ਆਪਣੇ ਭੋਜਨ ਨੂੰ ਇਸ ਤਰ੍ਹਾਂ ਬਣਾਓ ਸੁਰੱਖਿਅਤ ...
Sunday, Jun 14, 2020 - 06:18 PM (IST)
ਨਵਜੋਤ ਕੌਰ, ਮੋਨਿਕਾ ਚੌਧਰੀ ਅਤੇ ਕਿਰਨ ਗਰੋਵਰ
ਭੋਜਨ ਅਤੇ ਪੋਸ਼ਣ ਵਿਭਾਗ
ਸਾਫ਼-ਸੁਥਰਾ ਅਤੇ ਸੁਰੱਖਿਅਤ ਭੋਜਨ ਸਾਡੇ ਜੀਵਨ ਨੂੰ ਇੱਕ ਚੰਗੀ ਸੇਧ ਦੇਣ ਲਈ ਕਾਫੀ ਲਾਹੇਵੰਦ ਸਿੱਧ ਹੋ ਸਕਦਾ ਹੈ। ਸੁਰੱਖਿਅਤ ਭੋਜਨ ਸਾਨੂੰ ਵੱਖ-ਵੱਖ ਕਿਸਮ ਦੀਆਂ ਬੀਮਾਰੀਆਂ ਤੋਂ ਹੀ ਨਹੀਂ ਬਚਾਉਂਦਾ ਸਗੋਂ ਇਨ੍ਹਾਂ ਨਾਲ ਲੜਨ ਦੀ ਸ਼ਕਤੀ ਵੀ ਪ੍ਰਦਾਨ ਕਰਦਾ ਹੈ। ਅਸੁਰੱਖਿਅਤ ਭੋਜਨ ਨਵਜੰਮੇ ਬੱਚਿਆਂ, ਬੁੱਢਿਆਂ ਅਤੇ ਬੀਮਾਰਾਂ ਲਈ ਕਾਫੀ ਘਾਤਕ ਸਿੱਧ ਹੋ ਸਕਦਾ ਹੈ। ਸੁਰੱਖਿਅਤ ਭੋਜਨ ਨਾਲ ਬੀਮਾਰ ਹੋਣ ਵਾਲੇ ਲੋਕਾਂ ਦੇ ਅੰਕੜੇ ਦਿਨ-ਬ-ਦਿਨ ਵੱਧਦੇ ਨਜ਼ਰ ਆ ਰਹੇ ਹਨ ਅਤੇ ਜੇਕਰ ਇਸ ਦਾ ਸਹੀ ਉਪਾਅ ਨਾ ਕੀਤਾ ਜਾਵੇ ਤਾਂ ਇਹ ਕਈ ਵਾਰ ਮੌਤ ਦਾ ਵੀ ਕਾਰਨ ਬਣ ਸਕਦਾ ਹੈ। ਅਸੁਰੱਖਿਅਤ ਭੋਜਨ ਵਿੱਚ ਪਾਏ ਜਾਣ ਵਾਲੇ ਘਾਤਕ ਜੀਵਾਣੂ ਜਿਵੇਂ ਕਿ ਬੈਕਟੀਰੀਆ, ਵਾਇਰਸ ਅਤੇ ਰਸਾਇਣਕ ਪਦਾਰਥ ਦੋ ਸੋ ਤੋਂ ਉਪਰ ਬੀਮਾਰੀਆਂ ਦਾ ਮੁੱਖ ਕਾਰਨ ਬਣਦੇ ਹਨ, ਜਿਨਾਂ ਵਿੱਚ ਦਸਤ ਰੋਗ ਅਤੇ ਕੈਂਸਰ ਪ੍ਰਮੁੱਖ ਹਨ। ਅਸੁਰੱਖਿਅਤ ਭੋਜਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਵਰਗ ਬਹੁਤ ਛੋਟੀ ਉਮਰ ਦੇ ਬੱਚੇ ਹਨ, ਕਿਉਂਕਿ ਉਨ੍ਹਾਂ ਵਿੱਚ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਬਹੁਤ ਘੱਟ ਹੁੰਦੀ ਹੈ।
ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਜ਼ਿਆਦਾਤਰ ਦਸਤ ਰੋਗ ਨਾਲ ਪ੍ਰਭਾਵਿਤ ਹੁੰਦੇ ਹਨ ਅਤੇ ਜੇਕਰ ਇਸ ਨੂੰ ਸਮੇਂ ਸਿਰ ਕਾਬੂ ਨਾ ਕੀਤਾ ਜਾਵੇ ਤਾਂ ਮੌਤ ਦਾ ਕਾਰਣ ਵੀ ਬਣ ਜਾਂਦਾ ਹੈ। ਕਈ ਵਾਰ ਅਸੀਂ ਭੋਜਨ ਦੀ ਸਹੀ ਚੋਣ, ਖਰੀਦਦਾਰੀ, ਤਿਆਰੀ ਅਤੇ ਸਾਂਭ-ਸੰਭਾਲ ਵਿੱਚ ਅਣਗਹਿਲੀ ਵਰਤ ਜਾਂਦੇ ਹਾਂ ਜੋ ਸਾਡੀ ਸਿਹਤ ਲਈ ਬਹੁਤ ਮਹਿੰਗਾ ਸਿੱਧ ਹੁੰਦਾ ਹੈ। ਜੇਕਰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਭੋਜਨ ਦੀ ਸਹੀ ਚੋਣ ਕੀਤੀ ਜਾਵੇ ਅਤੇ ਸਾਂਭ ਸੰਭਾਲ ਅਤੇ ਸਫ਼ਾਈ ਵੱਲ ਉਚੇਰਾ ਧਿਆਨ ਦਿੱਤਾ ਜਾਵੇ ਤਾਂ ਭੋਜਨ ਤੋਂ ਪੈਦਾ ਹੋਣ ਵਾਲੀਆਂ ਕਈ ਘਾਤਕ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਪੜ੍ਹੋ ਇਹ ਵੀ - ਸਵੇਰ ਦੇ ਸਮੇਂ ਨੰਗੇ ਪੈਰ ਹਰੇ-ਹਰੇ ਘਾਹ 'ਤੇ ਚੱਲਣ ਨਾਲ ਮਹਿਸੂਸ ਹੁੰਦੀ ਹੈ ਤਾਜ਼ਗੀ
ਸੁਰੱਖਿਅਤ ਭੋਜਨ ਸਮੱਗਰੀ ਦੀ ਖਰੀਦ
ਕਿਸੇ ਵੀ ਭੌਤਿਕ, ਜੈਵਿਕ ਅਤੇ ਰਸਾਇਣਕ ਨੁਕਸਾਨ ਤੋਂ ਬਚਾਉਣ ਲਈ ਸੁਰੱਖਿਅਤ ਭੋਜਨ ਸਮੱਗਰੀ ਦੀ ਖਰੀਦ ਬਹੁਤ ਮਹੱਤਵਪੂਰਨ ਹੈ। ਇਸ ਲਈ ਖਰੀਦ ਕਰਦੇ ਸਮੇਂ ਹੇਠ ਲਿਖੇ ਨੁਕਤਿਆਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ :
. ਹਮੇਸ਼ਾ ਜਾਣਕਾਰ ਜਾਂ ਭਰੋਸੇਯੋਗ ਦੁਕਾਨਾਂ ਤੋਂ ਹੀ ਭੋਜਨ ਸਮੱਗਰੀ ਦੀ ਖਰੀਦਾਰੀ ਕਰੋ।
. ਜਿੱਥੋਂ ਤੱਕ ਸੰਭਵ ਹੋ ਸਕੇ ਭੋਜਨ ਨੂੰ ਭੌਤਿਕ ਖ਼ਤਰਿਆਂ, ਕੀੜੇ-ਮਕੌੜਿਆਂ ਅਤੇ ਧੂੜ-ਮਿੱਟੀ ਤੋਂ ਬਚਾਓ।
. ਅਣਚਾਹੇ ਪਦਾਰਥਾਂ ਨੂੰ ਮਨੁੱਖੀ ਖ਼ਪਤ ਲਈ ਭੋਜਨ ਸਮੱਗਰੀ ਤੋਂ ਵੱਖ ਕਰੋ ।
. ਰਸਾਇਣਕ ਖ਼ਤਰੇ ਦੀ ਜਾਂਚ ਕਰਨ ਲਈ ਹਮੇਸ਼ਾ ਭੋਜਨ ਦੀ ਦਿੱਖ ਅਤੇ ਬਦਬੂ ਦੀ ਜਾਂਚ ਕਰੋ।
