Summer Superfoods: ਗਰਮੀਆਂ 'ਚ ਸਰੀਰ ਨੂੰ ਤਰੋਤਾਜ਼ਾ ਰੱਖਣਾ ਚਾਹੁੰਦੇ ਹੋ ਤਾਂ ਜ਼ਰੂਰ ਖਾਓ ਇਹ ਸੁਪਰਫੂਡਸ

06/15/2023 4:58:52 PM

ਜਲੰਧਰ (ਬਿਊਰੋ) - ਗਰਮੀਆਂ ਦੇ ਮੌਸਮ ਵਿੱਚ ਕੜਕਦੀ ਧੁੱਪ ਤੋਂ ਰਾਹਤ ਪਾਉਣ ਲਈ ਲੋਕ ਕਈ ਤਰਾਂ ਦੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਗਰਮੀਆਂ ਵਿੱਚ ਧੁੱਪ ਅਤੇ ਪਸੀਨੇ ਤੋਂ ਰਾਹਤ ਪਾਉਣ ਲਈ ਕੱਪੜਿਆਂ ਤੋਂ ਲੈ ਕੇ ਹੈਲਦੀ ਡਾਈਟ ਤੱਕ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਇਸ ਮੌਸਮ 'ਚ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਸਿਹਤਮੰਦ ਭੋਜਨ ਦਾ ਸੇਵਨ ਕਰੋ। ਰੋਜ਼ਾਨਾ 8 ਤੋਂ 10 ਗਿਲਾਸ ਪਾਣੀ ਪੀਣਾ ਚਾਹੀਦਾ ਹੈ, ਜੋ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ। ਸਰੀਰ ਨੂੰ ਠੰਡਾ ਰੱਖਣ ਲਈ ਤੁਸੀਂ ਗਰਮੀਆਂ ਦੇ ਸੁਪਰਫੂਡਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ, ਜਿਸ ਵਿੱਚ ਤਰਬੂਜ, ਖੀਰਾ ਅਤੇ ਪੁਦੀਨਾ ਆਦਿ ਸ਼ਾਮਲ ਹਨ, ਜਿਸ ਨਾਲ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। 

ਦਹੀਂ ਦਾ ਸੇਵਨ
ਗਰਮੀਆਂ 'ਚ ਦਹੀਂ ਦਾ ਸੇਵਨ ਕਰਨਾ ਬਹੁਤ ਚੰਗਾ ਹੁੰਦਾ ਹੈ, ਕਿਉਂਕਿ ਦਹੀਂ ਵਿੱਚ ਚੰਗੇ ਬੈਕਟੀਰੀਆ ਹੁੰਦੇ ਹਨ। ਇਹ ਅੰਤੜੀਆਂ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਗਰਮੀਆਂ ਵਿੱਚ ਦਹੀਂ ਤੋਂ ਬਣੀ ਲੱਸੀ ਅਤੇ ਮੱਖਣ ਦਾ ਸੇਵਨ ਕਰੋ। ਇਸ ਨਾਲ ਪਾਚਨ ਤੰਤਰ ਸਿਹਤਮੰਦ ਰਹਿੰਦਾ ਹੈ।

ਪੁਦੀਨਾ ਦੀ ਵਰਤੋਂ
ਗਰਮੀਆਂ 'ਚ ਪੁਦੀਨਾ ਦੀ ਵਰਤੋਂ ਕਰਨ ਨਾਲ ਬਹੁਤ ਫ਼ਾਇਦੇ ਹੁੰਦੇ ਹਨ। ਪੁਦੀਨੇ ਦੀ ਤਾਸੀਰ ਠੰਡੀ ਹੁੰਦੀ ਹੈ। ਗਰਮੀਆਂ 'ਚ ਪੁਦੀਨੇ ਦੀ ਚਟਨੀ ਦਾ ਸੇਵਨ ਕਰਨ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ ਅਤੇ ਪਾਚਨ ਤੰਤਰ ਠੀਕ ਰਹਿੰਦਾ ਹੈ।

ਨਾਰੀਅਲ ਪਾਣੀ
ਨਾਰੀਅਲ ਪਾਣੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਹ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ। ਰੋਜ਼ਾਨਾ ਇੱਕ ਗਲਾਸ ਨਾਰੀਅਲ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।

ਤਰਬੂਜ਼ ਦਾ ਸੇਵਨ
ਗਰਮੀਆਂ ਦੇ ਮੌਸਮ 'ਚ ਮਿਲਣ ਵਾਲੇ ਫਲ ਤਰਬੂਜ਼ 'ਚ ਕਰੀਬ 90 ਫ਼ੀਸਦੀ ਪਾਣੀ ਹੁੰਦਾ ਹੈ। ਇਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਗਰਮੀਆਂ 'ਚ ਤਰਬੂਜ਼ ਦਾ ਸੇਵਨ ਤੁਸੀਂ ਚਾਟ ਦੇ ਰੂਪ 'ਚ ਵੀ ਕਰ ਸਕਦੇ ਹੋ, ਜਿਸ ਨਾਲ ਸਰੀਰ ਨੂੰ ਫ਼ਾਇਦੇ ਹੁੰਦੇ ਹਨ।

ਖੀਰੇ ਦੀ ਵਰਤੋਂ
ਖੀਰੇ 'ਚ 90 ਫ਼ੀਸਦੀ ਪਾਣੀ ਹੁੰਦਾ ਹੈ। ਇਹ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ। ਖੀਰੇ ਦੀ ਵਰਤੋਂ ਲੋਕ ਸਲਾਦ ਦੇ ਰੂਪ 'ਚ ਕਰਦੇ ਹਨ। ਗਰਮੀਆਂ 'ਚ ਖੀਰੇ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ, ਕਿਉਂਕਿ ਇਹ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ। 

ਮੂੰਗੀ ਦੀ ਦਾਲ ਨਾਲ ਬਣੇ ਸਨੈਕਸ
ਗਰਮੀਆਂ ਦੇ ਮੌਸਮ ਵਿੱਚ ਆਪਣੀ ਭੁੱਖ ਨੂੰ ਸ਼ਾਂਤ ਕਰਨ ਲਈ ਤੁਸੀਂ ਮੂੰਗੀ ਦੀ ਦਾਲ ਨਾਲ ਬਣੇ ਸਨੈਕਸ ਦਾ ਵੀ ਸੇਵਨ ਕਰ ਸਕਦੇ ਹੋ। ਇਸ ਵਿੱਚ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਹਨ, ਜਿਸ ਨਾਲ ਤੁਸੀਂ ਊਰਜਾਵਾਨ ਬਣੇ ਰਹੋਗੇ।


rajwinder kaur

Content Editor

Related News