ਪਾਕਿਸਤਾਨ ’ਚ ਹਿੰਦੂ ਭਾਈਚਾਰੇ ਦੇ ਮੁਖੀ, ਪੁੱਤ ਅਤੇ ਡਰਾਈਵਰ ਨੂੰ ਕੀਤਾ ਅਗਵਾ

06/23/2023 10:26:51 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਜ਼ਿਲ੍ਹਾ ਸੁਕੁਰ ’ਚ ਹਿੰਦੂ ਭਾਈਚਾਰੇ ਦੇ ਮੁਖੀ ਸਮੇਤ ਉਸ ਦੇ 10 ਸਾਲਾ ਪੁੱਤ ਅਤੇ ਕਾਰ ਡਰਾਈਵਰ ਨੂੰ ਹਥਿਆਰਬੰਦ ਡਾਕੂਆਂ ਨੇ ਉਸ ਸਮੇਂ ਅਗਵਾ ਕਰ ਲਿਆ, ਜਦੋਂ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਬਧਾਨੀ ਜਾ ਰਹੇ ਸਨ। ਉਨ੍ਹਾਂ ਦੇ ਅਗਵਾ ਹੋਣ ਦਾ ਸਮਾਚਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਅੱਗ ਵਾਂਗ ਫੈਲ ਗਿਆ ਅਤੇ ਨੇਤਾਵਾਂ ਨੇ ਉਨ੍ਹਾਂ ਦੀ ਰਿਹਾਈ ਲਈ ਸਰਕਾਰ ਤੋਂ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ। ਸੂਤਰਾਂ ਅਨੁਸਾਰ ਹਿੰਦੂ ਫਿਰਕੇ ਦੇ ਮੁਖੀ ਜਗਦੀ਼ਸ਼ ਕੁਮਾਰ, ਉਸ ਦਾ ਭਰਾ ਜੈਦੀਪ ਅਤੇ ਉਨ੍ਹਾਂ ਦੇ ਕਾਰ ਚਾਲਕ ਹਰਿ ਰਾਮ ਨੂੰ ਬੀਤੀ ਸ਼ਾਮ ਅਗਵਾ ਕੀਤਾ ਗਿਆ।

ਲੋਕਾਂ ਨੂੰ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਗੁੱਡੂ ਲਿੰਕ ਰੋਡ ’ਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਜਗਦੀਸ਼ ਕੁਮਾਰ ਅਤੇ ਉਸ ਦੇ ਲੜਕੇ ਤੇ ਕਾਰ ਡਰਾਈਵਰ ਦੀ ਸੁਰੱਖਿਅਤ ਵਾਪਸੀ ਦੀ ਮੰਗ ਕੀਤੀ। ਪੁਲਸ ਨੂੰ ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ ਤਾਂ ਪੁਲਸ ਨੇ ਕਸ਼ਮੀਰ ਦੇ ਕੱਚੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਕਿਉਂਕਿ ਪੁਲਸ ਨੂੰ ਸ਼ੱਕ ਹੈ ਕਿ ਕੁਝ ਡਾਕੂ ਇਨ੍ਹਾਂ ਤਿੰਨਾਂ ਨੂੰ ਅਗਵਾ ਕਰਕੇ ਇਸ ਇਲਾਕੇ ’ਚ ਲੈ ਗਏ ਹਨ। ਸੂਤਰਾਂ ਅਨੁਸਾਰ ਜਗਦੀਸ਼ ਕੁਮਾਰ ਦਾ ਸੁਕੁਰ ਇਲਾਕੇ ਵਿਚ ਬਹੁਤ ਪ੍ਰਭਾਵ ਹੈ ਅਤੇ ਹਿੰਦੂ ਫਿਰਕੇ ਦੇ ਲੋਕ ਉਸ ਨੂੰ ਆਪਣਾ ਮੁਖੀਆਂ ਮੰਨਦੇ ਹਨ। ਉਹ ਇਕ ਵੱਡਾ ਵਪਾਰੀ ਵੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਸ ਦਾ ਅਤੇ ਉਸ ਦੇ ਪੁੱਤ ਦਾ ਅਗਵਾ ਪੈਸਿਆਂ ਲਈ ਕੀਤਾ ਗਿਆ ਹੈ।


Manoj

Content Editor

Related News