ਖੱਟੜ ਸਰਕਾਰ ਤਾਂ ਬਚ ਗਈ ਪਰ ਹੁੱਡਾ ਨੇ ਇੱਕ ਤੀਰ ਨਾਲ ਲਾਏ ਕਈ ਨਿਸ਼ਾਨੇ

03/18/2021 12:01:47 PM

ਸੰਜੀਵ ਪਾਂਡੇ

ਕਾਂਗਰਸ ਦਾ ਬੇਭਰੋਸਗੀ ਮਤਾ ਹਰਿਆਣਾ ਵਿਧਾਨ ਸਭਾ ਵਿੱਚ ਡਿੱਗ ਗਿਆ।ਮਨੋਹਰ ਲਾਲ ਖੱਟੜ ਦੀ ਭਾਜਪਾ- ਜਜਪਾ ਸਰਕਾਰ ਬਚ ਗਈ।ਖੱਟੜ ਨੇ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰ ਦਿੱਤਾ।ਕਾਂਗਰਸ ਨੂੰ ਪਤਾ ਸੀ ਕਿ ਉਨ੍ਹਾਂ ਕੋਲ ਮਤੇ ਦੇ ਪੱਖ ਵਿੱਚ ਲੋੜੀਦੀਆਂ ਵੋਟਾਂ ਨਹੀਂ ਹਨ ਪਰ ਇਕ ਰਣਨੀਤੀ ਤਹਿਤ ਵਿਧਾਨ ਸਭਾ ਵਿੱਚ ਬੇਭਰੋਸਗੀ ਮਤਾ ਲਿਆਂਦਾ ਗਿਆ ਸੀ।ਮਨੋਹਰ ਲਾਲ ਖੱਟੜ ਵੀ ਨਿਸਚਿੰਤ ਸਨ।ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਸਰਕਾਰ ਨਹੀਂ ਡਿੱਗੇਗੀ ਕਿਉਂਕਿ ਗਿਣਤੀ ਦੇ ਹਿਸਾਬ ਨਾਲ ਸਰਕਾਰ ਕੋਲ ਲੋੜ ਨਾਲੋਂ ਜ਼ਿਆਦਾ ਸੀਟਾਂ ਸਨ।ਖੱਟੜ ਨੂੰ ਲੱਗਦਾ ਹੈ ਕਿ ਕਾਂਗਰਸ ਨੇ ਬੇਭਰੋਸਗੀ ਦਾ ਮਤਾ ਲਿਆ ਕੇ ਉਨ੍ਹਾਂ ਦੀ ਮਦਦ ਕੀਤੀ ਹੈ।ਸੂਬੇ ਵਿੱਚ ਸੰਦੇਸ਼ ਗਿਆ ਕਿ ਹਰਿਆਣਾ ਸਰਕਾਰ ਮਜ਼ਬੂਤ ਹੈ।ਸਰਕਾਰ ਖ਼ਿਲਾਫ਼ ਲਿਆਂਦੇ ਮਤੇ ਦੇ ਵਿਰੋਧ ਵਿੱਚ 55 ਵਿਧਾਇਕ ਭੁਗਤੇ ਅਤੇ ਮਤੇ ਦੇ ਹੱਕ ਵਿੱਚ 32 ਵਿਧਾਇਕ।ਵੱਡਾ ਸਵਾਲ ਇਹ ਹੈ ਕਿ ਜਦੋਂ ਕਾਂਗਰਸ ਨੂੰ ਪਤਾ ਸੀ ਕਿ ਖੱਟੜ ਸਰਕਾਰ ਨਹੀਂ ਡਿੱਗੇਗੀ ਫਿਰ ਮਤਾ ਕਿਉਂ ਲਿਆਂਦਾ ਗਿਆ?ਕੀ ਹੁੱਡਾ ਨੇ ਮਤਾ ਲਿਆ ਕੇ ਇਹ ਸੰਦੇਸ਼ ਦਿੱਤਾ ਹੈ ਕਿ ਈ.ਡੀ. ਅਤੇ ਸੀ.ਬੀ.ਆਈ. ਜਾਂਚ ਤੋਂ ਨਹੀਂ ਡਰਦੇ?ਕੀ ਹੁੱਡਾ ਨੇ ਅਸਿੱਧੇ  ਢੰਗ ਨਾਲ ਖੱਟੜ ਸਰਕਾਰ ਦੀ ਮਦਦ ਕੀਤੀ ਹੈ?ਦਰਅਸਲ ਭੁਪਿੰਦਰ ਸਿੰਘ ਹੁੱਡਾ ਕਾਂਗਰਸ ਦੇ ਨਵੇਂ ਬਣੇ ਗਰੁੱਪ-23 ਦੇ ਵੀ ਮੈਂਬਰ ਹਨ।ਇੱਕ ਸਚਾਈ ਇਹ ਵੀ ਹੈ ਕਿ ਬਹੁਮਤ ਸਾਬਤ ਕਰਨ ਦੇ ਨਾਲ ਖੱਟੜ ਸਰਕਾਰ ਦਾ ਮਨੋਬਲ ਵਧਿਆ ਹੈ ਪਰ ਕਿਸਾਨਾਂ ਵਿੱਚ ਕਿਰਕਰੀ ਹੋਈ ਹੈ।ਰਾਜਨੀਤਿਕ ਟਿੱਪਣੀਕਾਰ ਇਸ ਮਤੇ ਨੂੰ ਕਈ ਦ੍ਰਿਸ਼ਟੀਕੋਣਾਂ ਤੋਂ ਵੇਖ ਰਹੇ ਹਨ।