. ਫਰੀਜ਼ ਕੀਤੇ ਭੋਜਨ ਨੂੰ ਖਰੀਦਣ ਸਮੇਂ ਭੋਜਨ ਦੀ ਬਣਤਰ ਅਤੇ ਤਾਪਮਾਨ ਦਾ ਖਾਸ ਧਿਆਨ ਰੱਖੋ।
. ਪੈਕ ਕੀਤੇ ਉਤਪਾਦਾਂ ਦੀ ਮਿਆਦ ਪੁੱਗਣ ਦੀ ਤਰੀਕ ਅਤੇ ਪੈਕਿੰਗ ਦੀ ਗੁਣਵੱਤਾ ਦੀ ਜਾਂਚ ਕਰੋ ।
ਖ਼ਰਾਬ ਹੋਣ ਵਾਲੀ ਅਤੇ ਨਾ ਖ਼ਰਾਬ ਹੋਣ ਵਾਲੀ ਸਮੱਗਰੀ ਦਾ ਪ੍ਰਬੰਧਨ
ਖਰੀਦੇ ਹੋਏ ਖ਼ਰਾਬ ਹੋਣ ਯੋਗ ਅਤੇ ਨਾ ਖ਼ਰਾਬ ਹੋਣ ਯੋਗ ਪਦਾਰਥਾਂ ਨੂੰ ਸਾਵਧਾਨੀ ਨਾਲ ਸਟੋਰ ਕਰਨਾ ਚਾਹੀਦਾ ਹੈ ਤਾਂ ਜੋ ਆਵਾਜਾਈ ਅਤੇ ਸਟੋਰ ਕਰਨ ਵੇਲੇ ਅਣਚਾਹੇ ਪਦਾਰਥਾਂ ਤੋਂ ਭੋਜਨ ਨੂੰ ਬਚਾਇਆ ਜਾਵੇ। ਇਸ ਲਈ ਭੋਜਨ ਸਮੱਗਰੀ ਦੀ ਸੰਭਾਲ ਕਰਦੇ ਸਮੇਂ ਹੇਠਾਂ ਦਿੱਤੇ ਕੁਝ ਸੁਝਾਵਾਂ ਦਾ ਧਿਆਨ ਰੱਖੋ :
ਪੜ੍ਹੋ ਇਹ ਵੀ - ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਹਾੜਾ : ‘ਬਜ਼ੁਰਗ ਨਾਗਰਿਕਾਂ ਦੇ ਹਿੱਤ’
ਨਾ ਖ਼ਰਾਬ ਹੋਣ ਯੋਗ ਪਦਾਰਥ
. ਨਾ ਖ਼ਰਾਬ ਹੋਣ ਯੋਗ ਖਾਦ ਪਦਾਰਥ ਜਿਵੇਂ ਕਿ ਅਨਾਜ ਅਤੇ ਦਾਲਾਂ, ਚੀਨੀ ਅਤੇ ਗੁੜ, ਨਮਕ ਅਤੇ ਮਸਾਲੇ, ਤੇਲ ਅਤੇ ਚਰਬੀ, ਜੜ੍ਹਾਂ ਅਤੇ ਕੰਧ (ਆਲੂ, ਪਿਆਜ਼, ਲਸਣ ਅਤੇ ਅਦਰਕ), ਡੱਬਾ ਬੰਦ ਭੋਜਨ ਜਿਵੇਂ ਜੈਮ, ਜੈਲੀ, ਪਾਪੜ ਅਤੇ ਅਚਾਰ ਨੂੰ ਸੁੱਕੀ, ਹਵਾਦਾਰ ਅਤੇ ਸਾਫ਼ ਸੁਥਰੀ ਥਾਂ ’ਤੇ ਰੱਖੋ ਤਾਂ ਜੋ ਕੀੜਿਆਂ ਅਤੇ ਜ਼ਿਆਦਾ ਨਮੀ ਤੋਂ ਰਹਿਤ ਰਹਿਣ ।
. ਸਟੋਰ ਕੀਤੇ ਭੋਜਨ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਰਖਣਾ ਚਾਹੀਦਾ ਹੈ ।
