ਸਾਵਧਾਨ! ਮਾਮੂਲੀ ਇਨਫੈਕਸ਼ਨ ਵੀ ਬਣ ਸਕਦੀ ਹੈ ਜਾਨਲੇਵਾ, ਸਰੀਰ ਦੇ ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

Wednesday, Dec 24, 2025 - 03:53 PM (IST)

ਸਾਵਧਾਨ! ਮਾਮੂਲੀ ਇਨਫੈਕਸ਼ਨ ਵੀ ਬਣ ਸਕਦੀ ਹੈ ਜਾਨਲੇਵਾ, ਸਰੀਰ ਦੇ ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

ਨਵੀਂ ਦਿੱਲੀ: ਕੀ ਤੁਸੀਂ ਜਾਣਦੇ ਹੋ ਕਿ ਇੱਕ ਸਾਧਾਰਨ ਜਿਹਾ ਨਿਮੋਨੀਆ ਜਾਂ ਯੂਰਿਨ ਇਨਫੈਕਸ਼ਨ (UTI) ਤੁਹਾਡੀ ਜਾਨ ਲਈ ਖਤਰਾ ਬਣ ਸਕਦਾ ਹੈ? ਡਾਕਟਰੀ ਜਗਤ ਵਿੱਚ 'ਸੇਪਸਿਸ' (Sepsis) ਨੂੰ ਇੱਕ ਅਜਿਹੀ ਐਮਰਜੈਂਸੀ ਸਥਿਤੀ ਮੰਨਿਆ ਜਾਂਦਾ ਹੈ ਜਿੱਥੇ ਸਰੀਰ ਦਾ ਆਪਣਾ ਸੁਰੱਖਿਆ ਤੰਤਰ (Immune System) ਹੀ ਉਸਦਾ ਦੁਸ਼ਮਣ ਬਣ ਜਾਂਦਾ ਹੈ। ਜੇਕਰ ਸਮੇਂ ਸਿਰ ਇਸ ਦੀ ਪਛਾਣ ਨਾ ਕੀਤੀ ਜਾਵੇ ਤਾਂ ਇਹ ਕੁਝ ਹੀ ਘੰਟਿਆਂ 'ਚ ਸਰੀਰ ਦੇ ਅੰਗਾਂ ਨੂੰ ਫੇਲ੍ਹ ਕਰ ਸਕਦਾ ਹੈ।

ਕੀ ਹੈ ਸੇਪਸਿਸ ਅਤੇ ਇਹ ਕਿਉਂ ਹੁੰਦਾ ਹੈ?
ਆਮ ਤੌਰ 'ਤੇ ਸਾਡਾ ਇਮਿਊਨ ਸਿਸਟਮ ਕੀਟਾਣੂਆਂ ਨਾਲ ਲੜ ਕੇ ਸਾਨੂੰ ਠੀਕ ਕਰਦਾ ਹੈ, ਪਰ ਸੇਪਸਿਸ ਦੀ ਸਥਿਤੀ 'ਚ ਇਹ ਇਨਫੈਕਸ਼ਨ ਪ੍ਰਤੀ ਇੰਨੀ ਤੇਜ਼ ਪ੍ਰਤੀਕਿਰਿਆ ਦਿੰਦਾ ਹੈ ਕਿ ਉਹ ਸਰੀਰ ਦੇ ਤੰਦਰੁਸਤ ਅੰਗਾਂ ਤੇ ਟਿਸ਼ੂਆਂ ਨੂੰ ਹੀ ਨੁਕਸਾਨ ਪਹੁੰਚਾਉਣ ਲੱਗਦਾ ਹੈ। ਇਸ ਦੇ ਮੁੱਖ ਕਾਰਨਾਂ 'ਚ ਫੇਫੜਿਆਂ ਦੀ ਇਨਫੈਕਸ਼ਨ (ਨਿਮੋਨੀਆ), ਯੂਰਿਨਰੀ ਟ੍ਰੈਕਟ ਇਨਫੈਕਸ਼ਨ (UTI), ਪੇਟ ਜਾਂ ਅਪੈਂਡਿਕਸ 'ਚ ਖਰਾਬੀ ਤੇ ਚਮੜੀ ਦੇ ਡੂੰਘੇ ਜ਼ਖਮ ਜਾਂ ਸਰਜਰੀ ਤੋਂ ਬਾਅਦ ਹੋਣ ਵਾਲੀ ਇਨਫੈਕਸ਼ਨ ਸ਼ਾਮਲ ਹਨ।

