ਸਰੀਰ ਲਈ ਬੇਹੱਦ ਲਾਭਕਾਰੀ ਹੈ ਹਿੰਗ ਦੀ ਵਰਤੋਂ, ਸਿਰ ਦਰਦ ਤੋਂ ਇਲਾਵਾ ਕਈ ਸਮੱਸਿਆਵਾਂ ਨੂੰ ਕਰਦੀ ਹੈ ਦੂਰ
Thursday, Jan 07, 2021 - 12:49 PM (IST)
 
            
            ਨਵੀਂ ਦਿੱਲੀ: ਹਿੰਗ ਦੀ ਵਰਤੋਂ ਹਰ ਘਰ ’ਚ ਕੀਤੀ ਜਾਂਦੀ ਹੈ। ਖਾਣੇ ਦਾ ਸਵਾਦ ਵਧਾਉਣ ਦੇ ਨਾਲ-ਨਾਲ ਇਹ ਦਵਾਈਆਂ ਬਣਾਉਣ ’ਚ ਵੀ ਕੰਮ ਆਉਂਦੀ ਹੈ। ਇਸ ’ਚ ਪ੍ਰੋਟੀਨ, ਫਾਈਬਰ, ਕਾਰਬੋਹਾਈਡ੍ਰੇਟਸ, ਕੈਲਸ਼ੀਅਮ, ਫਾਸਫੋਰਸ, ਆਇਰਨ ਆਦਿ ਭਰਪੂਰ ਮਾਤਰਾ ’ਚ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਇਸ ਦੇ ਐਂਟੀ-ਵਾਇਲਰ, ਐਂਟੀ-ਆਕਸੀਡੈਂਟ, ਬਾਇਓਟਿਕ, ਐਂਟੀ-ਇੰਫਲਾਮੈਂਟਰੀ ਗੁਣ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਅ ਕਰਨ ’ਚ ਵੀ ਮਦਦਗਾਰ ਹੁੰਦੇ ਹਨ। ਜੋ ਲੋਕ ਲਸਣ ਖਾਣ ਤੋਂ ਪਰਹੇਜ਼ ਕਰਦੇ ਹਨ ਉਨ੍ਹਾਂ ਨੂੰ ਹਿੰਗ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। 
ਕਿੰਝ ਬਣਦੀ ਹੈ ਹਿੰਗ
ਹਿੰਗ ਦਾ ਦਰਖ਼ਤ 6 ਤੋਂ 8 ਫੁੱਟ ਦਾ ਹੁੰਦਾ ਹੈ। ਇਸ ’ਤੇ ਪੀਲੇ ਰੰਗ ਦੇ ਫੁੱਲ ਉਗਦੇ ਹਨ। ਦਰਖ਼ਤ ਦੀ ਜੜ੍ਹ ’ਤੇ ਚੀਰਾ ਲਗਾਉਣ ਨਾਲ ਤੇਜ਼ ਗੰਧ ਦਾ ਰਸ ਨਿਕਲਦਾ ਹੈ ਜਿਸ ਨੂੰ ਸੁਕਾਉਣ ਤੋਂ ਬਾਅਦ ਇਹ ਗੂੰਦ ਵਰਗੀ ਹੋ ਜਾਂਦੀ ਹੈ ਜਿਸ ਨੂੰ ਹਿੰਗ ਕਹਿੰਦੇ ਹਨ। ਇਸ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰਕੇ ਬਾਜ਼ਾਰ ’ਚ ਵੇਚਿਆ ਜਾਂਦਾ ਹੈ।  

ਕਿੰਝ ਕਰੀਏ ਅਸਲੀ ਹਿੰਗ ਦੀ ਪਛਾਣ?
