Health Tips: ਜੇਕਰ ਨਜ਼ਰ ਆਉਣ ਇਹ ਲੱਛਣ ਤਾਂ ਤੁਸੀਂ ਹੋ ਤਣਾਅ ਦੇ ਸ਼ਿਕਾਰ, ਜਾਣੋ ਰਾਹਤ ਪਾਉਣ ਦਾ ਤਰੀਕਾ
Friday, Sep 22, 2023 - 06:03 PM (IST)
ਜਲੰਧਰ - ਮੌਜੂਦਾ ਸਮੇਂ 'ਚ ਬਹੁਤ ਸਾਰੇ ਲੋਕ ਮਾਨਸਿਕ ਬੀਮਾਰੀ ਸ਼ਿਕਾਰ ਹੋ ਰਹੇ ਹਨ। ਇਸ ਦਾ ਮੁੱਖ ਕਾਰਨ ਸਾਡੀ ਵਿਅਸਥ ਜੀਵਨਸ਼ੈਲੀ ਹੈ, ਜਿਸ ਕਾਰਨ ਸਾਨੂੰ ਕਈ ਬੀਮਾਰੀਆਂ ਹੋ ਰਹੀਆਂ ਹਨ। ਉਕਤ ਬੀਮਾਰੀਆਂ 'ਚੋਂ ਇਕ ਹੈ 'ਤਣਾਅ' ਦੀ ਸਮੱਸਿਆ। ਵਿਅਸਥ ਜੀਵਨਸ਼ੈਲੀ, ਦਫ਼ਤਰ ਦਾ ਕੰਮ, ਪੈਸੇ ਦੀ ਘਾਟ, ਪੜ੍ਹਾਈ ਦਾ ਦਬਾਅ, ਘਰੇਲੂ ਸਮੱਸਿਆਵਾਂ, ਪਰਿਵਾਰਕ ਕਲੇਸ਼ ਆਦਿ ਕਾਰਨ ਲੋਕ ਤਣਾਅ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਜਿੰਨਾ ਜ਼ਿਆਦਾ ਅਸੀਂ ਉਕਤ ਗੱਲਾਂ ਦੇ ਬਾਰੇ ਸੋਚਦੇ ਹਾਂ, ਓਨਾ ਹੀ ਤਣਾਅ ਵਧਦਾ ਹੈ। ਤਣਾਅ ਕਾਰਨ ਸਾਡਾ ਸਰੀਰ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸੇ ਲਈ ਚੰਗੀ ਜ਼ਿੰਦਗੀ ਜਿਉਣ ਲਈ ਸਾਨੂੰ ਤਣਾਅ ਤੋਂ ਮੁਕਤ ਰਹਿਣਾ ਚਾਹੀਦਾ ਹੈ। ਇਸ ਲਈ ਸਾਨੂੰ ਕਿਹੜੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ....