ਸੇਪਸਿਸ ਦੇ ਤਿੰਨ ਖਤਰਨਾਕ ਪੜਾਅ
1. ਸੇਪਸਿਸ (ਸ਼ੁਰੂਆਤੀ):
ਬੈਕਟੀਰੀਆ ਖੂਨ ਵਿੱਚ ਫੈਲਣ ਲੱਗਦੇ ਹਨ ਅਤੇ ਪੂਰੇ ਸਰੀਰ ਵਿੱਚ ਸੋਜ (Inflammation) ਸ਼ੁਰੂ ਹੋ ਜਾਂਦੀ ਹੈ। ਇਸ ਪੱਧਰ 'ਤੇ ਐਂਟੀਬਾਇਓਟਿਕਸ ਨਾਲ ਇਲਾਜ ਸੰਭਵ ਹੈ।
2. ਸੀਵੀਅਰ (ਗੰਭੀਰ) ਸੇਪਸਿਸ: ਸੋਜ ਵਧਣ ਨਾਲ ਗੁਰਦੇ, ਲਿਵਰ ਅਤੇ ਫੇਫੜਿਆਂ ਵਰਗੇ ਅੰਗਾਂ ਨੂੰ ਨੁਕਸਾਨ ਪਹੁੰਚਣ ਲੱਗਦਾ ਹੈ ਅਤੇ ਮਰੀਜ਼ ਨੂੰ ਸਾਹ ਲੈਣ ਵਿੱਚ ਭਾਰੀ ਤਕਲੀਫ ਹੁੰਦੀ ਹੈ।
3. ਸੈਪਟਿਕ ਸ਼ੌਕ (ਅੰਤਿਮ): ਇਹ ਸਭ ਤੋਂ ਘਾਤਕ ਸਥਿਤੀ ਹੈ, ਜਿਸ ਵਿੱਚ ਬਲੱਡ ਪ੍ਰੈਸ਼ਰ ਇੰਨਾ ਡਿੱਗ ਜਾਂਦਾ ਹੈ ਕਿ ਅੰਗਾਂ ਤੱਕ ਖੂਨ ਨਹੀਂ ਪਹੁੰਚ ਪਾਉਂਦਾ ਅਤੇ ਉਹ ਕੰਮ ਕਰਨਾ ਬੰਦ ਕਰ ਦਿੰਦੇ ਹਨ।

ਲੱਛਣ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਹੈ ਭਾਰੀ
ਵੱਡਿਆਂ 'ਚ ਤੇਜ਼ ਬੁਖਾਰ ਜਾਂ ਸਰੀਰ ਦਾ ਬਹੁਤ ਠੰਡਾ ਪੈਣਾ, ਦਿਲ ਦੀ ਧੜਕਣ ਅਤੇ ਸਾਹ ਦਾ ਬਹੁਤ ਤੇਜ਼ ਹੋਣਾ, ਭੰਬਲਭੂਸਾ ਜਾਂ ਬੇਹੋਸ਼ੀ ਮਹਿਸੂਸ ਹੋਣਾ ਅਤੇ ਪਿਸ਼ਾਬ ਦੀ ਮਾਤਰਾ ਵਿੱਚ ਭਾਰੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ ਬੱਚਿਆਂ ਚ ਦੁੱਧ ਪੀਣ ਤੋਂ ਮਨ੍ਹਾ ਕਰਨਾ, ਬਹੁਤ ਜ਼ਿਆਦਾ ਸੁਸਤੀ, ਸਰੀਰ ਦਾ ਰੰਗ ਫਿੱਕਾ ਜਾਂ ਨੀਲਾ ਪੈਣਾ, ਲਗਾਤਾਰ ਉਲਟੀਆਂ, ਦਸਤ ਜਾਂ ਝਟਕੇ ਆਉਣਾ ਦੇਖਿਆ ਗਿਆ ਹੈ।

ਕਿਸ ਨੂੰ ਹੈ ਸਭ ਤੋਂ ਵੱਧ ਖਤਰਾ?
65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ, ਨਵਜੰਮੇ ਬੱਚੇ, ਗਰਭਵਤੀ ਔਰਤਾਂ ਅਤੇ ਡਾਇਬੀਟੀਜ਼, ਕਿਡਨੀ ਜਾਂ ਕੈਂਸਰ ਵਰਗੀਆਂ ਪੁਰਾਣੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਇਸ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ।

ਬਚਾਅ ਦੇ ਤਰੀਕੇ
ਸੇਪਸਿਸ ਤੋਂ ਬਚਣ ਲਈ ਸਫਾਈ ਦਾ ਖਾਸ ਧਿਆਨ ਰੱਖੋ, ਹੱਥਾਂ ਨੂੰ ਵਾਰ-ਵਾਰ ਧੋਵੋ ਅਤੇ ਜ਼ਖਮਾਂ ਨੂੰ ਸਾਫ ਤੇ ਢਕ ਕੇ ਰੱਖੋ। ਫਲੂ ਅਤੇ ਨਿਮੋਨੀਆ ਵਰਗੇ ਟੀਕੇ ਸਮੇਂ ਸਿਰ ਲਗਵਾਓ। ਜੇਕਰ ਕੋਈ ਸਾਧਾਰਨ ਇਨਫੈਕਸ਼ਨ ਠੀਕ ਨਹੀਂ ਹੋ ਰਹੀ ਅਤੇ ਉੱਪਰ ਦਿੱਤੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਹਸਪਤਾਲ ਜਾਓ।


author

Baljit Singh

Content Editor

Related News