ਇਹ ਵੀ ਪੜ੍ਹੋਅੰਦੋਲਨ ਜੇਕਰ ਸਿੱਖ ਕਿਸਾਨਾਂ ਦਾ ਹੈ ਤਾਂ ਪੰਜਾਬ ਦੇ ਸ਼ਹਿਰੀ ਹਿੰਦੂਆਂ ਨੇ ਭਾਜਪਾ ਨੂੰ ਕਿਉਂ ਨਕਾਰਿਆ?

ਮਨੋਹਰ ਲਾਲ ਦੀਆਂ ਸਮੱਸਿਆਵਾਂ
ਸਰਕਾਰ ਬਚਾਉਣ ਦੇ ਬਾਵਜੂਦ ਮਨੋਹਰ ਲਾਲ ਦੀਆਂ ਸਮੱਸਿਆਵਾਂ ਚੰਡੀਗੜ੍ਹ ਤੋਂ ਬਾਹਰ ਹਰਿਆਣਾ ਦੇ ਪੇਂਡੂ ਇਲਾਕਿਆਂ ਵਿੱਚ ਵਧਣਗੀਆਂ।ਕਿਸਾਨਾਂ ਦਾ ਗੁੱਸਾ ਹੋਰ ਵਧੇਗਾ।ਇਹ ਸਚਾਈ ਹੈ ਕਿ ਸੱਤਾ ਵਿੱਚ ਬਣੇ ਰਹਿਣ ਦੇ ਬਾਵਜੂਦ ਖੱਟੜ ਸਰਕਾਰ ਕਿਸਾਨਾਂ ਦੇ ਵਿਰੋਧ ਦੇ ਕਾਰਨ ਚੰਡੀਗੜ੍ਹ ਅਤੇ ਪੰਚਕੂਲਾ ਤੱਕ ਸਿਮਟ ਕੇ ਰਹਿ ਗਈ ਹੈ।ਪੇਂਡੂ ਖੇਤਰਾਂ ਵਿੱਚ ਸਰਕਾਰ ਦੇ ਮੰਤਰੀਆਂ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ।ਮੁੱਖ ਮੰਤਰੀ ਤੱਕ ਪਿੰਡਾਂ ਵਿੱਚ ਜਾਣ ਤੋਂ ਕੰਨੀਂ ਕਤਰਾਉਣ ਲੱਗੇ ਹਨ।ਦੁਸ਼ਿਅੰਤ ਚੌਟਾਲਾ ਜੋ ਸਰਕਾਰ ਦੇ ਸੰਕਟਮੋਚਨ ਬਣੇ ਹੋਏ ਹਨ, ਉਨ੍ਹਾਂ ਪ੍ਰਤੀ ਕਿਸਾਨਾਂ ਦਾ ਰੋਹ ਹੋਰ ਭਖਣ ਲੱਗ ਗਿਆ ਹੈ।ਸੱਤਾ ਮਾਣ ਰਹੇ ਵਿਧਾਇਕ ਵੀ ਇਹ ਗੱਲ ਸਵੀਕਾਰ ਕਰ ਰਹੇ ਹਨ ਕਿ ਉਹ ਆਪਣੇ ਇਲਾਕਿਆਂ ਵਿੱਚ ਜਾ ਨਹੀਂ ਪਾ ਰਹੇ।ਹਾਲ ਹੀ ਵਿੱਚ ਕੇਂਦਰੀ ਮੰਤਰੀ ਰਤਨ ਲਾਲ ਕਟਾਰੀਆ ਨੇ ਕਿਹਾ ਸੀ ਕਿ ਕਿਸਾਨਾਂ ਦੇ ਵਿਰੋਧ ਦੇ ਕਾਰਨ ਵਿਕਾਸ ਦੇ ਕਾਰਜ ਰੁਕ ਗਏ ਹਨ।

ਹੁੱਡਾ ਦੇ ਨਿਸ਼ਾਨੇ 'ਤੇ ਦੁਸ਼ਿਅੰਤ ਚੌਟਾਲਾ
ਮਤਾ ਲਿਆਉਣ ਨੂੰ ਲੈ ਕੇ ਸਿਆਸੀ ਮਾਹਿਰ ਕਹਿੰਦੇ ਹਨ ਕਿ ਹੁੱਡਾ ਨੇ ਇੱਕ ਤੀਰ ਨਾਲ ਕਈ ਸ਼ਿਕਾਰ ਕੀਤੇ ਹਨ।ਉਹ ਕਿਸਾਨਾਂ ਦੇ ਮੁੱਦੇ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਵਿਧਾਨ ਸਭਾ ਵਿੱਚ ਚਰਚਾ ਵਿੱਚ ਲਿਆਉਣਾ ਚਾਹੁੰਦੇ ਸਨ।ਬੇਭਰੋਸਗੀ ਮਤੇ ਦੌਰਾਨ ਖੇਤੀ ਕਾਨੂੰਨਾਂ 'ਤੇ ਜ਼ਬਰਦਸਤ ਸੰਵਾਦ ਹੋਇਆ।ਕਾਂਗਰਸ ਨੂੰ ਲੱਗਦਾ ਹੈ ਕਿ ਇਸੇ ਚਰਚਾ ਕਾਰਨ ਹਰਿਆਣਾ ਦੇ ਪੇਂਡੂ ਖੇਤਰਾਂ ਵਿੱਚ ਕਾਂਗਰਸ ਨੂੰ ਲਾਭ ਮਿਲੇਗਾ।ਇਸਦੇ ਨਾਲ ਹੀ ਹੁੱਡਾ ਵਿਧਾਨ ਸਭਾ ਵਿੱਚ ਚਰਚਾ ਕਰਵਾ ਕੇ ਬੀਜੇਪੀ ਨੂੰ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਸਾਬਤ ਕਰਨਾ ਚਾਹੁੰਦੇ ਸਨ। ਹੁੱਡਾ ਦੇ ਨਿਸ਼ਾਨੇ 'ਤੇ ਮੁੱਖ ਰੂਪ ਵਿੱਚ ਦੁਸ਼ਿਅੰਤ ਚੌਟਾਲਾ ਸਨ। ਹੁੱਡਾ ਅਤੇ ਦੁਸ਼ਿਅੰਤ ਚੌਟਾਲਾ ਦੋਵੇਂ ਜਾਟ ਹਨ।ਦੋਵੇਂ ਹਰਿਆਣਾ ਵਿੱਚ ਜਾਟ ਵੋਟਾਂ ਦੀ ਰਾਜਨੀਤੀ ਕਰਦੇ ਹਨ। ਹੁੱਡਾ ਸਰਕਾਰ ਦੇ ਖ਼ਿਲਾਫ਼ ਮਤਾ ਲਿਆ ਕੇ ਦੁਸ਼ਿਅੰਤ ਨੂੰ ਪੂਰੀ ਤਰ੍ਹਾਂ ਨਸ਼ਰ ਕਰਨਾ ਚਾਹੁੰਦੇ ਸਨ ਅਤੇ ਉਹ ਕਾਮਯਾਬ ਵੀ ਹੋਏ।ਹੁੱਡਾ ਨੂੰ ਪਤਾ ਸੀ ਕਿ ਦੁਸ਼ਿਅੰਤ ਚੌਟਾਲਾ ਸਰਕਾਰ ਦੇ ਖ਼ਿਲਾਫ਼ ਨਹੀਂ ਜਾਣਗੇ, ਸੱਤਾ ਦਾ ਸਾਥ ਨਹੀਂ ਛੱਡਣਗੇ। ਹੁੱਡਾ ਨੂੰ ਇਹ ਵੀ ਪਤਾ ਸੀ ਕਿ ਦੁਸ਼ਿਅੰਤ ਚੌਟਾਲਾ ਤੋਂ  ਬਾਗ਼ੀ ਹੋ ਰਹੇ ਕਈ ਵਿਧਾਇਕ ਵੀ ਆਪਣੀ ਕੁਰਸੀ ਬਚਾਉਣ ਲਈ ਡਰਦੇ ਮਾਰੇ ਖੱਟੜ ਸਰਕਾਰ ਦਾ ਸਾਥ ਹੀ ਦੇਣਗੇ।