ਕੀ ਹੁੰਦਾ ਹੈ ਤਣਾਅ
ਤਣਾਅ (ਟੈਂਸ਼ਨ) ਇਕ ਮਾਨਸਿਕ ਬੀਮਾਰੀ ਹੈ, ਜੋ ਕਿਸੇ ਨੂੰ ਵੀ ਹੋ ਸਕਦੀ ਹੈ। ਕਿਸੇ ਵੀ ਨਾਕਾਰਾਤਮਕ ਸੋਚ ਦਾ ਸਾਡੇ ਦਿਮਾਗ 'ਤੇ ਹਾਵੀ ਹੋ ਜਾਣਾ ਅਤੇ ਸਾਡੇ ਦਿਮਾਗੀ ਸੰਤੁਲਨ 'ਤੇ ਮਾੜਾ ਪ੍ਰਭਾਵ ਪਾਉਣਾ, ਤਣਾਅ ਦੀ ਸਮੱਸਿਆ ਹੁੰਦੀ ਹੈ। ਇਸ ਸਮੱਸਿਆ ਕਾਰਨ ਅਸੀਂ ਖੁਸ਼ੀ ਦੇ ਮੌਕੇ ਵੀ ਖਾਲੀਪਨ ਮਹਿਸੂਸ ਕਰਦੇ ਹਾਂ। ਸਿਰ 'ਚ ਦਰਦ ਹੋਣਾ, ਉਦਾਸ ਰਹਿਣਾ, ਕੰਮ 'ਚ ਮਨ ਨਾ ਲੱਗਣਾ, ਜ਼ਿਆਦਾ ਜਾਂ ਘੱਟ ਸੌਣਾ, ਭੁੱਖ ਨਾ ਲੱਗਣੀ, ਆਤਮ-ਵਿਸ਼ਵਾਸ ਦੀ ਕਮੀ, ਘੱਟ ਬੋਲਣਾ ਆਦਿ ਤਣਾਅ ਦੇ ਲੱਛਣ ਹਨ।
ਤਣਾਅ ਦੀ ਸਮੱਸਿਆ ਤੋਂ ਦੂਰ ਰਹਿਣ ਲਈ ਅਪਣਾਓ ਇਹ ਨੁਸਖ਼ੇ
ਪੂਰੀ ਨੀਂਦ ਲਓ
ਕੰਮ ਦਾ ਜ਼ਿਆਦਾ ਬੋਝ ਹੋਣ ਕਾਰਨ ਲੋਕਾਂ ਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ, ਜਿਸ ਨਾਲ ਉਹ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਜੇਕਰ ਰਾਤ ਦੇ ਸਮੇਂ 7-8 ਘੰਟੇ ਨੀਂਦ ਨਹੀਂ ਆਉਂਦੀ ਤਾਂ ਸਾਰਾ ਦਿਨ ਥਕਾਵਟ ਰਹਿੰਦੀ ਹੈ। ਅਧੂਰੀ ਨੀਂਦ ਕਾਰਨ ਮੂਡ, ਮਾਨਸਿਕਤਾ ਅਤੇ ਸਰੀਰ 'ਤੇ ਬੁਰਾ ਅਸਰ ਪੈਂਦਾ ਹੈ। ਇਸ ਕਾਰਨ ਪੂਰੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ।
ਕਸਰਤ ਕਰੋ
ਤਣਾਅ ਤੋਂ ਦੂਰ ਰਹਿਣ ਲਈ ਰੋਜ਼ਾਨਾ ਯੋਗ, ਕਸਰਤ ਕਰੋ। ਕਸਰਤ ਕਰਨ ਨਾਲ ਸਰੀਰ ਅਤੇ ਮਾਨਸਿਕ ਸਿਹਤ ਤੰਦਰੁਸਤ ਰਹਿੰਦੀ ਹੈ। ਦਿਮਾਗ ਵਿੱਚ ਖੂਨ ਦਾ ਸੰਚਾਰ ਵਧਦਾ ਹੈ। ਕਸਰਤ ਸਾਡੇ ਸਰੀਰ ਵਿੱਚ ਖੁਸ਼ੀ ਦੇ ਹਾਰਮੋਨਸ ਛੱਡਦੀ ਹੈ, ਜਿਸ ਨਾਲ ਤਣਾਅ ਦੂਰ ਹੋ ਜਾਂਦਾ ਹੈ। ਮੈਡੀਟੇਸ਼ਨ ਅਤੇ ਕਸਰਤ ਨਾਲ ਤਣਾਅ ਦੂਰ ਕਰਨ 'ਚ ਕਾਫ਼ੀ ਮਦਦ ਮਿਲਦੀ ਹੈ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ।
