Health Tips: ਪਸੀਨੇ ਕਾਰਨ ਪੈਰਾਂ 'ਚੋਂ ਆਉਂਦੀ ਹੈ 'ਬਦਬੂ', ਤਾਂ ਅਪਣਾਓ ਇਹ ਤਰੀਕੇ, ਪੱਲਾਂ 'ਚ ਮਿਲੇਗੀ ਰਾਹਤ
Friday, Apr 26, 2024 - 05:13 PM (IST)
ਜਲੰਧਰ : ਗਰਮੀਆਂ 'ਚ ਪਸੀਨਾ ਆਉਣਾ ਆਮ ਗੱਲ ਹੈ ਪਰ ਪਸੀਨੇ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਬਹੁਤ ਪਰੇਸ਼ਾਨ ਕਰਨ ਵਾਲੀਆਂ ਹੁੰਦੀਆਂ ਹਨ। ਪਸੀਨੇ ਕਾਰਨ ਸਰੀਰ ਵਿਚੋਂ ਆਉਣ ਵਾਲੀ ਬਦਬੂ ਦੀ ਵਜ੍ਹਾ ਕਰਕੇ ਕਈ ਵਾਰ ਦੂਜਿਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਗਰਮੀ ਅਤੇ ਤੇਜ਼ ਧੁੱਪ ਦੌਰਾਨ ਘਰ ਦੇ ਬਾਹਰ ਹੋਵੇ ਜਾਂ ਅੰਦਰ, ਪਸੀਨਾ ਸਾਡੀ ਸ਼ਾਂਤੀ ਖੋਹ ਸਕਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਹਨਾਂ ਦੇ ਪੈਰਾਂ 'ਚੋਂ ਪਸੀਨੇ ਕਾਰਨ ਬਦਬੂ ਆਉਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਪਾਊਡਰ, ਪਰਫਿਊਮ ਆਦਿ ਦੀ ਵਰਤੋਂ ਕਰਦੇ ਹਨ। ਪੈਰਾਂ ਵਿੱਚੋਂ ਆਉਣ ਵਾਲੀ ਬਦਬੂ ਨੂੰ ਕਿਹੜੇ ਤਰੀਕਿਆਂ ਨਾਲ ਦੂਰ ਕਰ ਸਕਦੇ ਹਾਂ, ਦੇ ਬਾਰੇ ਆਓ ਜਾਣਦੇ ਹਾਂ...
ਸਫ਼ਾਈ ਦਾ ਰੱਖੋ ਧਿਆਨ
ਪੈਰਾਂ 'ਚੋਂ ਪਸੀਨਾ ਆਉਣਾ ਆਮ ਗੱਲ ਹੈ ਪਰ ਜੇਕਰ ਪੈਰਾਂ ਦੀ ਸਫ਼ਾਈ ਨਾ ਕੀਤੀ ਜਾਵੇ ਤਾਂ ਬਦਬੂ ਜਾਂ ਹੋਰ ਸਮੱਸਿਆਵਾਂ ਦਾ ਹੋ ਸਕਦੀਆਂ ਹਨ। ਪੈਰਾਂ ਨੂੰ ਸਾਫ਼ ਰੱਖਣ ਲਈ ਗਰਮੀਆਂ ਵਿੱਚ ਰੋਜ਼ਾਨਾ ਜੁਰਾਬਾਂ ਬਦਲੋਂ ਅਤੇ ਪੈਰਾਂ ਨੂੰ ਚੰਗੀ ਤਰ੍ਹਾਂ ਧੋਵੋ। ਜੇਕਰ ਤੁਸੀਂ ਚਾਹੋ ਤਾਂ ਆਪਣੇ ਪੈਰਾਂ 'ਤੇ ਖੁਸ਼ਬੂ ਦੇ ਨਾਲ ਦਵਾਈ ਵਾਲੇ ਪਾਊਡਰ ਦੀ ਵਰਤੋਂ ਕਰ ਸਕਦੇ ਹੋ।
