦੇ ਸਮੇਂ 'ਚ ਦੋ ਤਰਾਂ ਦੇ ਲੋਕ ਹਨ, ਪਹਿਲੇ ਉਹ ਜੋ ਹਰ ਸਮੱਸਿਆ ਦਾ ਸਾਹਮਣਾ ਕਰਕੇ ਖ਼ੁਸ਼ੀ-ਖ਼ੁਸ਼ੀ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਹਨ ਅਤੇ ਦੂਜੇ ਉਹ ਜੋ ਜ਼ਿੰਦਗੀ ਨੂੰ ਸੰਘਰਸ਼ ਮਨ ਕੇ ਮੁਸ਼ਕਲਾਂ 'ਚ ਘਿਰੇ ਰਹਿੰਦੇ ਹਨ। ਉਹਨਾਂ ਨੂੰ ਚੰਗੀ ਭਰੀ ਜ਼ਿੰਦਗੀ ਬੇਸੁਆਦ ਜਿਹੀ ਲੱਗਦੀ ਹੈ। ਇਸ ਦੌਰਾਨ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੇ ਯਤਨਾਂ ਨਾਲ ਆਪਣੇ ਜੀਵਨ ਨੂੰ ਹੋਰ ਵਧੀਆ ਕਰ ਸਕਦੇ ਹਾਂ। ਜੇਕਰ ਤੁਸੀਂ ਲੰਬੇ ਸਮੇਂ ਤੱਕ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਆਪਣੇ ਆਪ ਨੂੰ ਖ਼ੁਸ਼ਹਾਲ ਰੱਖੋ। ਆਪਣੀ ਖ਼ੁਰਾਕ 'ਚ ਅਜਿਹੀਆਂ ਚੀਜ਼ਾਂ ਦਾ ਸੇਵਨ ਕਰੋ, ਜੋ ਸਰੀਰ ਨੂੰ ਫਿੱਟ, ਸਿਹਤਮੰਦ ਅਤੇ ਤੰਦਰੁਸਤ ਰੱਖਦੀਆਂ ਹੋਣ। ਤਣਾਅ ਦੀ ਸਮੱਸਿਆ ਅਤੇ ਬੀਮਾਰੀਆਂ ਤੋਂ ਦੂਰੀ ਬਣਾ ਕੇ ਰੱਖੋ। ਲੰਬੀ ਉਮਰ ਦੀ ਜ਼ਿੰਦਗੀ ਜਿਉਣ ਦੇ ਹੋਰ ਕਿਹੜੇ ਖ਼ਾਸ ਤਰੀਕੇ ਹਨ, ਦੇ ਬਾਰੇ ਆਓ ਅਸੀਂ ਜਾਣਦੇ ਹਾਂ...
ਪੂਰੀ ਨੀਂਦ ਲਓ
ਸਰੀਰਕ ਅਤੇ ਮਾਨਸਿਕ ਤੌਰ 'ਤੇ ਸਰੀਰ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਚੰਗੀ ਨੀਂਦ ਲਓ। ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਲੈਣ ਨਾਲ ਸਰੀਰ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਲੰਬੀ ਤੇ ਸਿਹਤਮੰਦ ਜ਼ਿੰਦਗੀ ਜਿਉਣ ਲਈ ਆਪਣੇ ਸੌਣ ਦਾ ਸਹੀ ਸਮਾਂ ਤੈਅ ਕਰੋ। ਸੌਣ ਤੋਂ ਪਹਿਲਾਂ ਇਲੈਕਟ੍ਰਾਨਿਕ ਡਿਵਾਈਸਾਂ ਨੂੰ ਆਪਣੇ ਨੇੜੇ ਰੱਖਣ ਤੋਂ ਬਚੋ।
ਰੋਜ਼ਾਨਾ ਭਰਪੂਰ ਮਾਤਰਾ ਵਿੱਚ ਪਾਣੀ ਪੀਓ
ਲੰਬੀ ਤੇ ਸਿਹਤਮੰਦ ਜ਼ਿੰਦਗੀ ਜਿਉਣ ਦੇ ਚਾਹਵਾਨ ਲੋਕ ਭਰਪੂਰ ਮਾਤਰਾ ਵਿਚ ਪਾਣੀ ਪੀਣ। ਜਿੰਨਾ ਜ਼ਿਆਦਾ ਪਾਣੀ ਤੁਸੀਂ ਪੀਓਗੇ, ਤੁਹਾਡਾ ਸਰੀਰ ਓਨਾ ਹੀ ਸਿਹਤਮੰਦ ਰਹੇਗਾ। ਦਰਅਸਲ, ਸਰੀਰ ਵਿੱਚ 75 ਫ਼ੀਸਦੀ ਤੋਂ ਵੱਧ ਪਾਣੀ ਹੁੰਦਾ ਹੈ, ਜੋ ਸਰੀਰ ਅਤੇ ਸਕਿਨ ਨੂੰ ਲਚਕੀਲਾ ਬਣਾਉਣ ਵਿੱਚ ਮਦਦ ਕਰਦਾ ਹੈ। ਪਾਣੀ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।
ਸੰਤੁਲਿਤ ਅਤੇ ਪੌਸ਼ਟਿਕ ਭੋਜਨ ਦਾ ਸੇਵਨ
ਲੰਬੀ ਤੇ ਸਿਹਤਮੰਦ ਜ਼ਿੰਦਗੀ ਜਿਉਣ ਦੇ ਲਈ ਲੋਕ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਦਾ ਸੇਵਨ ਕਰਨ। ਸਰੀਰ ਨੂੰ ਤੰਦਰੁਸਤ ਰੱਖਣ ਲਈ ਫਲਾਂ, ਸਬਜ਼ੀਆਂ, ਸਾਬਤ ਅਨਾਜ, ਪ੍ਰੋਟੀਨ ਆਦਿ ਦਾ ਸਹੀ ਮਾਤਰਾ 'ਚ ਸੇਵਨ ਕਰੋ। ਜ਼ੰਕ ਫੂਡ, ਮਿੱਠੇ ਪਦਾਰਥ ਅਤੇ ਜ਼ਿਆਦਾ ਲੂਣ ਵਾਲੀਆਂ ਚੀਜ਼ਾਂ ਦਾ ਸੇਵਨ ਸੀਮਤ ਮਾਤਰਾ 'ਚ ਕਰੋ। ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ।
ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ
ਲੰਬੀ ਤੇ ਸਿਹਤਮੰਦ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ। ਜਿੱਥੋਂ ਤੱਕ ਹੋ ਸਕੇ, ਆਪਣੀ ਖੁਰਾਕ ਵਿੱਚ ਮੌਸਮੀ ਫਲ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ। ਇਹ ਤੁਹਾਡੇ ਸਰੀਰ ਵਿੱਚ ਐਂਟੀਆਕਸੀਡੈਂਟ, ਵਿਟਾਮਿਨ, ਖਣਿਜ ਆਦਿ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ ਅਤੇ ਤੁਹਾਨੂੰ ਲੰਬੀ ਉਮਰ ਲਈ ਸਿਹਤਮੰਦ ਰੱਖਦੇ ਹਨ। ਇਸ ਨਾਲ ਸਰੀਰ ਦੀਆਂ ਬੀਮਾਰੀਆਂ ਤੋਂ ਨਿਜ਼ਾਤ ਮਿਲਦੀ ਹੈ।
ਸਵੇਰੇ ਜਲਦੀ ਉੱਠਣ ਦੀ ਆਦਤ ਪਾਓ
ਲੰਬੀ ਤੇ ਸਿਹਤਮੰਦ ਜ਼ਿੰਦਗੀ ਜਿਉਣ ਲਈ ਸਵੇਰ ਦੇ ਸਮੇਂ ਜਲਦੀ ਉੱਠਣ ਦੀ ਆਦਤ ਪਾਓ। ਇਹ ਤਰੀਕਾ ਚੰਗੀ ਜ਼ਿੰਦਗੀ ਜਿਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਇਸ ਲਈ ਸਵੇਰੇ ਜਲਦੀ ਉੱਠਣ ਦੀ ਆਦਤ ਬਣਾਓ। ਸਵੇਰੇ ਜਲਦੀ ਉੱਠਣ ਨਾਲ ਸਰੀਰ ਨੂੰ ਤਾਜ਼ੀ ਹਵਾ ਅਤੇ ਸ਼ੁੱਧ ਵਾਤਾਵਰਣ ਮਿਲਦਾ ਹੈ।
ਰੋਜ਼ਾਨਾ ਸੈਰ ਕਰੋ
ਲੰਬੀ ਤੇ ਸਿਹਤਮੰਦ ਜ਼ਿੰਦਗੀ ਜਿਉਣ ਦੇ ਚਾਹਵਾਨ ਲੋਕ ਰੋਜ਼ਾਨਾ ਸਵੇਰ ਅਤੇ ਰਾਤ ਦੇ ਸਮੇਂ ਸੈਰ ਜ਼ਰੂਰ ਕਰਨ। ਰੋਜ਼ਾਨਾ ਸੈਰ ਕਰਨ ਨਾਲ ਸਰੀਰ ਫਿੱਟ ਅਤੇ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਸੈਰ ਕਰਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਕਈ ਬੀਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।
ਗ਼ਲਤ ਆਦਤਾਂ ਨੂੰ ਅੱਜ ਤੋਂ ਛੱਡ ਦਿਓ
ਲੰਬੀ ਤੇ ਸਿਹਤਮੰਦ ਜ਼ਿੰਦਗੀ ਜਿਉਣ ਦੇ ਚਾਹਵਾਨ ਲੋਕ ਆਪਣੀਆਂ ਗ਼ਲਤ ਆਦਤਾਂ ਨੂੰ ਅੱਜ ਤੋਂ ਛੱਡ ਦੇਣ। ਸ਼ਰਾਬ ਦਾ ਸੇਵਨ, ਸਿਗਰਟ, ਰਾਤ ਨੂੰ ਦੇਰੀ ਨਾਲ ਸੋਣਾ, ਗ਼ਲਤ ਖਾਣ -ਪੀਣ ਦੀਆਂ ਚੀਜ਼ਾਂ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਨ੍ਹਾਂ ਨਾਲ ਸਰੀਰ ਕਈ ਬੀਮਾਰੀਆਂ ਦੀ ਲਪੇਟ 'ਚ ਆ ਜਾਂਦਾ ਹੈ, ਜਿਸ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ।