ਰੋਜ਼ਾਨਾ ਫੋਨ-ਲੈਪਟਾਪ ਵਰਗੇ ਗੈਜੇਟ ਚਲਾ ਕੇ ਖ਼ਰਾਬ ਹੋ ਰਹੀਆਂ ਬੱਚਿਆਂ ਦੀਆਂ ਅੱਖਾਂ, ਮਾਪੇ ਇੰਝ ਰੱਖਣ ਖਿਆਲ
Monday, Oct 23, 2023 - 06:07 PM (IST)
ਜਲੰਧਰ - ਅੱਜ-ਕੱਲ ਦੇ ਬੱਚੇ ਆਪਣਾ ਜ਼ਿਆਦਾਤਰ ਸਮਾਂ ਕੰਪਿਊਟਰ, ਲੈਪਟਾਪ, ਸਮਾਰਟਫੋਨ ਆਦਿ 'ਤੇ ਬਤੀਤ ਕਰਦੇ ਹਨ। ਬਿਜਲੀ ਵਾਲੀਆਂ ਇਨ੍ਹਾਂ ਚੀਜ਼ਾਂ 'ਤੇ ਜ਼ਿਆਦਾ ਧਿਆਨ ਰੱਖਣ ਕਾਰਨ ਬੱਚਿਆਂ ਦੀ ਨਿਗ੍ਹਾ ਕਮਜ਼ੋਰ ਹੋਣ ਲੱਗ ਪੈਂਦੀ ਹੈ। ਕੋਰੋਨਾ ਕਾਲ ਦੇ ਸਮੇਂ ਦੌਰਾਨ ਇਹ ਆਦਤ ਹੋਰ ਵੀ ਜ਼ਿਆਦਾ ਵੱਧ ਗਈ ਹੈ। ਉਸ ਸਮੇਂ ਕੰਪਿਊਟਰ, ਲੈਪਟਾਪ, ਸਮਾਰਟਫੋਨ ਆਦਿ 'ਤੇ ਆਨਲਾਈਨ ਕਲਾਸਾਂ, ਸਕੂਲ ਦਾ ਕੰਮ ਆਦਿ ਸਾਰੇ ਫੋਨ 'ਤੋਂ ਹੀ ਹੁੰਦੇ ਸਨ। ਬੱਚਿਆਂ ਦੀਆਂ ਅੱਖਾਂ 'ਤੇ ਉਸ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ। ਬੱਚਿਆਂ ਦੇ ਮਾਂ-ਪਿਓ ਵੀ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਬੱਚਿਆਂ ਦੀਆਂ ਅੱਖਾਂ ਦਾ ਧਿਆਨ ਕਿਵੇਂ ਰੱਖਿਆ ਜਾਵੇ। ਇਸ ਹਾਲਤ 'ਚ ਮਾਪੇ ਆਪਣੇ ਬੱਚਿਆਂ ਦੀਆਂ ਅੱਖਾਂ ਦਾ ਧਿਆਨ ਕਿਵੇਂ ਰੱਖ ਸਕਦੇ ਹਨ, ਦੇ ਬਾਰੇ ਆਓ ਜਾਣਦੇ ਹਾਂ.....
