ਖਾਲੀ ਢਿੱਡ ਅਨਾਰ ਖਾਣ ਦੇ ਜ਼ਬਰਦਸਤ ਲਾਭ, ਜਾਣੋ ਕੁਝ ਨੁਕਸਾਨ ਵੀ

Thursday, Mar 16, 2023 - 02:06 PM (IST)

ਖਾਲੀ ਢਿੱਡ ਅਨਾਰ ਖਾਣ ਦੇ ਜ਼ਬਰਦਸਤ ਲਾਭ, ਜਾਣੋ ਕੁਝ ਨੁਕਸਾਨ ਵੀ

ਜਲੰਧਰ (ਬਿਊਰੋ)– ਤੁਸੀਂ ਅਕਸਰ ਲੋਕਾਂ ਨੂੰ ਦੇਖਿਆ ਹੋਵੇਗਾ ਕਿ ਉਹ ਆਪਣੇ ਦਿਨ ਦੀ ਸ਼ੁਰੂਆਤ ਸਵੇਰੇ ਫਲ ਖਾ ਕੇ ਜਾਂ ਉਨ੍ਹਾਂ ਦੇ ਜੂਸ ਨਾਲ ਕਰਦੇ ਹਨ। ਹਾਲਾਂਕਿ ਫਲਾਂ ਦੇ ਜੂਸ ਨਾਲੋਂ ਪੂਰੇ ਫਲਾਂ ਦਾ ਸੇਵਨ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਨ੍ਹਾਂ ਦੇ ਗੁੱਦੇ ’ਚ ਖੁਰਾਕੀ ਫਾਈਬਰ ਤੇ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਹੀ ਪਾਚਨ ਤੇ ਸਮੁੱਚੀ ਸਿਹਤ ਲਈ ਬਹੁਤ ਜ਼ਰੂਰੀ ਹਨ। ਕੁਝ ਲੋਕ ਸਵੇਰੇ ਖਾਲੀ ਢਿੱਡ ਕੇਲਾ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਲੋਕ ਸੇਬ ਖਾਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਸਵੇਰੇ ਖਾਲੀ ਢਿੱਡ ਸਿਰਫ ਇਕ ਅਨਾਰ ਦਾ ਸੇਵਨ ਕਰਦੇ ਹੋ ਤਾਂ ਇਹ ਹੈਰਾਨੀਜਨਕ ਸਿਹਤ ਲਾਭ ਦੇ ਸਕਦਾ ਹੈ?

ਇਹ ਖ਼ਬਰ ਵੀ ਪੜ੍ਹੋ : ਤੁਹਾਨੂੰ ਡੇਂਗੂ ਹੈ ਜਾਂ ਵਾਇਰਲ ਬੁਖ਼ਾਰ? ਇੰਝ ਕਰੋ ਪਛਾਣ

ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ। ਹਾਲਾਂਕਿ ਕੁਝ ਲੋਕਾਂ ਲਈ ਇਹ ਨੁਕਸਾਨਦੇਹ ਵੀ ਹੋ ਸਕਦਾ ਹੈ। ਅਨਾਰ ਫਾਈਬਰ, ਵਿਟਾਮਿਨ ਬੀ, ਸੀ, ਕੇ ਤੇ ਪੋਟਾਸ਼ੀਅਮ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜਦਕਿ ਇਸ ’ਚ ਕਈ ਔਸ਼ਧੀ ਗੁਣ ਵੀ ਹੁੰਦੇ ਹਨ, ਜੋ ਇਸ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਬਣਾਉਂਦੇ ਹਨ। ਆਓ ਜਾਣਦੇ ਹਾਂ ਅਨਾਰ ਖਾਣ ਦੇ ਫਾਇਦਿਆਂ ਤੇ ਨੁਕਸਾਨਾਂ ਬਾਰੇ–

ਖਾਲੀ ਢਿੱਡ ਅਨਾਰ ਖਾਣ ਦੇ ਫਾਇਦੇ

1. ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ
ਅਨਾਰ ’ਚ ਪੌਲੀਫੇਨੌਲਸ ਨਾਮਕ ਫਾਈਟੋਕੈਮੀਕਲਸ ਹੁੰਦੇ ਹਨ, ਜੋ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੁੰਦੇ ਹਨ। ਅਨਾਰ ਦੇ ਇਹ ਗੁਣ ਸਰੀਰ ਦੇ ਸੈੱਲਾਂ ਨੂੰ ਫ੍ਰੀ-ਰੈਡੀਕਲਸ ਨੁਕਸਾਨ ਤੋਂ ਬਚਾਉਣ, ਆਕਸੀਡੇਟਿਵ ਤਣਾਅ ਨੂੰ ਘਟਾਉਣ ਤੇ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ’ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

