ਦੇਰ ਨਾਲ ਰਿਟਾਇਰ ਹੋਣ ਵਾਲੇ ਜਿਊਂਦੇ ਨੇ ਲੰਮੀ ਜ਼ਿੰਦਗੀ, ਚੰਗੀ ਰਹਿੰਦੀ ਹੈ ਮਾਨਸਿਕ ਸਿਹਤ
Monday, Oct 30, 2023 - 10:16 AM (IST)

ਜਲੰਧਰ (ਬਿਊਰੋ)– ਰਿਟਾਇਰਮੈਂਟ ਏਜ ਵਧਣ ਨਾਲ ਉਮਰ ਵੀ ਵਧਦੀ ਹੈ। ਖ਼ਾਸ ਤੌਰ ’ਤੇ ਉਦੋਂ, ਜਦੋਂ ਤੁਸੀਂ ਆਪਣੀ ਪਸੰਦ ਦਾ ਕੰਮ ਕਰਦੇ ਹੋ। ਅਜਿਹੇ ਲੋਕਾਂ ਦੀ ਉਮਰ ਦੂਜਿਆਂ ਤੋਂ ਜ਼ਿਆਦਾ ਹੁੰਦੀ ਹੈ। ਉਹ ਖ਼ੁਸ਼ ਰਹਿੰਦੇ ਹਨ ਤੇ ਅਜਿਹੇ ਲੋਕਾਂ ਦੀ ਮਾਨਸਿਕ ਸਥਿਤੀ ਚੰਗੀ ਹੁੰਦੀ ਹੈ। ਲੰਡਨ ਮੈਡੀਕਲ ’ਚ ਐਂਡੋਕ੍ਰਾਇਨੋਲਾਜਿਸਟ 78 ਸਾਲ ਦੇ ਡਾਕਟਰ ਰਾਲਫ ਅਬ੍ਰਾਹਾ ਕਹਿੰਦੇ ਹਨ, ਇਸ ਉਮਰ ’ਚ ਅਸੀਂ ਸਰੀਰਕ ਰੂਪ ਨਾਲ ਆਪਣੀ ਜ਼ਿੰਦਗੀ ਦੇ ਦੂਜੇ ਜਾਂ ਤੀਜੇ ਦਹਾਕੇ ਤੋਂ ਕਿਤੇ ਜ਼ਿਆਦਾ ਕਮਜ਼ੋਰ ਹੁੰਦੇ ਹਾਂ ਪਰ ਜੇਕਰ ਅਸੀਂ ਕੰਮ ਕਰਦੇ ਰਹਿੰਦੇ ਹਾਂ ਤਾਂ ਸਾਡਾ ਉਤਸ਼ਾਹ ਜ਼ਿੰਦਾ ਰਹਿੰਦਾ ਹੈ। ਇਹ ਉਤਸ਼ਾਹ ਲੰਮੀ ਜ਼ਿੰਦਗੀ ਦਿੰਦਾ ਹੈ।
ਉਹ ਕਹਿੰਦੇ ਹਨ, ‘‘ਤੁਸੀਂ ਇਸ ਲਈ ਖ਼ੁਦ ਨੂੰ ਰਿਟਾਇਰ ਨਾ ਕਰੋ ਕਿਉਂਕਿ ਤੁਸੀਂ 60 ਜਾਂ 70 ਦੇ ਹੋ ਗਏ ਹੋ। ਜੇਕਰ ਤੁਸੀਂ ਕੰਮ ਕਰਦੇ ਰਹਿੰਦੇ ਹੋ ਤਾਂ ਉਮਰ ਦੇ ਇਸ ਪੜਾਅ ’ਤੇ ਵੀ ਤੁਹਾਨੂੰ ਲੋਕਾਂ ਦਾ ਸਾਥ ਮਿਲਦਾ ਰਹਿੰਦਾ ਹੈ। ਨਹੀਂ ਤਾਂ ਤੁਸੀਂ ਇਕੱਲੇ ਪੈ ਜਾਂਦੇ ਹੋ ਤੇ ਇਹ ਇਕੱਲਾਪਣ ਤੁਹਾਨੂੰ ਜਲਦ ਖ਼ਤਮ ਕਰ ਦੇਵੇਗਾ। ਜੇਕਰ ਤੁਸੀਂ ਜ਼ਿੰਦਗੀ ਜਿਊਣਾ ਚਾਹੁੰਦੇ ਹੋ ਤਾਂ ਥਕਾਨ ਤੁਹਾਡੇ ’ਤੇ ਬਹੁਤ ਜ਼ਿਆਦਾ ਹਾਵੀ ਨਹੀਂ ਹੁੰਦੀ। ਤੁਹਾਡਾ ਦਿਨ ਊਰਜਾ ਨਾਲ ਭਰਪੂਰ ਰਹਿੰਦਾ ਹੈ।’’