ਇਹ ਵੀ ਪੜ੍ਹੋ:ਪੱਛਮੀ ਬੰਗਾਲ ਚੋਣਾਂ: ਜਾਣੋ ਭਾਜਪਾ ਨੂੰ ਕਿਸਦਾ ਸਹਾਰਾ, ਮਮਤਾ ਬੈਨਰਜੀ ਨੂੰ ਕਿਉਂ ਹੈ ਅਤਿ-ਵਿਸ਼ਵਾਸ

ਇੰਝ ਰਣਨੀਤੀ ਵਿੱਚ ਕਾਮਯਾਬ ਹੋਏ ਹੁੱਡਾ 
ਦਰਅਸਲ ਹੁੱਡਾ ਚਾਹੁੰਦੇ ਸਨ ਕਿ ਵਿਸ਼ਵਾਸ ਮੱਤ ਦੇ ਦੌਰਾਨ ਕਿਸੇ ਵੀ ਕੀਮਤ 'ਤੇ ਦੁਸ਼ਿਅੰਤ ਚੌਟਾਲਾ ਸਰਕਾਰ ਦਾ ਸਾਥ ਦਵੇ ਤਾਂ ਕਿ ਉਸ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਹੋਰ ਭੜਕੇ।ਹੁੱਡਾ ਜਾਟ ਕਿਸਾਨਾਂ ਵਿੱਚ ਦੁਸ਼ਿਅੰਤ ਨੂੰ ਜਾਟ ਵਿਰੋਧੀ ਸਾਬਤ ਕਰਨ ਵਿੱਚ ਲੱਗਿਆ ਹੋਇਆ ਹੈ।ਚੌਟਾਲਾ ਪਰਿਵਾਰ ਸ਼ੁਰੂ ਤੋਂ ਹੀ ਹਰਿਆਣਾ ਦੇ ਬਾਂਗਰ ਇਲਾਕੇ ਦੇ ਜਾਟਾਂ ਦੀ ਰਾਜਨੀਤੀ ਕਰਦਾ ਹੈ।ਬਾਂਗਰ ਦੇ ਜਾਟਾਂ ਦੇ ਸਮਰਥਨ ਨਾਲ ਦੁਸ਼ਿਅੰਤ ਚੌਟਾਲਾ ਦੇ ਕੁਝ ਵਿਧਾਇਕ ਵਿਧਾਨਸਭਾ ਵਿੱਚ ਪਹੁੰਚੇ ਸਨ।ਖ਼ੁਦ ਦੁਸ਼ਿਅੰਤ ਅਤੇ ਉਸਦੀ ਮਾਂ ਜਾਟ ਕਿਸਾਨਾਂ ਦੀ ਮਦਦ ਨਾਲ  ਹੀ ਵਿਧਾਇਕ ਬਣੇ ਸਨ।