Health Tips: ਕੁਝ ਲੋਕ ਸੌਂਦੇ ਸਮੇਂ ਘੁਰਾੜੇ ਕਿਉਂ ਮਾਰਦੇ ਹਨ? ਜਾਣੋ ਸਮੱਸਿਆ ਤੋਂ ਰਾਹਤ ਪਾਉਣ ਦਾ ਤਰੀਕਾ

09/21/2023 5:12:35 PM

ਜਲੰਧਰ - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸੌਂਦੇ ਸਮੇਂ ਘੁਰਾੜੇ ਮਾਰਦੇ ਹਨ, ਜੋ ਆਮ ਗੱਲ ਹੈ। ਜੋ ਵਿਅਕਤੀ ਨੀਂਦ 'ਚ ਘੁਰਾੜੇ ਮਾਰ ਰਿਹਾ ਹੁੰਦਾ ਹੈ, ਉਸ ਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ। ਘੁਰਾੜਿਆਂ ਕਾਰਨ ਉਸ ਦੇ ਆਲੇ-ਦੁਆਲੇ ਪਏ ਲੋਕਾਂ ਦੀ ਨੀਂਦ ਜ਼ਰੂਰ ਖ਼ਰਾਬ ਹੋ ਜਾਂਦੀ ਹੈ। ਕਈ ਵਾਰ ਜ਼ਿਆਦਾ ਅਤੇ ਤੇਜ਼ ਘੁਰਾੜੇ ਲੋਕਾਂ ਲਈ ਮੁਸੀਬਤ ਬਣ ਜਾਂਦੇ ਹਨ। ਇਸ ਨਾਲ ਲੋਕਾਂ ਨੂੰ ਬੇਆਰਾਮੀ ਮਹਿਸੂਸ ਹੁੰਦੀ ਹੈ। ਕੁਝ ਲੋਕ ਤਣਾਅ ਕਾਰਨ ਵੀ ਘੁਰਾੜੇ ਮਾਰਦੇ ਹਨ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਘੁਰਾੜੇ ਚੰਗੀ ਨੀਂਦ ਦੀ ਨਿਸ਼ਾਨੀ ਹੈ ਪਰ ਅਜਿਹਾ ਕੁਝ ਨਹੀਂ। 

ਘੁਰਾੜੇ ਕਿਉਂ ਆਉਂਦੇ ਹਨ?
ਅਸਲ ਵਿੱਚ ਜਦੋਂ ਸਾਡੇ ਮੂੰਹ ਜਾਂ ਨੱਕ ਰਾਹੀਂ ਹਵਾ ਆਸਾਨੀ ਨਹੀਂ ਨਿਕਲਦੀ ਤਾਂ ਇਹ ਘਸਕੇ ਤੇ ਖਹਿਕੇ ਮੂੰਹ 'ਚੋਂ ਲੰਘਦੀ ਹੈ। ਇਸ ਨਾਲ ਮੂੰਹ, ਨੱਕ ਤੇ ਗਲੇ ਦੇ ਨਰਮ ਟਿਸ਼ੂ ਇਕ ਦੂਜੇ ਨਾਲ ਟਕਰਾਉਂਦੇ ਹਨ ਅਤੇ ਕੰਬਨੀ ਪੈਦਾ ਕਰਦੇ ਹਨ। ਇਸੇ ਕੰਬਣੀ ਦੇ ਕਾਰਨ ਘੁਰਾੜੇ ਦੀ ਸਮੱਸਿਆ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਸਾਹ ਲੈਣ 'ਚ ਵਿਅਕਤੀ ਦੀ ਜੀਭ ਦੀ ਸਥਿਤੀ 'ਚ ਵੀ ਰੁਕਾਵਟ ਆਉਂਦੀ ਹੈ, ਜਿਸ ਕਾਰਨ ਘੁਰਾੜਿਆਂ ਦੀ ਸਮੱਸਿਆ ਹੋ ਜਾਂਦੀ ਹੈ।

ਘੁਰਾੜੇ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਦੇ ਤਰੀਕੇ

ਸਿਰਹਾਣੇ ਨੂੰ ਉੱਚਾ ਕਰਕੇ ਰੱਖੋ
ਜੇਕਰ ਤੁਸੀਂ ਘੁਰਾੜੇ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਆਪਣੇ ਬਿਸਤਰੇ ਦੀ ਉਸ ਥਾਂ ਨੂੰ ਕੁਝ ਇੰਚ ਉੱਚਾ ਕਰ ਦਿਓ, ਜਿਥੇ ਤੁਸੀਂ ਸਿਰ ਰੱਖ ਕੇ ਆਰਾਮ ਕਰਦੇ ਹੋ। ਅਜਿਹਾ ਕਰਨ ਨਾਲ ਸਾਹ ਨਾਲੀਆਂ ਖੁੱਲ੍ਹ ਜਾਂਦੀਆਂ ਹਨ, ਜਿਸ ਨਾਲ ਘੁਰਾੜੇ ਆਉਣੇ ਪੂਰੀ ਤਰ੍ਹਾਂ ਬੰਦ ਹੋ ਜਾਂਦੇ ਹਨ। 

