ਸਾਵਧਾਨ! ‘ਮੀਂਹ’ ਦੇ ਮੌਸਮ ’ਚ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਹੋ ਸਕਦੀਆਂ ਨੇ ਕਈ ਗੰਭੀਰ ‘ਬੀਮਾਰੀਆਂ’
Saturday, Jul 13, 2024 - 03:55 PM (IST)
ਜਲੰਧਰ (ਬਿਊਰੋ) - ਮੀਂਹ ਦੇ ਮੌਸਮ ਵਿੱਚ ਸਿਹਤ ਦਾ ਖ਼ਿਆਲ ਰੱਖਣ ਦੇ ਨਾਲ-ਨਾਲ ਆਪਣੇ ਖਾਣ-ਪੀਣ ’ਤੇ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਸੇਵਨ ਮੀਂਹ ਦੇ ਮੌਸਮ ਵਿੱਚ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਸਾਡੀ ਸਿਹਤ ਖ਼ਰਾਬ ਹੋ ਸਕਦੀ ਹੈ। ਬਰਸਾਤ ਵਿੱਚ ਕੀੜੇ ਸਭ ਤੋਂ ਜ਼ਿਆਦਾ ਹੁੰਦੇ ਹਨ। ਇਹ ਕੀੜੇ ਤੁਹਾਡੀਆਂ ਖਾਣ ਵਾਲੀਆਂ ਚੀਜ਼ਾਂ ’ਤੇ ਜ਼ਿਆਦਾ ਹੁੰਦੇ ਹਨ, ਜਿਸ ਨੂੰ ਖਾਣ ਨਾਲ ਢਿੱਡ ਅਤੇ ਚਮੜੀ ਦੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਲਈ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ। ਇਸੇ ਲਈ ਮੀਂਹ ਦੇ ਮੌਸਮ ’ਚ ਤੁਹਾਨੂੰ ਉਕਤ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ.....
ਹਰੀ ਪੱਤੇਦਾਰ ਸਬਜ਼ੀਆਂ
ਮੀਂਹ ਦੇ ਮੌਸਮ ਵਿੱਚ ਕੀੜੇ ਜ਼ਿਆਦਾ ਹੁੰਦੇ ਹਨ, ਜੋ ਹਰੀ ਪੱਤੇਦਾਰ ਸਬਜ਼ੀਆਂ ਨਾਲ ਚਿਪਕ ਜਾਂਦੇ ਹਨ। ਬਰਸਾਤ ’ਚ ਹਰੀ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨ ਨਾਲ ਢਿੱਡ ਅਤੇ ਚਮੜੀ ਨਾਲ ਜੁੜੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਇਨ੍ਹਾਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਜਾਂ ਫਿਰ ਬਿਲਕੁਲ ਨਾ ਕਰੋ ।
ਦੁੱਧ ਅਤੇ ਦੁੱਧ ਨਾਲ ਬਣੀਆਂ ਚੀਜ਼ਾਂ
ਮੀਂਹ ਦੇ ਮੌਸਮ ਵਿੱਚ ਦੁੱਧ ਅਤੇ ਡੇਅਰੀ ਪ੍ਰੋਡਕਟਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਮੌਸਮ ਵਿੱਚ ਦੁੱਧ ਨੂੰ ਕੱਚਾ ਬਿਲਕੁਲ ਨਹੀਂ ਪੀਣਾ ਚਾਹੀਦਾ। ਜੇਕਰ ਤੁਸੀਂ ਦੁੱਧ ਪੀਣਾ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਉਬਾਲ ਕੇ ਪੀਓ।
ਮਸਾਲੇਦਾਰ ਖਾਣਾ
ਮਸਾਲੇਦਾਰ ਖਾਣਾ ਖਾਣ ਵਿੱਚ ਚੰਗਾ ਲੱਗਦਾ ਹੈ ਪਰ ਜ਼ਿਆਦਾ ਮਸਾਲੇ ਦਾ ਇਸਤੇਮਾਲ ਕਰਨ ਨਾਲ ਇਸ ਨੂੰ ਪਚਾਉਣ ਵਿੱਚ ਦਿੱਕਤ ਆਉਂਦੀ ਹੈ। ਇਸ ਨੂੰ ਬਚਾਉਣ ਵਿੱਚ ਅੰਤੜੀਆਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਅਤੇ ਸਰੀਰ ਦੀ ਅਨਰਜੀ ਘੱਟ ਹੋ ਜਾਂਦੀ ਹੈ। ਇਸ ਲਈ ਮੀਂਹ ਦੇ ਮੌਸਮ ਵਿੱਚ ਮਸਾਲੇਦਾਰ ਖਾਣਾ ਘੱਟ ਤੋਂ ਘੱਟ ਸੇਵਨ ਕਰੋ ।
ਬੈਂਗਣ
ਬੈਂਗਣ ਨੂੰ ਵੀ ਮੀਂਹ ਦੇ ਮੌਸਮ ਵਿੱਚ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਕੀੜੇ ਹੁੰਦੇ ਹਨ। ਬਰਸਾਤ ’ਚ ਇਸ ਦਾ ਸੇਵਨ ਕਰਨ ਨਾਲ ਬੀਮਾਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਕੜੀ ਦਾ ਸੇਵਨ
ਮੀਂਹ ਦੇ ਮੌਸਮ ਵਿੱਚ ਕੜੀ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦੇ ਸੇਵਨ ਨਾਲ ਵਾਤ ਦੋਸ਼ ਵਧਦਾ ਹੈ। ਇਸ ਨਾਲ ਕਮਜ਼ੋਰੀ, ਨੀਂਦ ਦੀ ਘਾਟ, ਆਵਾਜ਼ ਦਾ ਭਾਰੀ ਹੋਣਾ ਜਿਹੀਆਂ ਸਿਹਤ ਸੰਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਮਾਸਾਹਾਰੀ ਖਾਣਾ
ਮੀਂਹ ਦੇ ਮੌਸਮ ਵਿੱਚ ਨਾਨ ਵਿੱਚ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖ਼ਾਸ ਕਰ ਮੱਛੀ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਮੱਛੀ ਇਸ ਸਮੇਂ ਅੰਡੇ ਦਿੰਦੀ ਹੈ, ਜੋ ਇਨਸਾਨ ਦੇ ਸਰੀਰ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦੇ ਹਨ ।