ਸਰੀਰ ’ਚ ਮਹਿਸੂਸ ਕਰਦੇ ਹੋ ਇਹ 5 ਸੰਕੇਤ ਤਾਂ ਸਮਝ ਲਓ ਪ੍ਰੋਟੀਨ ਦੀ ਹੈ ਘਾਟ, ਇੰਝ ਕਰੋ ਪੂਰੀ
Friday, May 12, 2023 - 10:46 AM (IST)
ਜਲੰਧਰ (ਬਿਊਰੋ)– ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਤੇ ਇਸ ਦੇ ਸਹੀ ਵਿਕਾਸ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੈ। ਆਇਰਨ ਜਾਂ ਕੈਲਸ਼ੀਅਮ ਦੀ ਤਰ੍ਹਾਂ ਜੇਕਰ ਸਰੀਰ ’ਚ ਪ੍ਰੋਟੀਨ ਦੀ ਘਾਟ ਹੋਵੇ ਤਾਂ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅਕਸਰ ਅਸੀਂ ਇਹ ਨਹੀਂ ਪਛਾਣਦੇ ਕਿ ਸਾਡੇ ਸਰੀਰ ’ਚ ਪ੍ਰੋਟੀਨ ਦੀ ਮਾਤਰਾ ਘੱਟ ਰਹੀ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋ ਰਿਹਾ ਹੈ ਤਾਂ ਪ੍ਰੋਟੀਨ ਦੀ ਘਾਟ ਦੇ ਲੱਛਣਾਂ ਨੂੰ ਪਛਾਣੋ। ਇਸ ਦੇ ਨਾਲ ਹੀ ਇਹ ਵੀ ਜਾਣੋ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਡਾਈਟ ’ਚ ਕੁਝ ਬਦਲਾਅ ਕਰਕੇ ਸਰੀਰ ’ਚ ਪ੍ਰੋਟੀਨ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ।
ਸਰੀਰ ’ਚ ਪ੍ਰੋਟੀਨ ਦੀ ਘਾਟ ਦੇ ਸੰਕੇਤ
1. ਕਮਜ਼ੋਰ ਨਹੁੰ ਤੇ ਵਾਲ
ਤੁਹਾਡੇ ਵਾਲ, ਚਮੜੀ ਤੇ ਨਹੁੰ ਪ੍ਰੋਟੀਨ ਦੇ ਬਣੇ ਹੁੰਦੇ ਹਨ। ਅਜਿਹੀ ਸਥਿਤੀ ’ਚ ਜੇਕਰ ਤੁਹਾਡੇ ਸਰੀਰ ’ਚ ਪ੍ਰੋਟੀਨ ਦੀ ਘਾਟ ਹੈ ਤਾਂ ਤੁਹਾਡੇ ਨਹੁੰ ਭੁਰਭੁਰਾ ਹੋ ਸਕਦੇ ਹਨ, ਤੁਹਾਡੇ ਵਾਲ ਪਤਲੇ ਹੋ ਸਕਦੇ ਹਨ ਤੇ ਤੁਹਾਡੀ ਚਮੜੀ ਕੁਝ ਥਾਵਾਂ ਤੋਂ ਲਾਲ ਹੋ ਸਕਦੀ ਹੈ। ਵਾਲਾਂ ਦਾ ਰੰਗ ਵੀ ਬਦਲ ਸਕਦਾ ਹੈ।
2. ਮਾਸਪੇਸ਼ੀਆਂ ਦੀਆਂ ਸਮੱਸਿਆਵਾਂ
ਪ੍ਰੋਟੀਨ ਮਾਸਪੇਸ਼ੀਆਂ ਲਈ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ ’ਚ ਜੇਕਰ ਤੁਹਾਡੀਆਂ ਮਾਸਪੇਸ਼ੀਆਂ ’ਚ ਨੁਕਸਾਨ ਹੁੰਦਾ ਹੈ ਜਾਂ ਦਰਦ ਜਾਰੀ ਰਹਿੰਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਹਾਨੂੰ ਪ੍ਰੋਟੀਨ ਦੀ ਮਾਤਰਾ ਵਧਾਉਣ ਦੀ ਜ਼ਰੂਰਤ ਹੈ।
3. ਹੱਡੀਆਂ ਦੇ ਫਰੈਕਚਰ ਦਾ ਵੱਧ ਖ਼ਤਰਾ
ਤੁਹਾਡੀਆਂ ਹੱਡੀਆਂ ਦੀ ਘਣਤਾ ਤੇ ਤਾਕਤ ਵੀ ਪ੍ਰੋਟੀਨ ’ਤੇ ਨਿਰਭਰ ਕਰਦੀ ਹੈ। ਜੇਕਰ ਤੁਹਾਡੇ ਕੋਲ ਪ੍ਰੋਟੀਨ ਦੀ ਘਾਟ ਹੈ ਤਾਂ ਤੁਹਾਨੂੰ ਫਰੈਕਚਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਹ ਤੁਹਾਡੀ ਹੱਡੀਆਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
4. ਵਧੀ ਹੋਈ ਭੁੱਖ