ਹੁੱਡਾ ਚਾਹੁੰਦੇ ਹਨ ਕਿ ਅਗਲੀਆਂ ਵਿਧਾਨਸਭਾ ਚੋਣਾਂ ਤੱਕ ਦੁਸ਼ਿਅੰਤ ਚੌਟਾਲਾ ਹਰਿਆਣਾ ਦੀ ਰਾਜਨੀਤੀ ਵਿੱਚੋਂ ਪੂਰੀ ਤਰ੍ਹਾਂ ਸਾਫ਼ ਹੋ ਜਾਵੇ।ਦੁਸ਼ਿਅੰਤ ਕੋਲ ਸ਼ਹਿਰੀ ਵੋਟ ਬਿਲਕੁਲ ਨਹੀਂ ਹੈ।ਕਿਸਾਨ ਅੰਦੋਲਨ ਦੀ ਸ਼ੁਰੂਆਤ ਮੌਕੇ ਹੀ ਦੁਸ਼ਿਅੰਤ ਚੌਟਾਲਾ 'ਤੇ ਸਰਕਾਰ ਵਿੱਚੋਂ ਬਾਹਰ ਨਿਕਲਣ ਲਈ ਦਬਾਅ ਪੈਣਾ ਸ਼ੁਰੂ ਹੋ ਗਿਆ ਸੀ ਪਰ ਉਹ ਸੱਤਾ ਨਾਲ ਜੁੜੇ ਰਹੇ।ਹੁਣ ਮਤੇ ਦੌਰਾਨ ਮਨੋਹਰ ਲਾਲ ਖੱਟੜ ਦਾ ਸੰਕਟ ਮੋਚਨ ਬਣ ਦੁਸ਼ਿਅੰਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਸਨੂੰ ਆਪਣੇ ਵੋਟਰਾਂ, ਸਮਰਥਕਾਂ ਨਾਲੋਂ ਜ਼ਿਆਦਾ ਸੱਤਾ ਦੀ ਮਲਾਈ ਪਸੰਦ ਹੈ।ਹੁੱਡਾ ਇਹੀ ਚਾਹੁੰਦੇ ਸਨ, ਉਹ ਆਪਣੀ ਰਣਨੀਤੀ ਵਿੱਚ ਕਾਮਯਾਬ ਵੀ ਹੋਏ।
ਨੋਟ: ਕੀ ਵਾਕਿਆ ਹੀ ਭੁਪਿੰਦਰ ਸਿੰਘ ਹੁੱਡਾ ਦੀ ਰਣਨੀਤੀ ਕਾਮਯਾਬ ਹੋਈ ਹੈ?ਕੁਮੈਂਟ ਕਰਕੇ ਦਿਓ ਆਪਣੀ ਰਾਏ

 


Harnek Seechewal

Content Editor

Related News