2. ਕਾਰਡੀਓਵੈਸਕੁਲਰ ਹੈਲਥ ਨੂੰ ਬਣਾਈ ਰੱਖਦਾ ਹੈ
ਅਨਾਰ ਧਮਨੀਆਂ ’ਚ ਰੁਕਾਵਟ ਜਾਂ ਐਥੀਰੋਸਕਲੇਰੋਸਿਸ ਦੀ ਸਮੱਸਿਆ ਨੂੰ ਠੀਕ ਕਰਨ ’ਚ ਬਹੁਤ ਫਾਇਦੇਮੰਦ ਹੈ। ਇਹ ਪਲਾਕ ਦੇ ਨਿਰਮਾਣ ਨੂੰ ਰੋਕਣ ਤੇ ਘਟਾਉਣ ’ਚ ਮਦਦ ਕਰਦਾ ਹੈ। ਇਹ ਖ਼ਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ’ਚ ਰੱਖਣ ’ਚ ਵੀ ਮਦਦ ਕਰਦਾ ਹੈ, ਜਿਸ ਕਾਰਨ ਇਹ ਦਿਲ ਦੀ ਸਿਹਤ ਲਈ ਬਹੁਤ ਵਧੀਆ ਫਲ ਬਣ ਜਾਂਦਾ ਹੈ।

3. ਕੁਦਰਤੀ ਐਂਟੀਬਾਇਓਟਿਕ ਹੈ
ਅਨਾਰ ਦੇ ਐਂਟੀਮਾਈਕ੍ਰੋਬਿਅਲ ਗੁਣ ਇਸ ਨੂੰ ਇਕ ਪ੍ਰਭਾਵਸ਼ਾਲੀ ਐਂਟੀਬਾਇਓਟਿਕ ਬਣਾਉਂਦੇ ਹਨ, ਜਿਸ ਕਾਰਨ ਇਹ ਵਾਇਰਸ ਤੇ ਨੁਕਸਾਨਦੇਹ ਬੈਕਟੀਰੀਆ ਨਾਲ ਲੜਨ ’ਚ ਬਹੁਤ ਪ੍ਰਭਾਵਸ਼ਾਲੀ ਹੈ। ਇਹ ਇਮਿਊਨਿਟੀ ਨੂੰ ਮਜ਼ਬੂਤ ਕਰਨ ਤੇ ਜਲਦੀ ਠੀਕ ਹੋਣ ’ਚ ਵੀ ਮਦਦ ਕਰਦਾ ਹੈ।

4. ਸੋਜ ਦੀਆਂ ਸਥਿਤੀਆਂ ’ਚ ਸੁਧਾਰ ਕਰਦਾ ਹੈ
ਅਨਾਰ ਸਰੀਰ ਦੀ ਸੋਜ ਤੇ ਕਈ ਪੁਰਾਣੀਆਂ ਸਿਹਤ ਸਥਿਤੀਆਂ ਜਿਵੇਂ ਕਿ ਦਿਲ ਦੀ ਬੀਮਾਰੀ, ਟਾਈਪ 2 ਸ਼ੂਗਰ, ਕੈਂਸਰ ਤੇ ਅਲਜ਼ਾਈਮਰ ਰੋਗਾਂ ਨਾਲ ਲੜਨ ’ਚ ਬਹੁਤ ਪ੍ਰਭਾਵਸ਼ਾਲੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਨਾਰ ਕ੍ਰੋਨਿਕ ਇੰਫਲੇਮੇਸ਼ਨ ਨੂੰ ਰੋਕਣ ’ਚ ਮਦਦ ਕਰਦਾ ਹੈ ਕਿਉਂਕਿ ਇਸ ’ਚ ਐਂਟੀ-ਇਨਫਲੇਮੇਟਰੀ ਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ।

5. ਕਿਡਨੀ ਨੂੰ ਸਿਹਤਮੰਦ ਰੱਖਦਾ ਹੈ
ਅਨਾਰ ’ਚ ਮੌਜੂਦ ਐਂਟੀਆਕਸੀਡੈਂਟ ਗੁਣ ਕਿਡਨੀ ਦੀ ਪੱਥਰੀ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ ਤੇ ਕਿਡਨੀ ਦੀ ਸਿਹਤ ਨੂੰ ਬਣਾਈਓ ਰੱਖਣ ਦੇ ਨਾਲ-ਨਾਲ ਕਿਡਨੀ ਦੇ ਕਾਰਜ ਨੂੰ ਬਿਹਤਰ ਬਣਾਉਣ ’ਚ ਮਦਦ ਕਰਦਾ ਹੈ।

