ਸਿਰਫ ਫਲੇਵਰ ਹੀ ਨਹੀਂ, ਹੈਲਦੀ ਵੀ ਹੈ ਕੇਸਰ

Friday, Mar 09, 2018 - 09:19 AM (IST)

ਜਲੰਧਰ— ਕੇਸਰ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ ਦੀ ਸੂਚੀ ਵਿਚ ਸ਼ਾਮਲ ਹੈ, ਜੋ ਪਕਵਾਨਾਂ ਨੂੰ ਵੱਖਰਾ ਫਲੇਵਰ, ਖੁਸ਼ਬੂ ਤੇ ਰੰਗ ਦਿੰਦਾ ਹੈ ਪਰ ਸਿਰਫ  ਭੋਜਨ ਵਿਚ ਹੀ ਨਹੀਂ, ਇਸ ਦੀ ਵਰਤੋਂ ਖੂਬਸੂਰਤੀ ਤੇ ਸਿਹਤ ਲਈ ਵੀ ਦਵਾਈ ਦੇ ਰੂਪ ਵਿਚ ਸਦੀਆਂ ਤੋਂ ਹੋ ਰਹੀ ਹੈ। 
ਆਯੁਰਵੈਦ 'ਚ ਇਸ ਨੂੰ ਅਹਿਮ ਥਾਂ ਦਿੱਤੀ ਗਈ ਹੈ। ਕੇਸਰ ਦੀਆਂ ਕੀਮਤੀ ਹਲਕੀਆਂ ਸੁਨਹਿਰੀ ਲਾਲ ਤਾਰਾਂ ਪਰਪਲ, ਬਲਿਊ, ਸੈਫ੍ਰਾਨ ਫਲਾਵਰ 'ਚ ਮਿਲਦੀਆਂ ਹਨ, ਜਿਸ ਵਿਚ ਵਿਟਾਮਿਨ-ਏ, ਫੋਲਿਕ ਐਸਿਡ, ਤਾਂਬਾ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਜ਼, ਆਇਰਨ, ਸੇਲੇਨੀਅਮ, ਜ਼ਿੰਕ ਤੇ ਮੈਗਨੀਸ਼ੀਅਮ ਤੋਂ ਇਲਾਵਾ ਲਾਈਕੋਪੀਨ, ਅਲਫਾ ਕੈਰੋਟੀਨ, ਬੀਟਾ ਕੈਰੋਟੀਨ ਆਦਿ ਵਰਗੇ ਘੁਲਣਸ਼ੀਲ ਪਿਗਮੈਂਟ ਵੀ ਹੁੰਦੇ ਹਨ। ਡਿਪ੍ਰੈਸ਼ਨ ਤੋਂ ਛੁਟਕਾਰਾ ਹਾਸਲ ਕਰਨ ਲਈ ਕੇਸਰ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ। ਇਸ ਨਾਲ ਵਿਅਕਤੀ ਨੂੰ ਜਲਦੀ ਆਰਾਮ ਮਿਲਦਾ ਹੈ।
1. ਪੇਟ 'ਚ ਗੜਬੜ
ਪੇਟ ਦੀ ਸਮੱਸਿਆ, ਛਾਤੀ ਵਿਚ ਜਲਨ, ਬਦਹਜ਼ਮੀ ਦੀ ਪ੍ਰੇਸ਼ਾਨੀ, ਪੇਟ ਦੇ ਅਲਸਰ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਨੂੰ ਰੋਜ਼ ਸਵੇਰੇ ਕੇਸਰ ਵਾਲੀ ਚਾਹ ਪੀਣੀ ਚਾਹੀਦੀ ਹੈ। ਇਹ ਚਾਹ ਬਣਾਉਣ ਲਈ ਇਕ ਕੱਪ ਪਾਣੀ ਵਿਚ ਥੋੜ੍ਹਾ ਜਿਹਾ ਕੇਸਰ ਮਿਲਾਓ ਅਤੇ ਉਬਾਲ ਕੇ ਪੀਓ। ਚਾਹੋ ਤਾਂ ਇਸ ਵਿਚ ਮਿਠਾਸ ਲਈ ਹਲਕਾ ਜਿਹਾ ਸ਼ਹਿਦ ਵੀ ਮਿਲਾ ਸਕਦੇ ਹੋ। ਪੈਪਟਿਕ ਅਲਸਰ ਦੇ ਮਰੀਜ਼ਾਂ ਨੂੰ ਦੁੱਧ ਵਿਚ ਮਿਲਾ ਕੇ ਕੇਸਰ ਦੀ ਵਰਤੋਂ ਕਰਨੀ ਚਾਹੀਦੀ ਹੈ।