. ਸੁੱਕੇ ਪਦਾਰਥਾਂ ਦੀ ਸੰਭਾਲ ਲਈ ਪਾਣੀ ਅਤੇ ਹਵਾ-ਰਹਿਤ ਡੱਬੇ ਦੀ ਵਰਤੋਂ ਕਰੋ ਅਤੇ ਜੇਕਰ ਹੋ ਸਕੇ ਤਾਂ ਉਨ੍ਹਾਂ ਨੂੰ ਪੈਕਟਾਂ ਵਿੱਚ ਖੁੱਲ੍ਹਾ ਨਾ ਰੱਖੋ ।
. ਖਾਣੇ ਵਾਲੇ ਤੇਲ ਹਮੇਸ਼ਾਂ ਘੱਟ ਮਾਤਰਾ ਵਿੱਚ ਹੀ ਖਰੀਦੋ ਅਤੇ ਛੋਟੇ ਮੂੰਹ ਵਾਲੇ ਡੱਬੇ ਵਿੱਚ ਹੀ ਬੰਦ ਕਰਕੇ ਰੱਖੋ ।
. ਸਟੋਰ ਕੀਤੇ ਖਾਣੇ ਨੂੰ ਜਿੰਨੀ ਛੇਤੀ ਹੋ ਸਕੇ ਵਰਤੋ ਵਿੱਚ ਲਿਆਓ ਕਿਉਂਕਿ ਚੰਗੀ ਤਰ੍ਹਾਂ ਸਟੋਰ ਕੀਤੇ ਖਾਣੇ ਦੀ ਵੀ ਮਹਿਕ, ਪੌਸ਼ਟਿਕਤਾ ਅਤੇ ਤਾਜ਼ਗੀ ਜਲਦੀ ਖ਼ਤਮ ਹੋ ਜਾਂਦੀ ਹੈ।
ਪੜ੍ਹੋ ਇਹ ਵੀ - ਲਾਵਾਂ ਲਈਆਂ ਦੀ ਰੱਖਿਓ ਲਾਜ ਬਈ...
ਖ਼ਰਾਬ ਹੋਣ ਯੋਗ ਪਦਾਰਥ
. ਖ਼ਰਾਬ ਹੋਣ ਯੋਗ ਖਾਧ ਪਦਾਰਥ ਜਿਵੇਂ ਡੇਅਰੀ, ਮਾਸਾਹਾਰੀ ਅਤੇ ਫ਼ਲ, ਸਬਜ਼ੀਆਂ ਆਦਿ ਨੂੰ ਖਰੀਦਣ ਦੇ ਇੱਕ-ਦੋ ਘੰਟੇ ਵਿੱਚ ਹੀ ਫਰਿੱਜ਼ ਵਿੱਚ ਲਗਾ ਦਿਉ, ਖ਼ਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ।
. ਫਰਿੱਜ਼ ਦਾ ਤਾਪਮਾਨ ਹਮੇਸ਼ਾਂ ਸਹੀ ਰੱਖੋ। ਫਰਿੱਜ਼ ਦਾ ਤਾਪਮਾਨ ਭੋਜਨ ਦੀ ਸੰਭਾਲ ਬੈਕਟੀਰੀਆ ਦੇ ਵਾਧੇ ਨੂੰ ਰੋਕਦਾ ਹੈ ਪਰ ਪਹਿਲਾਂ ਹੋਏ ਨੁਕਸਾਨ ਨੂੰ ਠੀਕ ਨਹੀਂ ਕਰ ਸਕਦਾ।
. ਫਰਿੱਜ਼ ਨੂੰ ਜ਼ਿਆਦਾ ਤੰਗ ਥਾਂ ’ਤੇ ਨਾ ਰੱਖੋ, ਕਿਉਂਕਿ ਇਹ ਹਵਾ ਦੇ ਗੇੜ ਨੂੰ ਰੋਕਦੇ ਹਨ।
. ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਬੰਦ ਹੋਣ ਵਾਲੇ ਡੱਬੇ ਵਿੱਚ ਰੱਖੋ ਤਾਂ ਕਿ ਇਸਦੀ ਖੁਸ਼ਬੂ ਅਤੇ ਸਵਾਦ ਠੀਕ ਰਹੇ ।
. ਮਾਸ, ਅੰਡੇ ਅਤੇ ਮੀਟ ਨੂੰ ਚੰਗੀ ਤਰ੍ਹਾਂ ਲਪੇਟ ਕੇ ਰੱਖੋ ਤਾਂ ਜੋ ਇਸਦੀ ਖੁਸ਼ਬੂ ਦੂਜੀਆਂ ਵਸਤਾਂ ਨੂੰ ਨਾ ਖਰਾਬ ਕਰੇ ।
ਖਾਣੇ ਦੀ ਤਿਆਰੀ ਅਤੇ ਪਕਾਉਣਾ
