Health Tips : ਮੋਟਾਪੇ ਦੀ ਸਮੱਸਿਆ ਨੂੰ ਕੰਟਰੋਲ ’ਚ ਕਰਨ ਲਈ ਆਪਣੀ ਖ਼ੁਰਾਕ ’ਚ ਸ਼ਾਮਲ ਕਰੋ ਇਹ ਚੀਜ਼ਾਂ
Saturday, Oct 15, 2022 - 06:39 PM (IST)

ਜਲੰਧਰ (ਬਿਊਰੋ) - ਅੱਜ ਦੇ ਸਮੇਂ ’ਚ ਬਹੁਤ ਸਾਰੇ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਗ਼ਲਤ ਖਾਣ ਪੀਣ, ਜ਼ਿਆਦਾ ਖਾਣਾ, ਸਿਹਤਮੰਦ ਖੁਰਾਕ ਨਾ ਲੈਣਾ, ਕਸਰਤ ਨਾ ਕਰਨਾ, ਥਾਇਰਾਇਡ ਜਾਂ ਕੋਈ ਬੀਮਾਰੀ ਹੋਣ ਨਾਲ ਵੀ ਮੋਟਾਪਾ ਹੋ ਸਕਦਾ ਹੈ। ਮੋਟਾਪੇ ਦੀ ਸਮੱਸਿਆ ਨੂੰ ਦੂਰ ਕਰਨਾ ਬਹੁਤ ਔਖਾ ਹੈ। ਕਈ ਲੋਕ ਇਸ ਨੂੰ ਘਟਾਉਣ ਅਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਦਵਾਈਆਂ ਦਾ ਸਹਾਰਾ ਲੈਂਦੇ ਹਨ, ਜਿਨ੍ਹਾਂ ਦੇ ਬਹੁਤ ਸਾਰੇ ਸਾਈਡ ਇਫੈਕਟ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਸਰੀਰ ਫਿੱਟ ਹੋ ਜਾਂਦਾ ਹੈ ਪਰ ਦਵਾਈਆਂ ਛੱਡਣ ਨਾਲ ਮੋਟਾਪਾ ਫਿਰ ਆ ਜਾਂਦਾ ਹੈ। ਮੋਟਾਪੇ ਨੂੰ ਘੱਟ ਕਰਨ ਲਈ ਤੁਸੀਂ ਆਪਣੀ ਖ਼ੁਰਾਕ ’ਚ ਸਹੀ ਚੀਜ਼ਾਂ ਦਾ ਇਸਤੇਮਾਲ ਕਰੋ, ਜਿਵੇਂ....
ਮੂਲੀ
ਮੋਟਾਪੇ ਦੀ ਸਮੱਸਿਆ ਨੂੰ ਘੱਟ ਕਰਨ ਲਈ ਮੂਲੀ ਦਾ ਸੇਵਨ ਜ਼ਰੂਰ ਕਰੋ। ਭਾਰ ਘਟਾਉਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ। ਮੂਲੀ ਦਾ ਸੇਵਨ ਕਰਨ ਨਾਲ ਜਲਦੀ ਭੁੱਖ ਨਹੀਂ ਲੱਗਦੀ, ਕਿਉਂਕਿ ਮੂਲੀ ਫਾਈਬਰ ਨਾਲ ਭਰਪੂਰ ਹੁੰਦੀ ਹੈ। ਤੁਸੀਂ ਮੂਲੀ ਦਾ ਸੇਵਨ ਸਲਾਦ ਦੇ ਰੂਪ ’ਚ ਵੀ ਕਰ ਸਕਦੇ ਹੋ।
ਹਰੇ ਮਟਰ
ਹਰੇ ਮਟਰ ਮੋਟਾਪੇ ਨੂੰ ਕੰਟਰੋਲ ’ਚ ਕਰਨ ਦਾ ਕੰਮ ਕਰਦੇ ਹਨ। ਮਟਰ ਭਾਵੇਂ ਵੇਖਣ ’ਚ ਛੋਟੇ ਹਨ ਪਰ ਭਾਰ ਘਟਾਉਣ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਇਨ੍ਹਾਂ ਵਿੱਚ ਜ਼ੀਰੋ ਕੋਲੈਸਟ੍ਰੋਲ ਹੁੰਦਾ ਹੈ। ਇਸ ਤੋਂ ਇਲਾਵਾ ਇਨ੍ਹਾਂ 'ਚ ਫਾਈਬਰ ਦੀ ਮਾਤਰਾ ਵੀ ਕਾਫ਼ੀ ਹੁੰਦੀ ਹੈ। ਭਾਰ ਘਟਾਉਣ ਲਈ ਤੁਸੀਂ ਕੱਚੇ ਮਟਰ ਵੀ ਖਾ ਸਕਦੇ ਹੋ, ਮਟਰ ਦਾ ਸੂਪ ਬਣਾ ਕੇ ਵੀ ਪੀ ਸਕਦੇ ਹੋ ਜਾਂ ਇਸ ਦੀ ਸਬਜ਼ੀ ਵੀ ਬਣਾ ਸਕਦੇ ਹੋ। ਇਸ ਤੋਂ ਇਲਾਵਾ ਮਟਰ ਨੂੰ ਸਨੈਕਸ ਵਜੋਂ ਵੀ ਖਾਧਾ ਜਾ ਸਕਦਾ ਹੈ।
ਪਾਲਕ
ਪਾਲਕ ਨਾ ਸਿਰਫ਼ ਭਾਰ ਘਟਾਉਣ ਵਿਚ ਕਾਰਗਰ ਹੈ ਸਗੋਂ ਇਸ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਵੀ ਪਾਏ ਜਾਂਦੇ ਹਨ, ਜੋ ਸਰੀਰ ਲਈ ਫ਼ਾਇਦੇਮੰਦ ਹੁੰਦੇ ਹਨ। ਜੇਕਰ ਤੁਹਾਡੇ ’ਚ ਆਇਰਨ ਦੀ ਘਾਟ ਹੈ ਤਾਂ ਤੁਹਾਨੂੰ ਪਾਲਕ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਹ ਢਿੱਡ ਦੀ ਚਰਬੀ ਨੂੰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਤੁਸੀਂ ਪਾਲਕ ਦਾ ਸੂਪ ਵੀ ਪੀ ਸਕਦੇ ਹੋ ਅਤੇ ਇਸ ਦਾ ਸਲਾਦ ਵੀ ਬਣਾ ਸਕਦੇ ਹੋ।
ਗਾਜਰ
ਗਾਜਰ ਭਾਰ ਘਟਾਉਣ ਵਿੱਚ ਬਹੁਤ ਕਾਰਗਰ ਹੁੰਦੀ ਹੈ, ਕਿਉਂਕਿ ਇਸ ’ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਇਹ ਇਮਿਊਨਿਟੀ ਵਧਾਉਣ ਦਾ ਕੰਮ ਵੀ ਕਰਦੀ ਹੈ। ਗਾਜਰ ’ਚ ਕੈਰੋਟੀਨ, ਵਿਟਾਮਿਨ-ਏ, ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਭਾਰ ਕੰਟਰੋਲ ਕਰਨ ਦੇ ਨਾਲ-ਨਾਲ ਭੁੱਖ ਨੂੰ ਵੀ ਘੱਟ ਕਰਨ ਦਾ ਕੰਮ ਕਰਦੀ ਹੈ।
ਚੁਕੰਦਰ
ਸਿਹਤ ਲਈ ਚੁਕੰਦਰ ਬਹੁਚ ਚੰਗੀ ਹੁੰਦੀ ਹੈ। ਬਹੁਤ ਸਾਰੇ ਲੋਕ ਇਸ ਦਾ ਸਲਾਦ ਖਾਂਦੇ ਹਨ। ਚੁਕੰਦਰ ’ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਪਾਈ ਜਾਂਦੀ ਹੈ ਅਤੇ ਇਹ ਚਰਬੀ ਰਹਿਤ ਹੁੰਦੀ ਹੈ। ਇਸ 'ਚ ਫਾਈਬਰ, ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਜੋ ਭਾਰ ਘਟਾਉਣ 'ਚ ਮਦਦਗਾਰ ਹੁੰਦੇ ਹਨ।