2. ਡਿਪ੍ਰੈਸ਼ਨ
ਅੱਜ ਹਰ 5 ਵਿਚੋਂ 3 ਵਿਅਕਤੀ ਕਿਸੇ ਨਾ ਕਿਸੇ ਕਾਰਨ ਡਿਪ੍ਰੈਸ਼ਨ ਦੇ ਸ਼ਿਕਾਰ ਹਨ, ਜਿਸ ਦੇ ਲਈ ਉਹ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਖਾਂਦੇ ਹਨ ਪਰ ਇਸ ਤਣਾਅ ਤੋਂ ਛੁਟਕਾਰਾ ਦਿਵਾਉਣ ਲਈ ਕੇਸਰ ਜਾਦੂਈ ਦਵਾਈ ਹੈ। ਦਿਨ ਵਿਚ 2 ਵਾਰ 15 ਮਿਲੀਗ੍ਰਾਮ ਕੇਸਰ ਦੀ ਵਰਤੋਂ ਕਰਨ ਨਾਲ ਇਸ ਤੋਂ ਛੁਟਕਾਰਾ ਮਿਲਦਾ ਹੈ। ਕੇਸਰ ਦੀ ਵਰਤੋਂ ਦੁੱਧ ਨਾਲ ਕਰਨੀ ਸਭ ਤੋਂ ਵਧੀਆ ਹੈ।
3. ਪੀਰੀਅਡਸ ਨਾਲ  ਜੁੜੀ ਸਮੱਸਿਆ
ਮਾਹਵਾਰੀ ਦੌਰਾਨ ਔਰਤਾਂ ਨੂੰ ਪੇਟ ਦਰਦ ਵਰਗੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਕੇਸਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੌਰਾਨ 85 ਫੀਸਦੀ ਔਰਤਾਂ ਨੂੰ ਹਾਰਮੋਨਜ਼ ਦੀ ਗੜਬੜ ਕਾਰਨ ਪੀ. ਐੱਮ. ਐੱਸ. ਸਿੰਡ੍ਰੋਮ (Premenstrual Syndrome) ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਇਨ੍ਹੀਂ ਦਿਨੀਂ ਉਨ੍ਹਾਂ ਦੇ ਸੁਭਾਅ ਵਿਚ ਚਿੜਚਿੜਾਪਨ, ਥਕੇਵੇਂ, ਸਰੀਰ ਦਰਦ, ਤਣਾਅ ਵਰਗੀਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ। ਜੇ ਔਰਤਾਂ ਇਸ ਵੇਲੇ ਕੇਸਰ ਦੀ ਵਰਤੋਂ ਕਰਨ ਤਾਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