ਇਸ ਦਾ ਫ਼ਾਇਦਾ ਉਦੋਂ ਮਿਲਦਾ ਹੈ ਜਦੋਂ ਹਿੰਗ ਅਸਲੀ ਹੋਵੇ। ਇਸ ਨੂੰ ਖਰੀਦਣ ਤੋਂ ਪਹਿਲਾਂ ਪਛਾਣ ਹੋਣੀ ਜ਼ਰੂਰੀ ਹੈ ਕਿ ਕਿਤੇ ਹਿੰਗ ’ਚ ਕੋਈ ਮਿਲਾਵਟ ਤਾਂ ਨਹੀਂ। 
ਇੰਝ ਕਰੋ ਪਛਾਣ
1. ਹਿੰਗ ਨੂੰ ਪਾਣੀ ’ਚ ਘੋਲ ਲਓ। ਜੇਕਰ ਇਸ ਦਾ ਰੰਗ ਦੁੱਧ ਵਰਗਾ ਸਫੈਦ ਹੋ ਜਾਂਦਾ ਹੈ ਤਾਂ ਹਿੰਗ ਅਸਲੀ ਹੈ। 
2. ਹਿੰਗ ਨੂੰ ਮਾਚਿਸ ਦੀ ਤੀਲੀ ਨਾਲ ਬਾਲ ਕੇ ਦੇਖੋ। ਇਸ ’ਚੋਂ ਜੇਕਰ ਚਮਕਦਾਰ ਲਾਈਟ ਨਿਕਲੇ ਅਤੇ ਪੂਰੀ ਤਰ੍ਹਾਂ ਸੜ ਜਾਵੇ ਤਾਂ ਸਮਝ ਲਓ ਅਸਲੀ ਹਿੰਗ ਹੈ। ਨਕਲੀ ਹਿੰਗ ਨੂੰ ਸਾੜਨ ’ਤੇ ਅਜਿਹਾ ਨਹੀਂ ਹੁੰਦਾ। 
ਹਿੰਗ ਦੇ ਪੋਸ਼ਕ ਤੱਤ
ਆਯੁਰਵੈਦ ਮੁਤਾਬਕ ਹਿੰਗ ਗਰਮ ਤਾਸੀਰ ਦੀ ਹੁੰਦੀ ਹੈ। ਇਸ ’ਚ ਕੈਲਸ਼ੀਅਮ, ਫਾਸਫੋਰਸ, ਆਇਰਨ ਵਰਗੇ ਪੋਸ਼ਕ ਤੱਤ ਪਾਏ ਜਾਂਦਾ ਹੈ। ਇਸ ਤੋਂ ਇਲਾਵਾ ਇਹ ਟੀ ਇੰਫਲੈਮੇਟਰੀ, ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ ਵਰਗੇ ਗੁਣਾਂ ਨਾਲ ਭਰਪੂਰ ਹੁੰਦੀ ਹੈ।
ਇਹ ਵੀ ਪੜ੍ਹੋ:ਚਮੜੀ ਨਾਲ ਜੁੜੀ ਹਰ ਸਮੱਸਿਆ ਨੂੰ ਦੂਰ ਕਰੇਗਾ ਰੈੱਡ ਵਾਈਨ ਫੇਸਪੈਕ, ਨਹੀਂ ਪਵੇਗੀ ਮੇਕਅੱਪ ਦੀ ਲੋੜ
ਕਿੰਝ ਕਰੀਏ ਹਿੰਗ ਦੀ ਵਰਤੋਂ
ਹਿੰਗ ਦਾ ਫ਼ਾਇਦਾ ਲੈਣ ਲਈ ਇਸ ਦੀ ਵਰਤੋਂ ਸਬਜ਼ੀਆਂ ’ਚ ਪਾ ਕੇ ਵੀ ਕੀਤੀ ਜਾ ਸਕਦੀ ਹੈ। ਪਾਊਡਰ ਵਾਲੀ ਹਿੰਗ ਦੀ ਬਜਾਏ ਕਠੋਰ ਹਿੰਗ ਖਰੀਦੋ। ਇਸ ਨੂੰ ਕੜਾਈ ’ਚ ਪਾ ਕੇ ਹੌਲੀ ਅੱਗ ’ਤੇ ਭੁੰਨੋ ਜਦੋਂ ਇਸ ’ਤੇ ਸਫੈਦ ਧੱਬੇ ਪੈ ਜਾਣ ਤਾਂ ਇਸ ਨੂੰ ਕੱਢ ਕੇ ਦੁਬਾਰਾ ਭੁੰਨੋ। ਇਸ ਤਰ੍ਹਾਂ ਇਸ ਨੂੰ ਫਿਰ ਸੇਕ ਲਓ ਇਹ ਪੋਪਕਾਰਨ ਦੀ ਤਰ੍ਹਾਂ ਫੁੱਲ ਜਾਵੇਗੀ। ਫਿਰ ਇਸ ਨੂੰ ਕੱਢ ਕੇ ਮਿਕਸੀ ’ਚ ਥੋੜ੍ਹਾ ਜਿਹਾ ਲੂਣ ਪਾ ਕੇ ਪੀਸ ਲਓ। ਇਸ ਦੇ ਪਾਊਡਰ ਦੀ ਵਰਤੋਂ ਤੁਸੀਂ ਸਬਜ਼ੀ ’ਚ ਪਾਉਣ ਲਈ ਵੀ ਕਰ ਸਕਦੇ ਹੋ। 
ਹਿੰਗ ਦੇ ਫ਼ਾਇਦੇ
ਢਿੱਡ ਸਬੰਧੀ ਪ੍ਰੇਸ਼ਾਨੀਆਂ ਕਰੇ ਦੂਰ
ਢਿੱਡ ’ਚ ਗੈਸ, ਪਾਚਨ ਕਿਰਿਆ ਦੀ ਗੜਬੜ, ਢਿੱਡ ਦਰਦ, ਬਦਹਜ਼ਮੀ ਆਦਿ ਵਰਗੀਆਂ ਪ੍ਰੇਸ਼ਾਨੀਆਂ ਦੂਰ ਕਰਨ ’ਚ ਹਿੰਗ ਫ਼ਾਇਦੇਮੰਦ ਹੁੰਦੀ ਹੈ। ਚੁਟਕੀ ਭਰ ਹਿੰਗ, ਅਜਵੈਣ ਅਤੇ ਕਾਲਾ ਲੂਣ ਮਿਲਾ ਕੇ ਕੋਸੇ ਪਾਣੀ ਨਾਲ ਲੈਣ ’ਤੇ ਤੁਰੰਤ ਆਰਾਮ ਮਿਲਦਾ ਹੈ।

ਨਵਜੰਮੇ ਬੱਚੇ ਲਈ ਲਾਭਕਾਰੀ 
ਹਿੰਗ ਦੇ ਪਾਣੀ ਦਾ ਘੋਲ ਬਣਾ ਕੇ ਛੋਟੇ ਬੱਚੇ ਦੀ ਧੁੰਨੀ ਦੇ ਆਲੇ-ਦੁਆਲੇ ਲਗਾਉਣ ਨਾਲ ਢਿੱਡ ਦੀ ਗੈਸ ਨਿਕਲ ਜਾਂਦੀ ਹੈ।
ਭੁੱਖ ਵਧਾਏ
ਬਦਹਜ਼ਮੀ ਤੋਂ ਪ੍ਰੇਸ਼ਾਨ ਹੋ ਤਾਂ ਹਿੰਗ, ਅਜਵੈਣ, ਛੋਟੀ ਹਰੜ ਅਤੇ ਲੂਣ ਨੂੰ ਬਰਾਬਰ ਮਾਤਰਾ ’ਚ ਮਿਲਾ ਕੇ ਦਿਨ ’ਚ 3 ਵਾਰ ਚੁਟਕੀ ਭਰ ਵਰਤੋਂ ਕਰੋ। ਇਸ ਨਾਲ ਭੁੱਖ ਵੀ ਵਧਣ ਲੱਗਦੀ ਹੈ। 
ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਦਰਦ ਤੋਂ ਆਰਾਮ