ਲੋਕਾਂ ਨਾਲ ਗੱਲਬਾਤ ਕਰੋ
ਤਣਾਅ ਤੋਂ ਦੂਰੀ ਬਣਾਉਣ ਲਈ ਲੋਕਾਂ ਨਾਲ ਗੱਲਬਾਤ ਕਰੋ ਅਤੇ ਉਹਨਾਂ ਨਾਲ ਮੇਲ-ਮਿਲਾਪ ਕਰੋ। ਤੁਸੀਂ ਜਿੱਥੇ ਵੀ ਜਾਂਦੇ ਹੋ, ਜੋ ਵੀ ਕੰਮ ਕਰਦੇ ਹੋ, ਆਪਣੇ ਸਾਥੀਆਂ ਨਾਲ ਹਮੇਸ਼ਾ ਗੱਲਬਾਤ ਕਰਦੇ ਰਹੋ। ਪੁਰਾਣੇ ਦੋਸਤਾਂ ਨਾਲ ਵੀ ਸੰਪਰਕ 'ਚ ਰਹੋ। ਇਸ ਨਾਲ ਦਿਮਾਗ ਤਣਾਅ ਮੁਕਤ ਹੁੰਦਾ ਹੈ ਅਤੇ ਫ਼ੈਸਲੇ ਲੈਣ ਦੀ ਸਮਰੱਥਾ ਵਿੱਚ ਸੁਧਾਰ ਹੁੰਦਾ ਹੈ।
ਕੁਝ ਨਵਾਂ ਸਿੱਖੋ
ਲੋਕ ਅੱਜ ਕੱਲ ਜ਼ਿਆਦਾਤਰ ਸਮਾਂ ਫ਼ੋਨ 'ਤੇ ਹੀ ਗੁਜ਼ਾਰ ਦਿੰਦੇ ਹਨ, ਜਿਸ ਨਾਲ ਤਣਾਅ ਵਧਦਾ ਹੈ। ਇਸ ਲਈ ਸਮਾਂ ਬਰਬਾਦ ਕਰਨ ਦੀ ਬਜਾਏ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ। ਨਵੇਂ ਲੋਕਾਂ ਨਾਲ ਮੁਲਾਕਾਤ ਕਰੋ। ਨਵੀਂਆਂ ਥਾਵਾਂ 'ਤੇ ਜਾਓ, ਜਿਸ ਨਾਲ ਤੁਹਾਡੀ ਜਾਣਕਾਰੀ 'ਚ ਵਾਧਾ ਹੁੰਦਾ ਹੈ ਅਤੇ ਤੁਸੀ ਤਣਾਅ ਮੁਕਤ ਹੋ ਜਾਂਦੇ ਹੋ।
ਖਾਣ-ਪੀਣ ਦੀਆਂ ਆਦਤਾਂ ਸੁਧਾਰੋ
ਖਾਣ ਪੀਣ ਦੀਆਂ ਗਲਤ ਆਦਤਾਂ ਵੀ ਤਣਾਅ ਦਾ ਕਾਰਨ ਬਣ ਸਕਦੀਆਂ ਹਨ। ਜੰਕ ਫੂਡ ਖਾਣ ਨਾਲ ਵੀ ਦਿਮਾਗ ਦੇ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਇਸ ਲਈ ਫਲਾਂ ਅਤੇ ਸਬਜ਼ੀਆਂ ਨੂੰ ਰੋਜ਼ਾਨਾ ਦੇ ਭੋਜਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
ਮਨਪਸੰਦ ਸੰਗੀਤ ਨੂੰ ਸੁਣੋ
ਤਣਾਅ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਤੁਸੀਂ ਆਪਣਾ ਮਨਪਸੰਦ ਸੰਗੀਤ ਵੀ ਸੁਣ ਸਕਦੇ ਹੋ। ਸੰਗੀਤ ਸੁਣਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਧਿਆਨ ਦੂਜੇ ਪਾਸੇ ਵੱਲ ਹੋ ਜਾਂਦਾ ਹੈ। ਅਜਿਹਾ ਹੋਣ ਨਾਲ ਤਣਾਅ ਦੀ ਸਮੱਸਿਆ ਦੂਰ ਹੋ ਜਾਂਦੀ ਹੈ।