ਨੇਜਲ ਏਅਰਵੇਜ
ਨੇਜਲ ਤੋਂ ਭਾਵ ਨੱਕ ਦੇ ਰਾਸਤੇ ਤੋਂ ਹੈ। ਐਲਰਜੀ ਜਾਂ ਮੌਸਮੀ ਤਬਦੀਲੀ ਦੇ ਕਾਰਨ ਕਈ ਲੋਕਾਂ ਦੇ ਨੱਕ ਬੰਦ ਹੋ ਜਾਂਦੇ ਹਨ, ਜਿਸ ਨਾਲ ਸਾਹ ਲੈਣ 'ਚ ਮੁਸ਼ਕਲ ਹੁੰਦੀ ਹੈ। ਅਜਿਹੇ ਲੋਕ ਸੌਂਦੇ ਸਮੇਂ ਘੁਰਾੜੇ ਮਾਰਨੇ ਸ਼ੁਰੂ ਕਰ ਦਿੰਦੇ ਹਨ। ਇਸ ਪਿੱਛੇ ਵਜ੍ਹਾ ਸਾਫ ਹੈ ਕਿ ਨੱਕ ਦਾ ਰਾਸਤਾ ਤੰਗ ਹੋਣ ਕਾਰਨ ਹਵਾ ਖਹਿਕੇ ਲੰਘਦੀ ਹੈ।

ਸ਼ਰਾਬ ਦਾ ਸੇਵਨ ਨਾ ਕਰੋ 
ਕਈ ਲੋਕ ਸ਼ਰਾਬ ਪੀਣ ਦੇ ਕਾਰਨ ਵੀ ਘੁਰਾੜੇ ਮਾਰਦੇ ਹਨ। ਜ਼ਿਆਦਾ ਸ਼ਰਾਬ ਪੀਣ ਨਾਲ ਗਲੇ ਦੀਆਂ ਮਾਸਪੇਸ਼ੀਆਂ ਫੈਲ ਜਾਂਦੀਆਂ ਹਨ, ਜਿਸ ਨਾਲ ਘੁਰਾੜੇ ਦੀ ਸਮੱਸਿਆਂ ਹੋ ਜਾਂਦੀ ਹੈ। ਇਸੇ ਲਈ ਸ਼ਰਾਬ ਪੀਣ ਦੀ ਆਦਤ ਨੂੰ ਛੱਡਣ ਲਈ ਤੁਸੀਂ ਡਾਕਟਰ ਦੀ ਮਦਦ ਲੈ ਸਕਦੇ ਹੋ। 

ਮੋਟਾਪਾ
ਬਹੁਤ ਸਾਰੇ ਲੋਕ ਅਜਿਹੇ ਹਨ, ਜਿਹੜੇ ਭਾਰ ਵਧਣ ਕਾਰਨ ਘੁਰਾੜੇ ਮਾਰਦੇ ਹਨ। ਜਦੋਂ ਕਿਸੇ ਦਾ ਭਾਰ ਵਧਦਾ ਹੈ, ਤਾਂ ਉਸ ਦੀ ਗਰਦਨ ਅਤੇ ਸਰੀਰ ਦੇ ਹੋਰ ਹਿੱਸੇ ਦਾ ਮਾਸ ਲਟਕਣ ਲੱਗ ਪੈਂਦਾ ਹੈ। ਇਸ ਮਾਸ ਕਾਰਨ ਲੇਟਣ ਸਮੇਂ ਹਵਾ ਦੀ ਨਲੀ ਦਬ ਜਾਂਦੀ ਹੈ ਅਤੇ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ। ਇਸ ਨਾਲ ਸੌਂਦੇ ਸਮੇਂ ਘੁਰਾੜੇ ਦੀ ਸਮੱਸਿਆ ਹੋ ਜਾਂਦੀ ਹੈ।

ਸੌਣ ਦਾ ਸਹੀ ਤਰੀਕਾ
ਹਾਲਾਂਕਿ ਪਿੱਠ ਦੇ ਭਾਰ ਸੌਣਾ ਸੌਣ ਦਾ ਸਹੀ ਤਰੀਕਾ ਹੈ। ਕਈ ਵਾਰ ਇਸ ਤਰੀਕੇ ਸੌਣ ਨਾਲ ਘੁਰਾੜਿਆਂ ਦੀ ਸਮੱਸਿਆ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਅਵਸਥਾ 'ਚ ਸੌਣ ਨਾਲ ਤਾਲੂ ਅਤੇ ਜੀਭ ਗਲੇ ਦੇ ਉਪਰਲੇ ਹਿੱਸੇ 'ਤੇ ਹੁੰਦੀ ਹੈ। ਇਸ ਨਾਲ ਉੱਚੀਆਂ ਆਵਾਜ਼ਾਂ ਪੈਦਾ ਹੁੰਦੀਆਂ ਹਨ, ਜੋ ਘੁਰਾੜੇ ਦਾ ਰੂਪ ਧਾਰਨ ਕਰਦੀਆਂ ਹਨ। ਇਸੇ ਲਈ ਸੌਂਦੇ ਸਮੇਂ ਸਹੀ ਤਰੀਕੇ ਦੀ ਵਰਤੋਂ ਕਰੋ। 


rajwinder kaur

Content Editor

Related News