ਛੋਟੇ ਬੱਚਿਆਂ ’ਤੇ ਬਿਸਤਰੇ ਨਾਲ ਹਮਲਾ ਕਰ ਰਹੀਆਂ ਹਨ ਬੀਮਾਰੀਆਂ
Thursday, Jul 18, 2019 - 09:11 AM (IST)

ਨਵੀਂ ਦਿੱਲੀ(ਏਜੰਸੀਆਂ)- ਬੱਚਿਆਂ ਲਈ ਦਿਲਖਿੱਚਵੇਂ ਦਿਖਣ ਵਾਲੇ ਬਿਸਤਰੇ ਖਰੀਦਣ ਜਾ ਰਹੇ ਹੋ ਤਾਂ ਸੰਭਲ ਜਾਓ। ਅਜਿਹੇ ਬਿਸਤਰੇ ’ਤੇ ਸੌਣ ਨਾਲ ਤੁਹਾਡੇ ਲਾਡਲੇ ਦਾ ਲਿਵਰ ਅਤੇ ਕਿਡਨੀ ਖਰਾਬ ਹੋ ਸਕਦੀ ਹੈ ਅਤੇ ਇਥੋਂ ਤੱਕ ਕਿ ਉਸ ਨੂੰ ਕੈਂਸਰ ਵੀ ਹੋ ਸਕਦਾ ਹੈ। ਇਸਰਾਈਲ ਦੇ ਖੋਜਕਾਰਾਂ ਨੇ ਇਕ ਨਵੇਂ ਅਧਿਐਨ ’ਚ ਇਹ ਖੁਲਾਸਾ ਕੀਤਾ ਹੈ।
ਜ਼ਿਆਦਾ ਸਫਾਈ ਵੀ ਖਤਰਨਾਕ : ਅਧਿਐਨ ’ਚ ਕਿਹਾ ਗਿਆ ਹੈ ਕਿ ਘਰ ’ਚ ਸਾਫ-ਸਫਾਈ ਲਈ ਇਸਤੇਮਾਲ ਹੋਣ ਵਾਲੇ ਰਸਾਇਣ (ਕੈਮੀਕਲ) ਕੈਂਸਰ ਅਤੇ ਹੋਰ ਖਤਰਨਾਕ ਬੀਮਾਰੀਆਂ ਕਾਰਣ ਬਣ ਸਕਦੇ ਹਨ। ਇਸ ਦੇ ਮੁਤਾਬਕ ਬਿਸਤਰ, ਸੋਫਾ ਅਤੇ ਹੋਰ ਘਰੇਲੂ ਚੀਜ਼ਾਂ ’ਚ ਵੋਲਾਟਾਈਲ ਆਰਗੇਨਿਕ ਕੰਪਾਊਂਡ (ਵੀ. ਓ. ਸੀ.) ਵਰਗੇ ਤੱਤ ਪਾਏ ਜਾਂਦੇ ਹਨ। ਇਹ ਕਈ ਰਸਾਇਣਾਂ ਦਾ ਮੇਲ ਹੁੰਦੇ ਹਨ। ਇਸ ਨਾਲ ਸਿਰਦਰਦ, ਲਿਵਰ ਅਤੇ ਕਿਡਨੀ ਨੂੰ ਨੁਕਸਾਨ, ਦਿਮਾਗ ਨਾਲ ਜੁੜੀਆਂ ਬੀਮਾਰੀਆਂ ਅਤੇ ਅਸਥਮਾ ਦਾ ਵੀ ਖਤਰਾ ਹੁੰਦਾ ਹੈ। ਇਸ ਤੋਂ ਪਹਿਲਾਂ ਕਈ ਅਧਿਐਨ ’ਚ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬੱਚਿਆਂ ਨਾਲ ਵੱਡਿਆਂ ’ਚ ਅਸਥਮਾ ਹੋਣ ਦਾ ਇਕ ਕਾਰਣ ਦੱਸਿਆ ਗਿਆ ਸੀ ਪਰ ਨਵੀਂ ਖੋਜ ’ਚ ਬੱਚਿਆਂ ’ਚ ਇਸ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਸਾਹ ਦੀ ਗਰਮੀ ਨਾਲ ਬੀਮਾਰੀਆਂ ਨੂੰ ਤਾਕਤ : ਖੋਜਕਾਰਾਂ ਦਾ ਕਹਿਣਾ ਹੈ ਕਿ ਘਰ ’ਚ ਮੌਜੂਦ ਸੈਂਕੜੇ ਵਸਤੂਆਂ ਨਾਲ ਵੀ. ਓ. ਸੀ. ਨਿਕਲਦੀ ਹੈ ਪਰ ਸਭ ਤੋਂ ਵੱਧ ਵੀ. ਓ. ਸੀ. ਬਿਸਤਰੇ ਦੇ ਰੂਪ ’ਚ ਇਸਤੇਮਾਲ ਕੀਤੇ ਜਾਣ ਵਾਲੇ ਗੱਦੇ ਨਾਲ ਨਿਕਲਦੀ ਹੈ। ਅਧਿਐਨ ਮੁਤਾਬਕ ਵੀ. ਓ. ਸੀ. ਇੰਨੀ ਖਤਰਨਾਕ ਹੈ ਕਿ ਇਹ ਆਦਮੀ ਦੇ ਸਾਹ ਤੋਂ ਗਰਮੀ ਪਾ ਕੇ ਨੁਕਸਾਨ ਪਹੁੰਚਾਉਣ ਦੀ ਸਥਿਤੀ ’ਚ ਆ ਜਾਂਦੀ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਸੌਂਦੇ ਸਮੇਂ ਚਿਹਰਾ ਬਿਸਤਰੇ ਦੇ ਸਾਹਮਣੇ ਹੁੰਦਾ ਹੈ, ਜਿਸ ਕਾਰਣ ਸਾਹ ਦਾ ਸਿੱਧਾ ਸੰਪਰਕ ਬਿਸਤਰੇ ’ਚ ਰਹਿਣ ਵਾਲੇ ਵੀ. ਓ. ਸੀ. ਨਾਲ ਹੁੰਦਾ ਹੈ। ਅਜਿਹੇ ’ਚ ਤੁਰੰਤ ਇਹ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੇ ਹਨ।