4. ਦਿਲ ਨੂੰ ਰੱਖੋ ਸੁਰੱਖਿਅਤ
ਕੇਸਰ ਵਿਚ ਐਂਟੀ-ਆਕਸੀਡੈਂਟ ਤੇ ਸੋਜ਼ ਘੱਟ ਕਰਨ ਵਾਲੇ ਗੁਣ ਹੁੰਦੇ ਹਨ, ਜੋ ਦਿਲ ਦੀਆਂ ਧਮਣੀਆਂ ਨੂੰ ਸੁਰੱਖਿਅਤ ਰੱਖਦੇ ਹਨ। ਖੋਜ ਅਨੁਸਾਰ ਭੂਮੱਧ ਦੇਸ਼ਾਂ ਜਿਵੇਂ ਸਪੇਨ ਵਿਚ ਲੋਕ ਦਿਲ ਦੀ ਬੀਮਾਰੀ ਦੇ ਘੱਟ ਸ਼ਿਕਾਰ ਹੁੰਦੇ ਹਨ ਕਿਉਂਕਿ ਉਹ ਕੇਸਰ ਦੀ ਵਰਤੋਂ ਜ਼ਿਆਦਾ ਕਰਦੇ ਹਨ ਪਰ ਜੇ ਤੁਹਾਨੂੰ ਪਹਿਲਾਂ ਤੋਂ ਦਿਲ ਦੀ ਬੀਮਾਰੀ ਹੈ ਤਾਂ ਕੇਸਰ ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਹੀ ਕਰੋ।
5. ਅੱਖਾਂ ਦੀ ਰੌਸ਼ਨੀ ਵਧਦੀ ਹੈ
ਇਕ ਅਧਿਐਨ ਅਨੁਸਾਰ ਕੇਸਰ ਵਿਚ ਮੌਜੂਦ ਤੱਤ ਅੱਖਾਂ ਦੀ ਰੌਸ਼ਨੀ ਤੇਜ਼ੀ ਨਾਲ ਵਧਾਉਣ 'ਚ ਸਹਾਇਕ ਹੈ ਪਰ ਸਹੀ ਮਾਤਰਾ 'ਚ ਕੇਸਰ ਦੀ ਵਰਤੋਂ ਕਰਨ ਲਈ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।

6. ਤੇਜ਼ ਯਾਦ-ਸ਼ਕਤੀ
ਕੇਸਰ ਦੀ ਵਰਤੋਂ ਕਰਨ ਨਾਲ ਵਿਅਕਤੀ ਦੀ ਯਾਦ-ਸ਼ਕਤੀ ਵਧਦੀ ਹੈ।
7. ਖੂਬਸੂਰਤੀ ਨੂੰ ਚਾਰ ਚੰਨ ਲਗਾਉਂਦੈ ਕੇਸਰ
ਦੁੱਧ ਵਿਚ ਕੇਸਰ ਤੇ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਾਉਣ ਨਾਲ ਚਮੜੀ ਵਿਚ ਗਜ਼ਬ ਦਾ ਨਿਖਾਰ ਆਉਂਦਾ ਹੈ। 
ਕੱਚੇ ਪਪੀਤੇ ਦੇ ਗੁੱਦੇ ਵਿਚ ਇਕ ਚੁਟਕੀ ਕੇਸਰ ਮਿਲਾ ਕੇ ਲਾਉਣ ਨਾਲ ਚਮੜੀ ਦੇ ਦਾਗ-ਧੱਬੇ ਦੂਰ ਹੁੰਦੇ ਹਨ।
ਮੁਹਾਸਿਆਂ ਤੋਂ ਪ੍ਰੇਸ਼ਾਨ ਹੋ ਤਾਂ ਤੁਲਸੀ, ਕੇਸਰ ਤੇ ਸ਼ਹਿਦ ਮਿਲਾ ਕੇ ਫੇਸ ਪੈਕ ਬਣਾਓ ਅਤੇ 15 ਮਿੰਟਾਂ ਲਈ ਚਿਹਰੇ 'ਤੇ ਲਾਓ।
ਕੇਸਰ ਦੀ ਵਰਤੋਂ ਤੁਸੀਂ ਕੁਦਰਤੀ ਟੋਨਰ ਵਾਂਗ ਵੀ ਕਰ ਸਕਦੇ ਹੋ।


Related News