ਖਾਲੀ ਢਿੱਡ ਅਨਾਰ ਖਾਣ ਦੇ ਨੁਕਸਾਨ

1. ਢਿੱਡ ਦੀ ਸਮੱਸਿਆ ਹੋ ਸਕਦੀ ਹੈ
ਜਿਨ੍ਹਾਂ ਲੋਕਾਂ ਦੀਆਂ ਅੰਤੜੀਆਂ ਬਹੁਤ ਸੰਵੇਦਨਸ਼ੀਲ ਹੁੰਦੀਆਂ ਹਨ, ਉਨ੍ਹਾਂ ਨੂੰ ਕਈ ਵਾਰ ਖਾਲੀ ਢਿੱਡ ਅਨਾਰ ਦਾ ਸੇਵਨ ਕਰਨ ’ਤੇ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

2. ਗਲਾਈਸੇਮਿਕ ਇੰਡੈਕਸ ਹਾਈ ਹੁੰਦਾ ਹੈ
ਸ਼ੂਗਰ ਦੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਇਸ ਦਾ ਸੇਵਨ ਖਾਲੀ ਢਿੱਡ ਕਰਨਾ ਚਾਹੀਦਾ ਹੈ। ਨਾਲ ਹੀ ਇਸ ਦਾ ਸੇਵਨ ਵੀ ਸਹੀ ਮਾਤਰਾ ’ਚ ਕਰਨਾ ਚਾਹੀਦਾ ਹੈ। ਗਲਾਈਸੇਮਿਕ ਇੰਡੈਕਸ ਹਾਈ ਹੋਣ ਕਾਰਨ ਇਹ ਜਲਦ ਹੀ ਗਲੂਕੋਜ਼ ’ਚ ਬਦਲ ਜਾਂਦਾ ਹੈ ਤੇ ਬਲੱਡ ਸ਼ੂਗਰ ’ਚ ਅਚਾਨਕ ਵਾਧਾ ਵੀ ਕਰ ਸਕਦਾ ਹੈ।

3. ਐਲਰਜੀ ਦੀ ਪ੍ਰਤੀਕਿਰਿਆ ਹੋ ਸਕਦੀ ਹੈ
ਜਿਨ੍ਹਾਂ ਲੋਕਾਂ ਨੂੰ ਅਨਾਰ ਤੋਂ ਐਲਰਜੀ ਹੁੰਦੀ ਹੈ, ਜੇਕਰ ਉਹ ਇਸ ਦਾ ਸੇਵਨ ਕਰਦੇ ਹਨ ਤਾਂ ਉਨ੍ਹਾਂ ਨੂੰ ਖੁਜਲੀ, ਸੋਜ, ਗਲੇ ’ਚ ਸਾੜ ਤੇ ਢਿੱਡ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਚਮੜੀ ’ਚ ਛਪਾਕੀ ਤੇ ਸਾਹ ਲੈਣ ’ਚ ਤਕਲੀਫ਼ ਦੀ ਸਮੱਸਿਆ ਵੀ ਹੋ ਸਕਦੀ ਹੈ।

4. ਦਵਾਈਆਂ ਨਾਲ ਪ੍ਰਤੀਕਿਰਿਆ ਕਰ ਸਕਦਾ ਹੈ
ਜੇਕਰ ਤੁਸੀਂ ਕੁਝ ਦਵਾਈਆਂ ਦੇ ਨਾਲ ਅਨਾਰ ਦਾ ਸੇਵਨ ਕਰਦੇ ਹੋ ਤਾਂ ਇਸ ਦੇ ਸਰੀਰ ’ਤੇ ਕਈ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ। ਖ਼ਾਸ ਤੌਰ ’ਤੇ ਐਂਟੀਹਾਈਪਰਟੈਂਸਿਵ ਦਵਾਈਆਂ ਲੈਣ ਵਾਲੇ ਵਿਅਕਤੀ ਨੂੰ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਕਿ ਬੇਕਾਬੂ ਬਲੱਡ ਪ੍ਰੈਸ਼ਰ।

ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਸਵੇਰੇ ਖਾਲੀ ਢਿੱਡ ਅਨਾਰ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਸਾਬਿਤ ਹੋ ਸਕਦਾ ਹੈ ਪਰ ਇਸ ਦੇ ਨੁਕਸਾਨ ਤੋਂ ਬਚਣ ਲਈ ਬਿਹਤਰ ਹੈ ਕਿ ਤੁਸੀਂ ਡਾਕਟਰ ਦੀ ਸਲਾਹ ਅਨੁਸਾਰ ਹੀ ਇਸ ਦਾ ਸੇਵਨ ਕਰੋ। ਖ਼ਾਸ ਕਰਕੇ ਜੇ ਤੁਸੀਂ ਉੱਪਰ ਦਿੱਤੀਆਂ ਸਥਿਤੀਆਂ ਨਾਲ ਜੂਝ ਰਹੇ ਹੋ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News