ਦੰਦਾਂ ਦਾ ਦਰਦ, ਮਾਈਗ੍ਰੇਨ, ਸਿਰ ਦਰਦ, ਪੀਰੀਅਡਜ਼ ਦੌਰਾਨ ਹੋਣ ਵਾਲੀ ਦਰਦ ਤੋਂ ਨਿਜ਼ਾਤ ਦਿਵਾਉਣ ’ਚ ਵੀ ਹਿੰਗ ਬਹੁਤ ਲਾਭਕਾਰੀ ਹੈ। ਇਸ ਦੇ ਲਈ 1 ਗਿਲਾਸ ਕੋਸੇ ਪਾਣੀ ’ਚ ਚੁਟਕੀ ਭਰ ਹਿੰਗ ਮਿਲਾ ਕੇ ਉਬਾਲ ਲਓ ਅਤੇ ਕੋਸੇ ਪਾਣੀ ਨਾਲ ਇਸ ਦੀ ਵਰਤੋਂ ਕਰੋ। ਇਸ ਨਾਲ ਜੋੜਾਂ ਦੇ ਦਰਦ ਤੋਂ ਵੀ ਆਰਾਮ ਮਿਲਦਾ ਹੈ। 
ਕਫ ਤੋਂ ਰਾਹਤ 
ਹਿੰਗ ਦੇ ਨਾਲ ਸ਼ਹਿਦ ਅਤੇ 1 ਬੂੰਦ ਅਦਰਕ ਦਾ ਰਸ ਮਿਲਾ ਕੇ ਵਰਤੋਂ ਕਰੋ। ਇਸ ਨਾਲ ਖਾਂਸੀ ਤੋਂ ਬਹੁਤ ਜਲਦ ਆਰਾਮ ਮਿਲੇਗਾ। 

ਸ਼ੂਗਰ ਕਰੇ ਕੰਟਰੋਲ 
ਦਾਲ-ਸਬਜ਼ੀ ’ਚ ਹਿੰਗ ਦੀ ਵਰਤੋਂ ਕਰਨ ਨਾਲ ਸ਼ੂਗਰ ਕੰਟਰੋਲ ’ਚ ਰਹਿੰਦੀ ਹੈ। 
ਹਿਚਕੀ
ਕੁਝ ਲੋਕਾਂ ਨੂੰ ਬਹੁਤ ਜਲਦ ਹਿਚਕੀ ਲੱਗ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਪੁਰਾਣੇ ਗੁੜ ਦੇ ਨਾਲ ਹਿੰਗ ਖਾਣ ਨਾਲ ਹਿਚਕੀ ਤੋਂ ਤੁਰੰਤ ਰਾਹਤ ਮਿਲ ਜਾਂਦੀ ਹੈ। 
ਹਿੰਗ ਦੇ ਨੁਕਸਾਨ 
ਇਸ ਦੀ ਲੋੜ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਨੁਕਸਾਨ ਵੀ ਹੋ ਸਕਦਾ ਹੈ। ਇਸ ਦੀ ਦਿਨ ’ਚ 100 ਜਾਂ 150 ਮਿਲੀ ਗ੍ਰਾਮ ਤੋਂ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਗਰਭਵਤੀ ਔਰਤਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਈ ਵਾਰ ਇਸ ਨਾਲ ਢਿੱਡ ਦਾ ਅਲਸਰ, ਹਾਈ ਬਲੱਡ ਪ੍ਰੈੱਸ਼ਰ ਆਦਿ ਦੀ ਸਮੱਸਿਆ ਹੋ ਸਕਦੀ ਹੈ।  
ਨੋਟ: ਇਸ ਖ਼ਬਰ ਸਬੰਧੀ ਆਏ ਰਾਏ ਕੁਮੈਂਟ ਬਾਕਸ ’ਚ ਦਿਓ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            