ਬ੍ਰਿਟੇਨ ’ਚ ਬੀ. ਐੱਮ. ਸੀ. ਪਬਲਿਕ ਹੈਲਥ ਦੇ 2021 ਦੇ ਅਧਿਐਨ ’ਚ ਪਾਇਆ ਗਿਆ ਹੈ ਕਿ ਜੋ ਲੋਕ ਰਿਟਾਇਰਮੈਂਟ ਦੀ ਉਮਰ ਤੋਂ ਬਾਅਦ ਵੀ ਕੋਈ ਕੰਮ ਕਰਦੇ ਰਹਿੰਦੇ ਹਨ, ਫਿਰ ਭਾਵੇਂ ਉਹ ਪਾਰਟ ਟਾਈਮ ਹੋਵੇ ਜਾਂ ਫੁੱਲ ਟਾਈਮ, ਉਨ੍ਹਾਂ ਦੀ ਮਾਨਸਿਕ ਸਿਹਤ ਬਿਹਤਰ ਰਹਿੰਦੀ ਹੈ। ਇਸੇ ਖੋਜ ’ਚ ਇਹ ਦੇਖਿਆ ਗਿਆ ਕਿ ਜੋ ਮਹਿਲਾਵਾਂ 65 ਦੀ ਉਮਰ ਤਕ ਕੰਮ ਕਰਦੀਆਂ ਰਹੀਆਂ, ਉਨ੍ਹਾਂ ਨੂੰ ਲੰਮੇ ਸਮੇਂ ਤਕ ਦੇਖਭਾਲ ਦੀ ਲੋੜ ਨਹੀਂ ਪਈ। ਹਾਵਰਡ ਬਿਜ਼ਨੈੱਸ ਸਕੂਲ ਦੀ ਖੋਜ ਮੁਤਾਬਕ 65 ਦੀ ਬਜਾਏ 66 ’ਚ ਰਿਟਾਇਰ ਹੋਣ ਵਾਲੇ ਲੋਕ 11 ਫ਼ੀਸਦੀ ਲੰਮੀ ਜ਼ਿੰਦਗੀ ਜੀਅ ਗਏ। 72 ਸਾਲ ਦੇ ਟੌਮ ਨੇ ਬਤੌਰ ਪੱਤਰਕਾਰ ਕਰੀਅਰ ਸ਼ੁਰੂ ਕੀਤਾ ਤੇ ਆਰਕੀਟੈਕਟ ਦੇ ਤੌਰ ’ਤੇ ਰਿਟਾਇਰ ਹੋਏ। ਉਹ ਕਹਿੰਦੇ ਹਨ, ‘‘ਮੈਂ ਹੁਣ ਵੀ ਪਾਰਟ ਟਾਈਮ ਕੰਮ ਕਰਦਾ ਹਾਂ। ਇਸ ਨੇ ਮੈਨੂੰ ਹਰ ਤਰ੍ਹਾਂ ਨਾਲ ਫਿੱਟ ਰੱਖਿਆ ਹੈ।’’
ਇਹ ਖ਼ਬਰ ਵੀ ਪੜ੍ਹੋ : ਦਰਦਭਰੇ ਗੀਤ ਸੁਣਨ ਨਾਲ ਦੁੱਖ ਹੁੰਦੈ ਘੱਟ, ਤਣਾਅ ਤੇ ਡਿਪ੍ਰੈਸ਼ਨ ਨੂੰ ਦੂਰ ਕਰਨ ’ਚ ਵੀ ਮਦਦਗਾਰ
ਰਿਟਾਇਰਮੈਂਟ ਤੋਂ ਬਾਅਦ ਕੰਮ ਅਰਥਵਿਵਸਥਾ ਲਈ ਬਿਹਤਰ