ਪ੍ਰੋਟੀਨ ਪੇਪਟਾਇਡ YY (PYY) ਦੇ ਉਤਪਾਦਨ ਨੂੰ ਉਤਸ਼ਾਹਿਤ ਕਰਦਾ ਹੈ, ਉਹ ਹਾਰਮੋਨ ਜੋ ਤੁਹਾਨੂੰ ਭਰਿਆ ਹੋਇਆ ਮਹਿਸੂਸ ਕਰਵਾਉਂਦਾ ਹੈ ਪਰ ਜੇ ਤੁਹਾਨੂੰ ਇਹ ਲੋੜੀਂਦੀ ਮਾਤਰਾ ’ਚ ਨਹੀਂ ਮਿਲ ਰਿਹਾ ਤਾਂ ਤੁਹਾਨੂੰ ਜ਼ਿਆਦਾ ਭੁੱਖ ਲੱਗਦੀ ਹੈ।
5. ਇਮਿਊਨਿਟੀ ਕਮਜ਼ੋਰ ਹੁੰਦੀ ਹੈ
ਪ੍ਰੋਟੀਨ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ’ਚ ਮਦਦ ਕਰਦਾ ਹੈ। ਜੇਕਰ ਤੁਸੀਂ ਇਸ ਨੂੰ ਲੋੜੀਂਦੀ ਮਾਤਰਾ ’ਚ ਨਹੀਂ ਲੈ ਰਹੇ ਹੋ ਤਾਂ ਤੁਸੀਂ ਵਾਰ-ਵਾਰ ਬੀਮਾਰ ਹੋ ਸਕਦੇ ਹੋ। ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਤੁਹਾਡੇ ਲੱਛਣ ਆਮ ਨਾਲੋਂ ਜ਼ਿਆਦਾ ਗੰਭੀਰ ਹਨ। ਪ੍ਰੋਟੀਨ ਦੀ ਘਾਟ ਕੁਝ ਇੰਫੈਕਸ਼ਨਜ਼ ਦੇ ਜੋਖ਼ਮ ਨੂੰ ਵੀ ਵਧਾ ਸਕਦੀ ਹੈ।
ਪ੍ਰੋਟੀਨ ਦੀ ਘਾਟ ਨੂੰ ਪੂਰਾ ਕਰਨ ਲਈ ਡਾਈਟ ’ਚ ਸ਼ਾਮਲ ਕਰੋ ਇਨ੍ਹਾਂ ਚੀਜ਼ਾਂ ਨੂੰ, ਇਸ ਤਰ੍ਹਾਂ ਵਧਾਓ ਆਪਣਾ ਪ੍ਰੋਟੀਨ ਲੈਵਲ–
1. ਅੰਡੇ
ਅੰਡੇ ਨਾ ਸਿਰਫ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ, ਸਗੋਂ ਇਹ ਪ੍ਰੋਟੀਨ ਦਾ ਬਹੁਤ ਵੱਡਾ ਸਰੋਤ ਹੁੰਦੇ ਹਨ। ਸਵੇਰੇ ਨਾਸ਼ਤੇ ’ਚ ਅੰਡੇ ਖਾਓ, ਇਸ ਨਾਲ ਤੁਹਾਨੂੰ ਪੂਰੇ ਦਿਨ ਲਈ ਊਰਜਾ ਮਿਲੇਗੀ ਤੇ ਸਰੀਰ ’ਚ ਪ੍ਰੋਟੀਨ ਦੀ ਘਾਟ ਵੀ ਪੂਰੀ ਹੋ ਜਾਵੇਗੀ।
2. ਪਨੀਰ
ਪ੍ਰੋਟੀਨ ਦੀ ਘਾਟ ਨਾਲ ਨਜਿੱਠਣ ਲਈ ਡੇਅਰੀ ਉਤਪਾਦ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਪਨੀਰ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ, ਸਿਹਤਮੰਦ ਚਰਬੀ ਰੱਖਦਾ ਹੈ ਤੇ ਕਾਰਬੋਹਾਈਡ੍ਰੇਟ ਵੀ ਘੱਟ ਹੁੰਦਾ ਹੈ।
3. ਫਲੀਆਂ
ਫਲੀਆਂ ਗੈਰ-ਡੇਅਰੀ ਪ੍ਰੋਟੀਨ ਦੇ ਸਭ ਤੋਂ ਵਧੀਆ ਸਰੋਤਾਂ ’ਚੋਂ ਇਕ ਹਨ। ਸਾਨੂੰ ਸੋਇਆਬੀਨ, ਦਾਲ, ਛੋਲੇ, ਰਾਜਮਾ ਆਦਿ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ’ਚ ਪ੍ਰੋਟੀਨ ਦੀ ਘਾਟ ਦੂਰ ਹੋ ਜਾਵੇਗੀ। ਭੋਜਨ ’ਚ ਹਰ ਰੋਜ਼ ਇਕ ਕੌਲੀ ਦਾਲ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ।
4. ਸੁੱਕੇ ਮੇਵੇ
ਬਦਾਮ, ਪਿਸਤਾ, ਕਾਜੂ ਤੇ ਅਖਰੋਟ ਊਰਜਾ ਪ੍ਰਦਾਨ ਕਰਦੇ ਹਨ ਤੇ ਇਨ੍ਹਾਂ ’ਚ ਪ੍ਰੋਟੀਨ ਵੀ ਹੁੰਦਾ ਹੈ, ਜੋ ਤੁਹਾਡੇ ਸਰੀਰ ’ਚ ਪ੍ਰੋਟੀਨ ਦੀ ਕਮੀ ਨੂੰ ਦੂਰ ਕਰਨ ’ਚ ਕਾਰਗਰ ਹੈ।
ਨੋਟ– ਇਹ ਸਮੱਗਰੀ ਸਿਰਫ਼ ਸਲਾਹ ਸਮੇਤ ਆਮ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਕਿਸੇ ਵੀ ਤਰ੍ਹਾਂ ਯੋਗ ਡਾਕਟਰੀ ਰਾਏ ਦਾ ਬਦਲ ਨਹੀਂ ਹੈ। ਵਧੇਰੇ ਵੇਰਵਿਆਂ ਲਈ ਹਮੇਸ਼ਾ ਕਿਸੇ ਮਾਹਿਰ ਜਾਂ ਆਪਣੇ ਡਾਕਟਰ ਨਾਲ ਸਲਾਹ ਕਰੋ।