ਖਾਣੇ ਦੀ ਤਿਆਰੀ ਅਤੇ ਪਕਾਉਣ ਸਮੇਂ ਸਾਫ਼ ਅਤੇ ਸੁਰੱਖਿਅਤ ਪਾਣੀ ਦੀ ਵਰਤੋਂ ਮਹੱਤਵਪੂਰਨ ਪਹਿਲੂ ਹੈ, ਜਿਸਦਾ ਧਿਆਨ ਹਰ ਘਰੇਲੂ ਖਾਣਾ ਬਣਾਉਣ ਵਾਲੇ ਨੂੰ ਰੱਖਣਾ ਚਾਹੀਦਾ ਹੈ। ਪਾਣੀ ਨੂੰ ਕਿਸੇ ਵੀ ਕੰਮ ਲਈ ਵਰਤਦੇ ਹੋਏ, ਜਿਵੇਂ ਕਿ ਪੀਣ, ਖਾਣਾ ਪਕਾਉਣ, ਹੱਥ ਧੋਣ ਅਤੇ ਬਰਤਨ ਸਾਫ਼ ਕਰਨ ਲਈ ਸਫ਼ਾਈ ਦਾ ਧਿਆਨ ਰੱਖਣਾ ਜਰੂਰੀ ਹੈ। ਇਸ ਲਈ :-
. ਪਾਣੀ ਜਮਾ ਕਰਨ ਲਈ ਸਾਫ਼ ਬਰਤਨ ਦੀ ਵਰਤੋਂ ਕਰੋ ।
. ਪਾਣੀ ਜਮਾ ਕਰਨ ਲਈ ਵਰਤਿਆ ਜਾਣ ਵਾਲਾ ਭਾਂਡਾ ਰੋਜ਼ਾਨਾ ਸਾਫ਼ ਕਰੋ, ਕਿਉਂਕਿ ਪਾਣੀ ਕੱਢਣ ਲਈ ਵਰਤੇ ਜਾਣ ਵਾਲੇ ਭਾਂਡੇ ਅਤੇ ਹੱਥਾਂ ਨਾਲ ਗੰਦਗੀ ਦੀ ਸੰਭਾਵਨਾ ਹੋ ਸਕਦੀ ਹੈ।
. ਪਾਣੀ ਕੱਢਣ ਲਈ ਹੱਥ ਅਤੇ ਗਿਲਾਸ ਪਾਣੀ ਵਿੱਚ ਨਾ ਡੁਬੋਵੋ ਬਲਕਿ ਕੜਛੀ ਜਾਂ ਡੰਡੀ ਵਾਲੇ ਕੱਪ ਦੀ ਹੀ ਵਰਤੋਂ ਕਰੋ ।
ਪੀਣ ਵਾਲੇ ਪਾਣੀ ਨੂੰ ਹਮੇਸ਼ਾਂ ਉਬਾਲ ਕੇ ਵਰਤੋ।
ਪੜ੍ਹੋ ਇਹ ਵੀ - ਆਲਮੀ ਖੂਨਦਾਨ ਦਿਹਾੜਾ : ‘ਜੋ ਬਚਾਏ ਲੋਕਾਂ ਦੀ ਜਾਨ’
ਤਿਆਰੀ
. ਖਾਣੇ ਦੇ ਸੰਪਰਕ ਵਿੱਚ ਆਉਣ ਵਾਲੇ ਹੱਥ, ਬਰਤਨ, ਜਗਾਂ ਸਭ ਨੂੰ ਚੰਗੀ ਤਰ੍ਹਾਂ ਸਾਫ਼ ਰੱਖੋ ।
. ਕੱਚੇ ਅਤੇ ਪੱਕੇ ਹੋਏ ਖਾਣੇ ਨੂੰ ਹਮੇਸ਼ਾ ਅਲੱਗ-ਅਲੱਗ ਰੱਖੋ ।
. ਫਰਿੱਜ਼ ਵਿੱਚੋਂ ਕੱਢੇ ਖਾਣੇ ਨੂੰ ਆਮ ਤਾਪਮਾਨ ਤੇ ਲੈ ਆਓ ।
. ਫ਼ਲ ਅਤੇ ਸਬਜ਼ੀਆਂ ਨੂੰ ਸਾਫ਼ ਪਾਣੀ ਨਾਲ ਧੋਕੇ ਵਰਤੋ ।
. ਮੀਟ, ਅੰਡੇ ਵਰਗੇ ਭੋਜਨ ਨੂੰ ਬਾਕੀ ਖਾਣੇ ਅਤੇ ਬਣਾਉਣ ਦੀ ਜਗ੍ਹਾਂ ਤੋਂ ਦੂਰ ਰੱਖੋ।
. ਕੱਚੇ ਮੀਟ, ਪੋਲਟਰੀ ਅਤੇ ਸਮੁੰਦਰੀ ਉਤਪਾਦਾਂ ਲਈ ਵੱਖਰੇ ਕੱਟਣ ਵਾਲੇ ਬੋਰਡ, ਬਰਤਨਾਂ ਅਤੇ ਚਾਕੂ ਦੀ ਵਰਤੋਂ ਕਰੋ ਤਾਂ ਜੋ ਖਾਣੇ ਖਰਾਬ ਨਾ ਹੋਣ ।