ਬੱਚੇ ਨੂੰ ਦਿਓ ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ
ਬੱਚਿਆਂ ਦੀਆਂ ਅੱਖਾਂ ਨੂੰ ਠੀਕ ਰੱਖਣ ਲਈ ਉਹਨਾਂ ਨੂੰ ਰੋਜ਼ਾਨਾ ਖਾਣ ਲਈ ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਦਿਓ। ਵਿਟਾਮਿਨ-ਏ, ਬੀ ਅਤੇ ਪ੍ਰੋਟੀਨ ਯੁਕਤ ਭੋਜਨ ਬੱਚੇ ਦੀ ਡਾਇਟ 'ਚ ਜ਼ਰੂਰ ਸ਼ਾਮਲ ਕਰੋ। ਇਸ ਦੇ ਇਲਾਵਾ ਉਨ੍ਹਾਂ ਨੂੰ ਦੁੱਧ, ਹਰੀਆਂ ਸਬਜ਼ੀਆਂ, ਦਹੀਂ ਆਦਿ ਵੀ ਖਾਣ ਨੂੰ ਦਿਓ।
ਬੱਚਿਆਂ ਨੂੰ ਅੱਖਰ ਵੱਡੇ ਕਰ ਕੇ ਦਿਓ
ਜਦੋਂ ਵੀ ਤੁਹਾਡਾ ਬੱਚਾ ਕੰਪਿਊਟਰ, ਲੈਪਟਾਪ ਜਾਂ ਮੋਬਾਇਲ ਦੀ ਸਕਰੀਨ ਨੂੰ ਵੇਖ ਕੇ ਕੰਮ ਕਰਦਾ ਹੋਵੇ ਤਾਂ ਉਸ ਨੂੰ ਅੱਖਰਾਂ ਦਾ ਸਾਈਜ਼ ਵਧਾ ਕੇ ਦਿਓ। ਸਕੂਲ ਦਾ ਕੰਮ ਕਰਨ ਸਮੇਂ ਵੀ ਕਈ ਬੱਚੇ ਫੋਨ 'ਚ ਅੱਖਾਂ ਗੱਡ ਲੈਂਦੇ ਹਨ, ਇਸ ਨਾਲ ਵੀ ਅੱਖਾਂ ਦੀ ਰੌਸ਼ਨੀ ਘਟਣ ਲਗਦੀ ਹੈ। ਇਸ ਕਾਰਨ ਬੱਚਿਆਂ ਨੂੰ ਅੱਖਰ ਵੱਡੇ ਕਰ ਕੇ ਦਿਓ।
ਅੱਖਾਂ ਦਾ ਟੈਸਟ ਕਰਵਾਉਣਾ
ਸਮੇਂ-ਸਮੇਂ ਸਿਰ ਬੱਚਿਆਂ ਦੀਆਂ ਅੱਖਾਂ ਦਾ ਚੈਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਨਾਲ ਪਤਾ ਚਲਦਾ ਰਹੇਗਾ ਕਿ ਬੱਚੇ ਦੀ ਨਿਗ੍ਹਾ ਕਮਜ਼ੋਰ ਤਾਂ ਨਹੀਂ ਹੋ ਰਹੀ, ਨਾਲ ਹੀ ਬੱਚੇ ਦੀਆਂ ਅੱਖਾਂ 'ਚ ਕੋਈ ਸਮੱਸਿਆ ਵੀ ਨਹੀਂ ਹੋਵੇਗੀ।
ਬੱਚੇ ਨੂੰ ਕਰਵਾਓ ਕਸਰਤ
ਬੱਚਿਆਂ ਨੂੰ ਕਸਰਤ ਕਰਨ ਦੀ ਆਦਤ ਜ਼ਰੂਰ ਪਾਓ। ਇਸ ਨਾਲ ਉਨ੍ਹਾਂ ਦਾ ਸਰੀਰ ਇਕਦਮ ਫਿੱਟ ਰਹੇਗਾ। ਬੱਚੇ ਟੈਕਨਾਲੌਜੀ ਕਾਰਨ ਆਲਸੀ ਹੁੰਦੇ ਜਾ ਰਹੇ ਹਨ। ਬੱਚਿਆਂ ਨੂੰ ਫਿਜ਼ੀਕਲੀ ਫਿੱਟ ਰੱਖਣ ਲਈ ਉਨ੍ਹਾਂ ਨੂੰ ਕਸਰਤ ਕਰਨ ਲਈ ਜ਼ਰੂਰ ਪ੍ਰੇਰਿਤ ਕਰੋ। ਬੱਚਿਆਂ ਨੂੰ ਰੋਜ਼ਾਨਾ ਹਰੇ ਘਾਹ 'ਤੇ ਨਗ੍ਹੇ ਪੈਰੀ ਚੱਲਣ ਲਈ ਕਹੋ। ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।