Health Tips: ਜ਼ਿਆਦਾ ਅਦਰਕ ਵਾਲੀ ਚਾਹ ਪੀਣ ਵਾਲੇ ਲੋਕ ਹੋ ਜਾਣ ਸਾਵਧਾਨ! ਹੋ ਸਕਦੀਆਂ ਨੇ ਇਹ ਸਮੱਸਿਆਵਾਂ
Tuesday, Nov 07, 2023 - 05:34 PM (IST)
ਜਲੰਧਰ (ਬਿਊਰੋ) - ਗਰਮੀ ਹੋਵੇ ਜਾਂ ਸਰਦੀ, ਅਦਰਕ ਦੀ ਚਾਹ ਪੀਣ ਦਾ ਸੁਆਦ ਵਖਰਾ ਹੀ ਹੁੰਦਾ ਹੈ। ਅਦਰਕ ਦੀ ਚਾਹ ਜਿੰਨੀ ਪੀਣ 'ਚ ਸੁਆਦ ਲੱਗਦੀ ਹੈ, ਉਨੀ ਸਿਹਤ ਲਈ ਫਾਇਦੇਮੰਦ ਵੀ ਹੁੰਦੀ ਹੈ। ਇਸ ਵਿੱਚ ਵਿਟਾਮਿਨ, ਖਣਿਜ ਅਤੇ ਮੈਗਨੀਸ਼ੀਅਮ ਪਾਏ ਜਾਂਦੇ ਹਨ। ਕੀ ਤੁਸੀਂ ਜਾਣਦੇ ਹੋ ਲੋੜ ਤੋਂ ਵੱਧ ਅਦਰਕ ਦੀ ਚਾਹ ਪੀਣ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ? ਆਮ ਆਦਮੀ ਲਈ ਰੋਜ਼ਾਨਾ 5 ਗ੍ਰਾਮ ਅਦਰਕ ਲੈਣਾ ਠੀਕ ਹੁੰਦਾ ਹੈ। 1 ਕੱਪ ਚਾਹ ਵਿੱਚ ਜ਼ਿਆਦਾ ਤੋਂ ਜ਼ਿਆਦਾ 1 ਚੌਥਾਈ ਚਮਚ ਅਦਰਕ ਪਾਉਣਾ ਚਾਹੀਦਾ। ਗਰਭਵਤੀ ਜਨਾਨੀਆਂ ਨੂੰ 1 ਦਿਨ ਵਿੱਚ ਢਾਈ ਗ੍ਰਾਮ ਤੋਂ ਜ਼ਿਆਦਾ ਅਦਰਕ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਹਾਜ਼ਮਾ ਖ਼ਰਾਬ ਰਹਿਣ ’ਤੇ ਡੇਢ ਗ੍ਰਾਮ ਤੋਂ ਜ਼ਿਆਦਾ ਅਦਰਕ ਦਾ ਸੇਵਨ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਭਾਰ ਘਟਾਉਣ ਲਈ ਰੋਜ਼ਾਨਾ 1 ਗ੍ਰਾਮ ਤੋਂ ਜ਼ਿਆਦਾ ਅਦਰਕ ਨਹੀਂ ਲੈਣਾ ਚਾਹੀਦਾ।
ਅਦਰਕ ਦੀ ਜ਼ਿਆਦਾ ਚਾਹ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਨੁਕਸਾਨ
ਢਿੱਡ ’ਚ ਹੋ ਸਕਦੀ ਹੈ ਜਲਨ
ਜਨਾਨੀਆਂ ਅਤੇ ਬਜ਼ੁਰਗਾਂ ਨੂੰ ਚਾਹ ਵਿੱਚ ਬਹੁਤ ਜ਼ਿਆਦਾ ਅਦਰਕ ਪਾ ਕੇ ਪੀਣ ਦੀ ਆਦਤ ਹੁੰਦੀ ਹੈ। ਅਦਰਕ ਦੀ ਚਾਹ ਪੀਣ ਨਾਲ ਬਹੁਤ ਸਾਰੀਆਂ ਜਨਾਨੀਆਂ ਨੂੰ ਢਿੱਡ ਦੀ ਜਲਨ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਕਈ ਰੋਗ ਹੋ ਜਾਂਦੇ ਹਨ।
ਰਾਤ ਨੂੰ ਨਹੀਂ ਆਉਂਦੀ ਨੀਂਦ
ਜੇਕਰ ਤੁਹਾਨੂੰ ਰਾਤ ਨੂੰ ਅਦਰਕ ਦੀ ਚਾਹ ਪੀਣ ਦੀ ਆਦਤ ਹੈ, ਤਾਂ ਤੁਹਾਨੂੰ ਰਾਤ ਨੂੰ ਨੀਂਦ ਆਉਣ ਵਿੱਚ ਮੁਸ਼ਕਲ ਹੋ ਸਕਦੀ ਹੈ। ਅਦਰਕ ਦੀ ਚਾਹ ਪੀਣ ਨਾਲ ਬਹੁਤ ਸਾਰੇ ਲੋਕ ਰਾਤ ਨੂੰ ਸੌਂ ਨਹੀਂ ਪਾਉਂਦੇ। ਇਸੇ ਕਰਕੇ ਨੀਂਦ ਦੀ ਕਮੀ ਨਾਲ ਸਿਹਤ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਲੱਡ ਸ਼ੂਗਰ ਦੀ ਸਮੱਸਿਆ
ਅਦਰਕ ਦਾ ਜਿਆਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ਵਿੱਚ ਘਾਟ ਆ ਸਕਦੀ ਹੈ। ਘੱਟ ਸ਼ੂਗਰ ਦੇ ਪੀੜਤ ਲੋਕਾਂ ਨੂੰ ਜਿੰਨਾ ਹੋ ਸਕੇ, ਘੱਟ ਮਾਤਰਾ ਵਿੱਚ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੀ ਬਲੱਡ ਸ਼ੂਗਰ ਕਾਬੂ ’ਚ ਰਹੇਗੀ।
ਦਸਤ ਅਤੇ ਐਸੀਡਿਟੀ ਦੀ ਸਮੱਸਿਆ
ਅਦਰਕ ਦਾ ਬਹੁਤ ਜਿਆਦਾ ਸੇਵਨ ਕਰਨ ਨਾਲ ਦਸਤ ਅਤੇ ਐਸੀਡਿਟੀ ਹੋ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਅਦਰਕ ਦੀ ਚਾਹ ਢਿੱਡ ਵਿੱਚ ਐਸਿਡ ਬਣਾਉਣ ਦਾ ਕੰਮ ਕਰਦੀ ਹੈ, ਜਿਸ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ।
ਗਰਭਵਤੀ ਜਨਾਨੀਆਂ ਲਈ ਹਾਨੀਕਾਰਕ
ਗਰਭਵਤੀ ਜਨਾਨੀਆਂ ਲਈ ਅੱਧੇ ਕੱਪ ਤੋਂ ਜ਼ਿਆਦਾ ਅਦਰਕ ਦੀ ਚਾਹ ਪੀਣਾ ਹਾਨੀਕਾਰਕ ਹੋ ਸਕਦਾ ਹੈ। ਅਦਰਕ ਦੇ ਜ਼ਿਆਦਾ ਵਰਤੋਂ ਨਾਲ ਗਰਭਵਤੀ ਜਨਾਨੀਆਂ ਦੇ ਢਿੱਡ ਵਿੱਚ ਦਰਦ ਵੀ ਹੋ ਸਕਦਾ ਹੈ।