. ਕੱਚੇ ਮੀਟ, ਪੋਲਟਰੀ ਅਤੇ ਸਮੁੰਦਰੀ ਉਤਪਾਦਾਂ ਦੇ ਸੰਪਰਕ ਤੋਂ ਬਾਅਦ ਕਿਸੇ ਹੋਰ ਗਤੀਵਿਧੀ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ ।
ਵਰਤੀਆਂ ਜਾਂਦੀਆਂ ਸਤਹਾਂ (ਸ਼ੈਲਫ਼) ਨੂੰ ਚੰਗੀ ਤਰ੍ਹਾਂ ਧੋ ਕੇ ਕਿਟਾਣੂ ਰਹਿਣ ਕਰੋ।
ਖਾਣਾ ਪਕਾਉਣਾ
. ਖਾਣਾ ਪਕਾਉਣ ਦੇ ਢੰਗ ਜਿਵੇਂ ਕਿ ਉਬਾਲਣਾ, ਤਲਣਾ, ਗਰਿਲਿੰਗ, ਬੇਕਿੰਗ ਆਦਿ ਨੂੰ ਪੂਰੀ ਤਰ੍ਹਾਂ ਕਰੋ ਤਾਂ ਜੋ ਭੋਜਨ ਦੇ ਹਰੇਕ ਹਿੱਸੇ ਦਾ ਤਾਪਮਾਨ ਘੱਟੋ-ਘੱਟ 70 ਤੱਕ ਪਹੁੰਚੇ ।
. ਕਿਸੇ ਵੀ ਭੋਜਨ ਨੂੰ ਲੋੜ ਤੋਂ ਵੱਧ ਨਾ ਪਕਾਓ ਕਿਉਂਕਿ ਇਸ ਨਾਲ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ 'ਬੀ' ਆਦਿ ਵਰਗੇ ਜਰੂਰ ਪੌਸ਼ਟਿਕ ਤੱਤਾਂ ਦਾ ਨੁਕਸਾਨ ਹੋ ਸਕਦਾ ਹੈ। ਭੋਜਨ ਪਕਾਉਣ ਸਮੇਂ ਕੋਈ ਰੁਕਾਵਟ ਨਾ ਆਉਣ ਦਿਓ ।
. ਮਾਸਾਹਾਰੀ ਉਤਪਾਦਾਂ ਨੂੰ ਚੰਗੀ ਤਰ੍ਹਾਂ ਪਕਾਓ ।
. ਖਾਣਾ ਬਣਾਉਣ ਵਾਲੇ ਤੇਲ ਦੀ ਮੁੜ ਵਰਤੋਂ ਤੋਂ ਪਰਹੇਜ਼ ਕਰੋ ।
. ਤਿਆਰੀ ਤੋਂ ਲੈ ਕੇ ਅੰਤਿਮ ਖਪਤ ਤੱਕ ਸਲਾਦ ਦਾ ਤਾਪਮਾਨ 5ਛ ਤੋਂ ਘੱਟ ਰੱਖੋ ।
ਪੜ੍ਹੋ ਇਹ ਵੀ - ਵਰਿੰਦਰ ਸ਼ਰਮਾ ਨੇ ਆਪਣੇ ਤਬਾਦਲੇ ਤੋਂ ਪਹਿਲਾਂ 12 ਸੀਨੀਅਰ ਤੇ ਜੂਨੀਅਰ ਸਹਾਇਕਾਂ ਦੇ ਕੀਤੇ ਤਬਾਦਲੇ
ਪੱਕੇ ਹੋਏ ਭੋਜਨ ਨੂੰ ਪਰੋਸਣਾ ਅਤੇ ਸੰਭਾਲਣਾ
. ਗਰਮ ਪਰੋਸੇ ਜਾਣ ਵਾਲੇ ਭੋਜਨ ਨੂੰ ਘੱਟੋ ਘੱਟ 60 ਅਤੇ ਠੰਡੇ ਪਰੋਸੇ ਜਾਣ ਵਾਲੇ ਖਾਣੇ ਨੂੰ 5 ਤੋਂ ਘੱਟ ਤਾਪਮਾਨ ’ਤੇ ਰੱਖੋ ਤਾਂ ਜੋ ਕੀਟਾਣੂਆਂ ਦੇ ਵਾਧੇ ਨੂੰ ਰੋਕਿਆ ਜਾ ਸਕੇ।