ਫਟਕੜੀ
ਪਸੀਨੇ ਕਰਕੇ ਪੈਰਾਂ ਵਿੱਚੋਂ ਆਉਣ ਵਾਲੀ ਬਦਬੂ ਨੂੰ ਦੂਰ ਕਰਨ ਲਈ ਫਟਕੜੀ ਦੀ ਵਰਤੋਂ ਕਰੋ। ਫਟਕੜੀ ਐਂਟੀ-ਫੰਗਲ ਅਤੇ ਐਂਟੀ-ਬੈਕਟੀਰੀਅਲ ਨਾਲ ਭਰਪੂਰ ਹੁੰਦੀ ਹੈ, ਜੋ ਪੈਰਾਂ ਦੀ ਬਦਬੂ ਦੂਰ ਕਰਨ 'ਚ ਮਦਦ ਕਰਦੇ ਹਨ। ਪੀਸੀ ਹੋਈ ਫਟਕੜੀ ਨੂੰ ਕੋਸੇ ਪਾਣੀ ਦੀ ਬਾਲਟੀ 'ਚ ਪਾਓ। ਫਿਰ ਇਸ 'ਚ ਪੈਰਾਂ ਨੂੰ 15 ਮਿੰਟ ਤਕ ਭਿਓਂ ਕੇ ਰੱਖੋ। ਫਿਰ ਬਾਹਰ ਕੱਢ ਕੇ ਸਾਬਣ ਨਾਲ ਪੈਰਾਂ ਨੂੰ ਧੋ ਲਓ।
ਗਿਲਸਰੀਨ
ਪੈਰਾਂ ਵਿੱਚੋਂ ਆਉਣ ਵਾਲੀ ਬਦਬੂ ਨੂੰ ਦੂਰ ਕਰਨ ਲਈ ਗਿਲਸਰੀਨ ਨੂੰ ਫਟਕੜੀ 'ਚ ਮਿਲਾ ਕੇ ਇਸ ਨੂੰ ਘੋਲ ਕੇ ਤਿਆਰ ਕਰ ਲਓ। ਫਿਰ ਰੋਜ਼ਾਨਾ ਜੁੱਤੇ ਜਾਂ ਸੈਂਡਲ ਪਹਿਣਨ ਤੋਂ ਪਹਿਲਾਂ ਇਸ ਘੋਲ ਨੂੰ ਆਪਣੇ ਪੈਰਾਂ 'ਤੇ ਲਗਾਓ। ਇਸ ਨਾਲ ਪੈਰਾਂ 'ਚੋਂ ਬਦਬੂ ਨਹੀਂ ਆਵੇਗੀ।
ਇਹ ਵੀ ਪੜ੍ਹੋ : Health Tips: ਗਰਮੀਆਂ ਦੇ ਮੌਸਮ 'ਚ ਪਿੱਤ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਨੁਸਖ਼ੇ, ਮਿਲੇਗੀ ਰਾਹਤ
ਸਿਰਕਾ
ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਸਿਰਕਾ ਪੈਰਾਂ ਦੀ ਬਦਬੂ ਨੂੰ ਦੂਰ ਕਰਨ 'ਚ ਕਾਫੀ ਕਾਰਗਾਰ ਸਾਬਤ ਹੁੰਦਾ ਹੈ। ਕੋਸੇ ਪਾਣੀ 'ਚ 1 ਕੱਪ ਸਿਰਕਾ ਪਾਓ ਅਤੇ ਫਿਰ ਇਸ 'ਚ ਆਪਣੇ ਪੈਰਾਂ ਨੂੰ ਲਗਭਗ 15 ਮਿੰਟ ਤਕ ਡੁੱਬੋ ਕੇ ਰੱਖੋ। ਫਿਰ ਸਾਬਣ ਨਾਲ ਪੈਰਾਂ ਨੂੰ ਧੋ ਲਓ। ਇਸ ਨਾਲ ਪੈਰਾਂ ਦੇ ਬੈਕਟੀਰੀਆ ਦੇ ਨਾਲ-ਨਾਲ ਬਦਬੂ ਵੀ ਦੂਰ ਹੋ ਜਾਵੇਗੀ।
