Beauty Tips: ਬਲੀਚ ਲਗਾਉਣ ਤੋਂ ਬਾਅਦ ਕੀ ਤੁਹਾਡੇ ਚਿਹਰੇ ’ਤੇ ਵੀ ਹੁੰਦੀ ਹੈ ਜਲਣ, ਤਾਂ ਅਪਣਾਓ ਇਹ ਨੁਸਖ਼ੇ

Friday, May 17, 2024 - 04:02 PM (IST)

ਜਲੰਧਰ (ਬਿਊਰੋ) - ਗਰਮੀਆਂ 'ਚ ਚਮੜੀ 'ਤੇ ਟੈਨਿੰਗ ਦੀ ਸਮੱਸਿਆ ਹੋਣਾ ਆਮ ਗੱਲ ਹੈ। ਇਸ ਤੋਂ ਬਚਣ ਅਤੇ ਚਿਹਰੇ 'ਤੇ ਨਿਖ਼ਾਰ ਪਾਉਣ ਲਈ ਬਹੁਤ ਸਾਰੀਆਂ ਕੁੜੀਆਂ ਬਲੀਚ ਲਗਾਉਣਾ ਪਸੰਦ ਕਰਦੀਆਂ ਹਨ। ਸੈਂਸਟਿਵ ਚਮੜੀ ਵਾਲੀਆਂ ਕੁੜੀਆਂ ਨੂੰ ਬਲੀਚ ਲਗਾਉਣ ਤੋਂ ਬਾਅਦ ਚਿਹਰੇ 'ਤੇ ਜਲਣ, ਧੱਫੜ, ਖਾਰਸ਼ ਵਰਗੀਆਂ ਸਮੱਸਿਆ ਹੋ ਜਾਂਦੀਆਂ ਹਨ, ਜਿਸ ਨੂੰ ਦੂਰ ਕਰਨ ਲਈ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਅਪਣਾਉਣੇ ਚਾਹੀਦੇ ਹਨ.... 

ਐਲੋਵੇਰਾ ਦੀ ਕਰੋ ਵਰਤੋਂ  
ਬਲੀਚ ਕਰਨ ਤੋਂ ਬਾਅਦ ਚਮੜੀ ’ਤੇ ਹੋਣ ਵਾਲੀ ਜਲਣ ਅਤੇ ਖੁਜਲੀ ਨੂੰ ਦੂਰ ਕਰਨ ਲਈ ਐਲੋਵੇਰਾ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਐਲੋਵੇਰਾ ਦੇ ਤਾਜ਼ੇ ਪੱਤਿਆਂ ਨੂੰ ਧੋ ਕੇ ਕੱਟ ਲਓ। ਐਲੋਵੇਰਾ ਜੈੱਲ ਨੂੰ ਕੱਢ ਕੇ ਪ੍ਰਭਾਵਿਤ ਥਾਂ 'ਤੇ ਲੱਗਾ ਕੇ ਚਿਹਰੇ ਦੀ ਮਾਲਿਸ਼ ਕਰੋ। 5 ਮਿੰਟ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।  

ਆਲੂ ਦੇ ਛਿਲਕਿਆਂ ਦੀ ਵਰਤੋਂ 
ਆਲੂ ਦੇ ਛਿਲਕਿਆਂ ਦੀ ਵਰਤੋਂ ਚਮੜੀ ਦੀ ਜਲਣ, ਖਾਰਸ਼, ਧੱਫੜ ਦੂਰ ਕਰਨ ਲਈ ਕੀਤੀ ਜਾਂਦੀ ਹੈ। ਇਸ ਨਾਲ ਚਮੜੀ ਠੰਡੀ ਅਤੇ ਤਰੋਤਾਜ਼ਾ ਹੁੰਦੀ ਹੈ। ਆਲੂ ਦੇ ਛਿਲਕਿਆਂ ’ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਇੰਫਲੇਮੇਟਰੀ ਗੁਣ ਚਮੜੀ ਨੂੰ ਨਿਖਾਰਨ ਵਿੱਚ ਮਦਦ ਕਰਦੇ ਹਨ। ਇਸ ਲਈ ਆਲੂ ਦੇ ਛਿਲਕਿਆਂ ਨੂੰ ਧੋ ਕੇ ਪ੍ਰਭਾਵਿਤ ਥਾਂ 'ਤੇ ਲਗਾਓ ਅਤੇ ਲੇਟ ਜਾਓ। 10 ਮਿੰਟ ਲਗਾਉਣ ਤੋਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।

ਠੰਡਾ ਦੁੱਧ
ਬਲੀਚ ਕਾਰਨ ਚਮੜੀ ’ਤੇ ਹੋਣ ਵਾਲੀ ਜਲਣ ਨੂੰ ਦੂਰ ਕਰਨ ਲਈ ਠੰਡੇ ਦੁੱਧ ਦੀ ਵਰਤੋਂ ਕਰ ਸਕਦੇ ਹੋ।  ਰੂੰ ਦੀ ਮਦਦ ਨਾਲ ਚਿਹਰੇ 'ਤੇ ਠੰਡੇ ਦੁੱਧ ਨੂੰ ਲਗਾਓ। ਫਿਰ ਇਸ ਨਾਲ ਹਲਕੇ ਹੱਥਾਂ ਨਾਲ ਚਮੜੀ ਦੀ ਮਾਲਿਸ਼ ਕਰੋ। ਕੁਝ ਦੇਰ ਲੱਗਾ ਰਹਿਣ ਤੋਂ ਬਾਅਦ ਇਸ ਨੂੰ ਠੰਡੇ ਪਾਣੀ ਨਾਲ ਸਾਫ਼ ਕਰ ਲਓ। ਦਿਨ 'ਚ 2-3 ਵਾਰ ਅਜਿਹਾ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ।

ਬਰਫ਼ ਨਾਲ ਕਰੋ ਮਸਾਜ
ਬਲੀਚ ਵਾਲੀ ਚਮੜੀ ਨੂੰ ਠੀਕ ਕਰਨ ਲਈ ਤੁਸੀਂ ਬਰਫ਼ ਨਾਲ ਚਿਹਰੇ ਦੀ ਮਾਲਿਸ਼ ਕਰ ਸਕਦੇ ਹੋ। ਇਸ ਲਈ ਬਰਫ ਦੇ 1-2 ਟੁਕੜਿਆਂ ਨੂੰ ਕੱਪੜੇ 'ਚ ਲਪੇਟ ਕੇ ਪ੍ਰਭਾਵਿਤ ਥਾਂ 'ਤੇ ਮਾਲਿਸ਼ ਕਰੋ। ਇਸ ਨਾਲ ਤੁਹਾਨੂੰ ਜਲਣ, ਧੱਫੜ, ਚਮੜੀ ਦੀ ਲਾਲੀ ਆਦਿ ਤੋਂ ਰਾਹਤ ਮਿਲੇਗੀ।


sunita

Content Editor

Related News