40 ਸਾਲ ਦੀ ਉਮਰ ਤੋਂ ਬਾਅਦ ਕਰਵਾਉਂਦੇ ਰਹੋ ਨਿਯਮਿਤ ਮੈਡੀਕਲ ਚੈੱਕਅੱਪ, ਜਾਨਲੇਵਾ ਬੀਮਾਰੀਆਂ ਤੋਂ ਹੋਵੇਗਾ ਬਚਾਅ
Wednesday, Jan 25, 2023 - 06:33 PM (IST)
ਨਵੀਂ ਦਿੱਲੀ (ਬਿਊਰੋ)- ਜਿਵੇਂ-ਜਿਵੇਂ ਲੋਕਾਂ ਦੀ ਉਮਰ ਵਧਦੀ ਹੈ, ਸਰੀਰਕ ਸਮੱਸਿਆਵਾਂ ਵੀ ਵਧਦੀਆਂ ਹਨ। ਅਜਿਹੀ ਸਥਿਤੀ ਵਿਚ ਨਿਯਮਿਤ ਸਿਹਤ ਜਾਂਚ ਕਰਵਾਈ ਜਾਵੇ ਤਾਂ ਸਮਾਂ ਰਹਿੰਦੇ ਕਿਸੇ ਵੀ ਸੰਭਾਵੀ ਸਿਹਤ ਸਮੱਸਿਆ ਦਾ ਜਲਦੀ ਪਤਾ ਲਗਾਉਣ ਵਿੱਚ ਮਦਦ ਮਿਲ ਸਕਦੀ ਹੈ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ 40 ਸਾਲ ਦੀ ਉਮਰ ਤੋਂ ਬਾਅਦ ਮਰਦਾਂ ਤੇ ਔਰਤਾਂ ਵਿਚ ਸਿਹਤ ਸੰਬੰਧੀ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਕੁਝ ਅਜਿਹੇ ਮੈਡੀਕਲ ਟੈਸਟਾਂ ਬਾਰੇ ਦੱਸ ਰਹੇ ਹਾਂ, ਜੋ ਤੁਹਾਨੂੰ 40 ਸਾਲ ਦੀ ਉਮਰ ਤੋਂ ਬਾਅਦ ਜ਼ਰੂਰ ਕਰਵਾਉਣੇ ਚਾਹੀਦੇ ਹਨ -
ਬਲੱਡ ਪ੍ਰੈਸ਼ਰ ਦੀ ਜਾਂਚ
ਹਾਈ ਬਲੱਡ ਪ੍ਰੈਸ਼ਰ (ਬੀਪੀ) ਦਿਲ ਦੀ ਬੀਮਾਰੀ, ਸਟ੍ਰੋਕ ਤੇ ਗੁਰਦਿਆਂ ਦੀਆਂ ਸਮੱਸਿਆਵਾਂ ਦੇ ਜੋਖ਼ਮ ਨੂੰ ਵਧਾ ਸਕਦਾ ਹੈ। ਅਜਿਹੇ 'ਚ 40 ਸਾਲ ਦੀ ਉਮਰ ਤੋਂ ਬਾਅਦ ਹਰ 3 ਜਾਂ 4 ਮਹੀਨੇ ਬਾਅਦ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸਰੀਰ ਦਾ ਬਲੱਡ ਪ੍ਰੈਸ਼ਰ ਕਈ ਵੱਡੀਆਂ ਬੀਮਾਰੀਆਂ ਦਾ ਸ਼ੁਰੂਆਤੀ ਸੰਕੇਤ ਦਿੰਦਾ ਹੈ।
ਕੋਲੇਸਟ੍ਰੋਲ ਟੈਸਟ
ਅਨਿਯਮਿਤ ਰੂਟੀਨ ਕਾਰਨ ਅੱਜਕਲ੍ਹ ਲੋਕਾਂ 'ਚ ਕੋਲੈਸਟ੍ਰੋਲ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ। LDL (ਮਾੜੇ) ਕੋਲੇਸਟ੍ਰੋਲ ਦੇ ਉੱਚ ਪੱਧਰ ਦਿਲ ਦੀ ਬੀਮਾਰੀ ਤੇ ਸਟ੍ਰੋਕ ਦੇ ਜੋਖ਼ਮ ਨੂੰ ਵਧਾ ਸਕਦੇ ਹਨ। 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਾਲ ਵਿਚ ਦੋ ਵਾਰ ਕੋਲੈਸਟ੍ਰੋਲ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਗੁੜ ਕਦੋਂ, ਕਿਸਨੂੰ ਅਤੇ ਕਿੰਨਾ ਖਾਣਾ ਚਾਹੀਦਾ ਹੈ? ਜਾਣੋ ਇਸ ਦੇ ਸੇਵਨ ਦਾ ਸਹੀ ਤਰੀਕਾ