. ਫਰਿੱਜ਼ ਵਿੱਚ ਸਟੋਰ ਕਰਦੇ ਸਮੇਂ ਸ਼ਾਕਾਹਾਰੀ ਭੋਜਨ ਨੂੰ ਮਾਸਾਹਾਰੀ ਭੋਜਨ ਤੋਂ ਉਪਰ ਅਤੇ ਪਕਾਏ ਹੋਏ ਭੋਜਨ ਨੂੰ ਕੱਚੇ ਭੋਜਨ ਪਦਾਰਥਾਂ ਤੋਂ ਉਪਰ ਵੱਖਰੇ ਰੈਕਾਂ ਵਿੱਚ ਰੱਖੋ ।
. ਫਰਿੱਜ਼ ਵਿੱਚ ਸਟੋਰ ਕਰਦੇ ਸਮੇਂ ਪਕਾਏ ਹੋਏ ਖਾਣੇ ਨੂੰ ਢੱਕ ਕੇ ਰੱਖੋ ।
ਵਿਅਕਤੀਗਤ ਸਫ਼ਾਈ
ਭੋਜਨ ਨੂੰ ਸੁਰੱਖਿਅਤ ਰੱਖਣ ਲਈ ਭੋਜਨ ਤਿਆਰ ਕਰਨ ਜਾਂ ਪਕਾਉਣ ਵਾਲੇ ਸਾਰੇ ਵਿਅਕਤੀਆਂ ਦੀ ਸਿਹਤ ਅਤੇ ਸਫ਼ਾਈ ਜ਼ਰੂਰੀ ਹੈ।
ਨਿੱਜੀ ਸਫ਼ਾਈ ਕਾਇਮ ਰੱਖਣ ਲਈ ਹਮੇਸ਼ਾਂ ਹੇਠ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ :
. ਖਾਣੇ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਵਿਅਕਤੀਆਂ ਦਾ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣਾ ਮਹੱਤਵਪੂਰਨ ਹੈ ।
. ਭੋਜਨ ਦੇ ਸੰਪਰਕ 'ਚ ਆਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ, ਖਾਸ ਕਰਕੇ ਪਖਾਨੇ ਦੀ ਵਰਤੋਂ ਕਰਨ ਤੋਂ ਬਾਅਦ, ਕੂੜੇਦਾਨਾਂ ਦੀ ਸੰਭਾਲ, ਜਾਨਵਰਾਂ ਨੂੰ ਛੂਹਣ ਤੋਂ ਬਾਅਦ, ਜ਼ਹਿਰੀਲੇ ਪਦਾਰਥ ਜਿਵੇਂ ਕਿ ਕਲੀਨਰ, ਕੀਟਨਾਸ਼ਕਾਂ, ਕੀਟਾਣੂਨਾਸ਼ਕਾਂ ਆਦਿ ਨੂੰ ਛੂਹਣ ਤੋਂ ਬਾਅਦ ਟੂਟੀ ਹੇਠਾਂ ਵਗਦੇ ਪਾਣੀ ਵਿੱਚ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਨਹੂੰ ਛੋਟੇ ਅਤੇ ਸਾਫ਼ ਰੱਖੋ ।
ਪੜ੍ਹੋ ਇਹ ਵੀ - ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ ਹੁੰਦੀ ਹੈ ਮਲਾਈ, ਚਿਹਰੇ ''ਤੇ ਵੀ ਲਿਆਏ ਨਿਖਾਰ
