Health Tips: ਗਰਮੀਆਂ 'ਚ ਰੋਜ਼ਾਨਾ ਪੀਓ ਠੰਡੀ ਲੱਸੀ, ਬਲੱਡ ਪ੍ਰੈਸ਼ਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਰਾਹਤ

Monday, May 29, 2023 - 05:13 PM (IST)

Health Tips: ਗਰਮੀਆਂ 'ਚ ਰੋਜ਼ਾਨਾ ਪੀਓ ਠੰਡੀ ਲੱਸੀ, ਬਲੱਡ ਪ੍ਰੈਸ਼ਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਰਾਹਤ

ਜਲੰਧਰ - ਗਰਮੀਆਂ ਦੇ ਮੌਸਮ ਵਿੱਚ ਸਾਡੇ ਸਰੀਰ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਲੋਕ ਅਜਿਹੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਹਨ, ਜਿਸ ਨਾਲ ਗਰਮੀ ਤੋਂ ਰਾਹਤ ਮਿਲ ਸਕੇ। ਠੰਡੀ ਲੱਸੀ ਸਾਡੀ ਸਿਹਤ ਲਈ ਸਭ ਤੋਂ ਵਧੀਆ ਅਤੇ ਪੀਣ ਵਾਲਾ ਸੁਆਦੀ ਪਦਾਰਥ ਹੈ। ਠੰਡੀ ਲੱਸੀ 'ਚ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਆਦਿ ਪੋਸ਼ਕ ਤੱਤ ਹੁੰਦੇ ਹਨ, ਜਿਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਜੇਕਰ ਤੁਸੀਂ ਭੋਜਨ ਕਰਨ ਤੋਂ ਬਾਅਦ ਠੰਡੀ ਲੱਸੀ ਦੀ ਵਰਤੋਂ ਕਰੋਗੇ ਤਾਂ ਇਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ। ਲੱਸੀ ਜਿੱਥੇ ਸਰੀਰ ਨੂੰ ਠੰਡਕ ਪਹੁੰਚਾਉਂਦੀ ਹੈ, ਉੱਥੇ ਹੀ ਇਹ ਸਰੀਰ ਲਈ ਬਹੁਤ ਫ਼ਾਇਦੇਮੰਦ ਵੀ ਹੁੰਦੀ ਹੈ।  

ਗਰਮੀਆਂ ਵਿੱਚ ਠੰਡੀ ਲੱਸੀ ਪੀਣ ਨਾਲ ਹੋਣ ਵਾਲੇ ਫ਼ਾਇਦੇ

ਗਰਮੀ ਤੋਂ ਰਾਹਤ
ਗਰਮੀਆਂ ਵਿੱਚ ਪਾਣੀ ਦੀ ਘਾਟ ਨੂੰ ਦੂਰ ਕਰਨ ਲਈ ਠੰਡੀ ਲੱਸੀ ਦਾ ਸੇਵਨ ਕਰਨਾ ਚਾਹੀਦਾ ਹੈ। ਲੱਸੀ ਪੀਣ ਨਾਲ ਇਸ ਵਿਚ ਮੌਜੂਦ ਇਲੈਕਟ੍ਰੋਲਾਈਟ ਅਤੇ ਪਾਣੀ ਸਰੀਰ ਦੀ ਨਮੀ ਨੂੰ ਬਰਕਰਾਰ ਰੱਖਦੇ ਹਨ। ਇਸ ਨਾਲ ਸਰੀਰ ਨੂੰ ਗਰਮੀ ਘੱਟ ਲੱਗਦੀ ਹੈ। 

ਪਾਚਨ ਤੰਤਰ ਲਈ ਬਿਹਤਰ
ਠੰਡੀ ਲੱਸੀ ਵਿਚ ਚੰਗੇ ਬੈਕਟੀਰੀਆ ਹੁੰਦੇ ਹਨ, ਜਿਸ ਨਾਲ ਸਾਡਾ ਪਾਚਨ ਤੰਤਰ ਦਰੁਸਤ ਰਹਿੰਦਾ ਹੈ। ਜੇ ਤੁਹਾਨੂੰ ਢਿੱਡ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਇਕ ਗਲਾਸ ਲੱਸੀ ਪੀ ਲਓ। ਲੱਸੀ ਪੀਣ ਤੋਂ ਕੁਝ ਦੇਰ ਬਾਅਦ ਢਿੱਡ ਦੀ ਤਕਲੀਫ਼ ਦੂਰ ਹੋ ਜਾਵੇਗੀ।

ਐਸੀਡਿਟੀ ਤੋਂ ਰਾਹਤ
ਜਿਹੜੇ ਲੋਕ ਐਸੀਡਿਟੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ, ਉਨ੍ਹਾਂ ਨੂੰ ਠੰਡੀ ਲੱਸੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਲੱਸੀ ਦੀ ਤਾਸੀਰ ਠੰਡੀ ਹੁੰਦੀ ਹੈ, ਜਿਸ ਵਜ੍ਹਾ ਨਾਲ ਹਾਰਟਬਰਨ ਜਾਂ ਅਪਚ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਹੱਡੀਆਂ ਦੀ ਮਜ਼ਬੂਤੀ
ਠੰਡੀ ਲੱਸੀ ਵਿਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਲੱਸੀ ਪੀਣ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੋਣ ਲੱਗਦੀਆਂ ਹਨ। ਇਕ ਕੱਪ ਲੱਸੀ ਵਿਚ 286 ਮਿਲੀਗ੍ਰਾਮ ਕੈਲਸ਼ੀਅਮ ਮੌਜੂਦ ਹੁੰਦਾ ਹੈ।

ਬਲੱਡ ਪ੍ਰੈਸ਼ਰ ਕੰਟਰੋਲ 
ਰੋਜ਼ਾਨਾ ਠੰਡੀ ਲੱਸੀ ਪੀਣ ਨਾਲ ਸਰੀਰ ਦਾ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ। ਇਸ ਵਿਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ।

ਭਾਰ ਘੱਟ ਕਰਨ ਵਿਚ ਮਦਦਗਾਰ
ਆਪਣੇ ਲਗਾਤਾਰ ਵੱਧ ਰਹੇ ਭਾਰ ਤੋਂ ਪਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਠੰਡੀ ਲੱਸੀ ਪੀਣੀ ਚਾਹੀਦੀ ਹੈ। ਲੱਸੀ ਪੀਣ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। 

ਕਬਜ਼ ਤੋਂ ਛੁਟਕਾਰਾ
ਕਬਜ਼ ਦੀ ਸਮੱਸਿਆ ਹੋਣ 'ਤੇ ਠੰਡੀ ਲੱਸੀ ਵਿੱਚ ਅਜਵਾਇਨ ਮਿਲਾ ਕੇ ਪੀਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਕੁਝ ਦਿਨਾਂ ਵਿੱਚ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਢਿੱਡ ਨੂੰ ਸਾਫ਼ ਰੱਖਣ ਲਈ ਗਰਮੀਆਂ ਵਿੱਚ ਪੁਦੀਨਾ ਮਿਲਾਕੇ ਲੱਸੀ ਪੀਣੀ ਚਾਹੀਦੀ ਹੈ। 

ਲੂ ਤੋਂ ਬਚਾਏ
ਗਰਮੀਆਂ ਵਿਚ ਲੂ ਲੱਗਣਾ ਇੱਕ ਆਮ ਸਮੱਸਿਆ ਹੈ। ਇਸ ਪ੍ਰੇਸ਼ਾਨੀ ਤੋਂ ਬਚਣ ਲਈ ਰੋਜ਼ਾਨਾ ਠੰਡੀ ਲੱਸੀ ਦਾ ਸੇਵਨ ਕਰੋ, ਕਿਉਂਕਿ ਇਸ ਦੀ ਤਾਸੀਰ ਠੰਢੀ ਹੁੰਦੀ ਹੈ। ਲੱਸੀ ਗਰਮੀਆਂ ਵਿੱਚ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ।


author

rajwinder kaur

Content Editor

Related News