ਚਾਹ ਪੱਤੀ
ਚਾਹ ਪੱਤੀ 'ਚ ਟੈਨਿਕ ਐਸਿਡ ਹੁੰਦਾ ਹੈ, ਜੋ ਬੈਕਟੀਰੀਆ ਨੂੰ ਖ਼ਤਮ ਕਰਨ 'ਚ ਮਦਦਗਾਰ ਹੈ। ਟੀ-ਬੈਗ ਜਾਂ ਚਾਹਪੱਤੀ ਨੂੰ ਕੱਪੜਿਆਂ 'ਚ ਬੰਨ੍ਹ ਕੇ ਜੁੱਤੀਆਂ ਦੇ ਕਿਨਾਰਿਆਂ 'ਤੇ ਰੱਖੋ। ਚਾਹ ਪੱਤੀ ਨੂੰ ਉਬਾਲ ਕੇ ਸਾਦੇ ਪਾਣੀ 'ਚ ਮਿਲਾਓ। ਫਿਰ ਪੈਰਾਂ ਨੂੰ 20 ਮਿੰਟ ਇਸ ਪਾਣੀ 'ਚ ਰੱਖੋ, ਬਦਬੂ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ : Health Tips: ਸਫ਼ਰ ਦੌਰਾਨ ਜੇਕਰ ਆਉਂਦੀ ਹੈ ਵਾਰ-ਵਾਰ 'ਉਲਟੀ', ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹੋਵੇਗਾ ਫ਼ਾਇਦਾ
ਬੇਕਿੰਗ ਸੋਡਾ
ਪਸੀਨੇ ਕਾਰਨ ਪੈਰਾਂ ਵਿਚ ਆਉਣ ਵਾਲੀ ਬਦਬੂ ਨੂੰ ਦੂਰ ਕਰਨ ਲਈ ਬੇਕਿੰਗ ਸੋਡਾ ਕਾਫ਼ੀ ਫ਼ਾਇਦੇਮੰਦ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ 'ਚ ਬੇਕਿੰਗ ਸੋਡਾ ਪਾਓ ਅਤੇ ਫਿਰ ਇਸ 'ਚ 20 ਮਿੰਟ ਪੈਰਾਂ ਨੂੰ ਡੁੱਬੋ ਕੇ ਰੱਖੋ। ਇਸ ਨਾਲ ਪੈਰਾਂ ਦੀ ਬਦਬੂ ਦੂਰ ਹੋ ਜਾਵੇਗੀ।
ਚੌਲਾਂ ਦਾ ਪਾਣੀ
ਪੈਰਾਂ ਦੀ ਬਦਬੂ ਨੂੰ ਦੂਰ ਕਰਨ ਲਈ ਤੁਸੀਂ ਚੌਲਾਂ ਦਾ ਪਾਣੀ ਵੀ ਇਸਤੇਮਾਲ ਕਰ ਸਕਦੇ ਹੋ। ਇਸ ਦੀ ਵਰਤੋਂ ਕਰਨ ਲਈ ਚੌਲਾਂ ਨੂੰ ਅੱਧੇ ਘੰਟੇ ਲਈ ਪਾਣੀ 'ਚ ਭਿਓ ਦਿਓ। ਇਸ ਪਾਣੀ ਨੂੰ ਫਿਲਟਰ ਕਰਨ ਤੋਂ ਬਾਅਦ ਇਸ ਵਿਚ ਆਪਣੇ ਪੈਰ ਡੁਬੋ ਦਿਓ। ਅਜਿਹਾ ਕਰਨ ਨਾਲ ਤੁਹਾਨੂੰ ਪੈਰਾਂ ਦੀ ਬਦਬੂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।