ਇਸ ਤੋਂ ਇਲਾਵਾ ਭੋਜਨ ਸੰਭਾਲਣ ਵਾਲਿਆਂ ਨੂੰ ਖਾਣੇ ਨੂੰ ਸੰਭਾਲਣ ਵੇਲੇ ਹੇਠ ਲਿਖੇ ਅਭਿਆਸਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ :-
. ਉਂਗਲੀ ਜਾਂ ਇੱਕ ਹੀ ਚਮਚੇ ਨਾਲ ਭੋਜਨ ਨੂੰ ਵਾਰ-ਵਾਰ ਚਖਣਾ ।
. ਮੂੰਹ, ਜੀਭ, ਨੱਕ, ਅੱਖ ਜਾਂ ਸਰੀਰ ਦੇ ਹੋਰ ਅੰਗਾਂ ਨੂੰ ਛੂਹਣਾ।
. ਥੁੱਕਣਾ, ਛਿੱਕਣਾ, ਖੰਘਣਾ ਆਦਿ ।
. ਇੱਕੋ ਸਮੇਂ ਭੋਜਨ ਅਤੇ ਪੈਸੇ ਨੂੰ ਸੰਭਾਲਣਾ ।
. ਖਾਣਾ ਪਕਾਉਂਦੇ ਅਤੇ ਤਿਆਰ ਕਰਦੇ ਸਮੇਂ ਖੁੱਲ੍ਹੇ ਵਾਲ ।
. ਸਰੀਰਕ ਜ਼ਖਮ ਜਿਵੇਂ ਕੇ ਪੱਟੀਆਂ ਬੰਨ੍ਹਣਾ ਜਾਂ ਖੁੱਲ੍ਹੇ ਜ਼ਖਮ ।
ਹੇਠ ਦਿੱਤੇ ਨਿਯਮਾਂ ਨੂੰ ਨਜ਼ਰਅੰਦਾਜ਼ ਨਾ ਕਰੋ -
. ਸੂਖਮ ਜੀਵ ਜੰਤੂਆਂ ਅਤੇ ਕੀਟਾਣੂਆਂ ਦੇ ਵਾਧੇ ਨੂੰ ਰੋਕਣ ਲਈ ਆਪਣੀ ਰਸੋਈ ਨੂੰ ਹਵਾਦਾਰ ਰੱਖੋ।
. ਭੋਜਨ ਤਿਆਰ ਕਰਨ ਅਤੇ ਸੰਭਾਲਣ ਲਈ ਵਰਤੇ ਜਾਂਦੇ ਪੌਣੇ ਅਤੇ ਸੈਲਫਾਂ ਸਾਫ ਕਰਨ ਵਾਲੇ ਡਸਟਰ ਨੂੰ ਗਰਮ ਪਾਣੀ ਅਤੇ ਸਰਫ਼ ਨਾਲ ਚੰਗੀ ਤਰ੍ਹਾਂ ਧੋਵੋ ਅਤੇ ਇਨ੍ਹਾਂ ਦੀ ਵਰਤੋਂ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਕਰੋ ।
. ਰਸੋਈ ਦੇ ਕੂੜੇ ਨੂੰ ਢੱਕਣ ਵਾਲੇ ਕੂੜੇਦਾਨ ਵਿੱਚ ਪਾਓ ਅਤੇ ਬਦਬੂ ਅਤੇ ਮੱਖੀਆਂ ਤੋਂ ਬਚਣ ਲਈ ਇਸਨੂੰ ਨਿਯਮਿਤ ਤੌਰ ’ਤੇ ਖਾਲੀ ਕਰੋ ਅਤੇ ਸਾਫ ਕਰੋ ।
. ਭੋਜਨ ਨੂੰ ਮੱਖੀਆਂ ਅਤੇ ਧੂੜ ਤੋਂ ਦੂਸ਼ਿਤ ਹੋਣ ਤੋਂ ਬਚਾਉਣ ਲਈ ਹਮੇਸ਼ਾਂ ਢੱਕ ਕੇ ਰੱਖੋ।
ਪੜ੍ਹੋ ਇਹ ਵੀ - ਬੀਜ ਤੋਂ ਹੋਣ ਵਾਲੀਆਂ ਝੋਨੇ ਦੀਆਂ ਬੀਮਾਰੀਆਂ ਦੀ ਰੋਕਥਾਮ ਕਿਵੇਂ ਰੋਕਿਆ ਜਾਵੇ...