ਡਾਇਬਿਟੀਜ਼ ਦੀ ਜਾਂਚ
ਫਾਸਟ ਫੂਡ ਡਾਈਟ ਤੇ ਗ਼ਲਤ ਰੂਟੀਨ ਕਾਰਨ ਅੱਜ-ਕੱਲ੍ਹ ਲੋਕਾਂ ਵਿਚ ਸ਼ੂਗਰ ਦੀ ਸਮੱਸਿਆ ਵਧ ਗਈ ਹੈ। ਸਰੀਰ 'ਚ ਸ਼ੂਗਰ ਲੈਵਲ ਵਧਣਾ ਵੀ ਕਈ ਬੀਮਾਰੀਆਂ ਨੂੰ ਜਨਮ ਦਿੰਦਾ ਹੈ ਅਤੇ ਇਸ ਲਈ ਸਮੇਂ-ਸਮੇਂ 'ਤੇ ਸ਼ੂਗਰ ਦਾ ਚੈਕਅੱਪ ਜ਼ਰੂਰ ਕਰਵਾਉਣਾ ਚਾਹੀਦਾ ਹੈ।
ਅੱਖਾਂ ਦੀ ਜਾਂਚ
40 ਸਾਲ ਦੀ ਉਮਰ ਤੋਂ ਬਾਅਦ ਅੱਖਾਂ ਵੀ ਕਮਜ਼ੋਰ ਹੋਣ ਲੱਗਦੀਆਂ ਹਨ। ਜੇਕਰ ਤੁਹਾਡੀ ਨਜ਼ਰ ਕਮਜ਼ੋਰ ਹੋ ਗਈ ਹੈ ਤਾਂ ਸਾਲ ਵਿਚ ਇਕ ਵਾਰ ਅੱਖਾਂ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਜੇਕਰ ਤੁਸੀਂ ਨੰਬਰਾਂ ਵਾਲੇ ਚਸ਼ਮੇ ਪਾਉਂਦੇ ਹੋ, ਤਾਂ ਸਮੇਂ-ਸਮੇਂ 'ਤੇ ਉਨ੍ਹਾਂ ਦੀ ਜਾਂਚ ਕਰਵਾਉਂਦੇ ਰਹੋ ਕਿ ਕੀ ਨੰਬਰਾਂ ਵਿੱਚ ਕੋਈ ਤਬਦੀਲੀ ਤਾਂ ਨਹੀਂ ਹੋਈ ਹੈ।
ਕੈਂਸਰ ਦੀ ਜਾਂਚ
ਪ੍ਰੋਸਟੇਟ ਕੈਂਸਰ ਮਰਦਾਂ ਵਿਚ ਦੇਖਿਆ ਜਾਣ ਵਾਲਾ ਸਭ ਤੋਂ ਆਮ ਕੈਂਸਰ ਹੈ। 40 ਸਾਲ ਤੋਂ ਵੱਧ ਉਮਰ ਦੇ ਮਰਦਾਂ ਨੂੰ ਸਮੇਂ-ਸਮੇਂ 'ਤੇ ਪ੍ਰੋਸਟੇਟ ਕੈਂਸਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਸਮੱਸਿਆ ਆਮ ਤੌਰ 'ਤੇ ਦੇਖਣ ਨੂੰ ਮਿਲਦੀ ਹੈ। ਔਰਤਾਂ ਨੂੰ ਵੀ ਸਮੇਂ-ਸਮੇਂ 'ਤੇ ਛਾਤੀ ਦੇ ਕੈਂਸਰ ਦਾ ਪਤਾ ਲਗਾਉਣ ਲਈ ਮੈਡੀਕਲ ਚੈੱਕਅਪ ਕਰਾਉਣਾ ਚਾਹੀਦਾ ਹੈ।
ਨੋਟ : ਇਸ ਆਰਟੀਕਲ ਦਾ ਮਕਸਦ ਤੁਹਾਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਕੋਈ ਵੀ ਸਿਹਤ ਸਬੰਧੀ ਜਾਂਚ ਕਰਵਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।