ਅਜਿਹੇ ਲੋਕ ਜੋ ਰਿਟਾਇਰਮੈਂਟ ਤੋਂ ਬਾਅਦ ਵੀ ਕੰਮ ਕਰਦੇ ਹਨ, ਅਰਥਵਿਵਸਥਾ ’ਚ ਵੱਡਾ ਯੋਗਦਾਨ ਦਿੰਦੇ ਹਨ। ਉਹ ਬੋਝ ਨਹੀਂ ਬਣਦੇ ਤੇ ਸਕਿੱਲਡ ਲੋਕਾਂ ਦੀ ਨਵੀਂ ਫੌਜ ਖੜ੍ਹੀ ਕਰਦੇ ਹਨ। ਹਾਲਾਂਕਿ ਕੁਝ ਦੇਸ਼ਾਂ ’ਚ ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਕਾਰਨ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਹਨ।
ਆਧੁਨਿਕ ਇਤਿਹਾਸ ’ਚ 1881 ’ਚ ਰਿਟਾਇਰਮੈਂਟ ਦੀ ਧਾਰਣਾ ਆਈ
ਦੁਨੀਆ ਦੇ ਆਧੁਨਿਕ ਇਤਿਹਾਸ ’ਚ ਸਭ ਤੋਂ ਪਹਿਲਾਂ ਰਿਟਾਇਰਮੈਂਟ ਦੀ ਧਾਰਣਾ 1881 ’ਚ ਲੇਖਕ ਓਟੋ ਵੌਨ ਬਿਸਮਾਰਕ ਨੇ ਆਪਣੀ ਕਿਤਾਬ ਰੀਚਸਟੈਗ ’ਚ ਦਿੱਤੀ। ਉਨ੍ਹਾਂ ਕਿਹਾ ਕਿ ਜੋ ਲੋਕ ਉਮਰ ਦੇ ਇਕ ਪੜਾਅ ’ਤੇ ਕਮਾ ਨਹੀਂ ਸਕਦੇ। ਸਰਕਾਰ ਨੂੰ ਉਨ੍ਹਾਂ ਲੋਕਾਂ ਨੂੰ ਸੁਪੋਰਟ ਕਰਨੀ ਚਾਹੀਦੀ ਹੈ। ਇਹ ਵਿਚਾਰ ਉਸ ਦੌਰ ’ਚ ਰੱਖਿਆ ਗਿਆ, ਜਦੋਂ ਦੁਨੀਆ ’ਚ ਮਰਨ ਤਕ ਕੰਮ ਕਰਨ ਦੀ ਧਾਰਣਾ ਸੀ। ਇਸ ਦੇ ਕਰੀਬ 30 ਸਾਲਾਂ ਬਾਅਦ 1908 ’ਚ ਬ੍ਰਿਟੇਨ ਨੇ ਪਹਿਲੀ ਵਾਰ 70 ਸਾਲ ਤੋਂ ਵੱਧ ਦੇ ਉਨ੍ਹਾਂ ਲੋਕਾਂ ਨੂੰ ਹਰ ਹਫ਼ਤੇ 5 ਸ਼ਿਲਿੰਗ ਦੇਣਾ ਸ਼ੁਰੂ ਕੀਤਾ, ਜੋ ਪਹਿਲਾਂ 21 ਪੌਂਡ ਤੋਂ ਘੱਟ ਕਮਾ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੇ ਵਿਚਾਰ ਕੁਮੈਂਟ ਕਰਕੇ ਜ਼ਰੂਰ ਸਾਂਝੇ ਕਰੋ।