ਕਿਸਾਨਾਂ ਦਾ ਰੁਝਾਨ ਬਦਲਣ ’ਚ ਸਫਲ ਰਹੀ ‘ਕਪਿਲ ਬਹਿਲ’ ਦੀ ਰਣਨੀਤੀ
Sunday, Jun 21, 2020 - 10:00 AM (IST)
ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਇਸ ਸਾਲ ਝੋਨੇ ਦੀ ਲਵਾਈ ਲਈ ਲੇਬਰ ਦੀ ਘਾਟ ਦੇ ਚਲਦਿਆਂ ਬੇਸ਼ੱਕ ਕਈ ਕਿਸਾਨ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਪਰ ਉਸ ਦੇ ਉਲਟ ਗੁਰਦਾਸਪੁਰ ਨਾਲ ਸਬੰਧਤ ਉੱਘੇ ਕਿਸਾਨ ਕਪਿਲ ਬਹਿਲ ਨੇ ਆਪਣੇ ਨਿੱਜੀ ਤਜ਼ਰਬਿਆਂ ਅਤੇ ਸਖ਼ਤ ਮਿਹਨਤ ਦੀ ਬਦੌਲਤ ਨਾ ਸਿਰਫ ਝੋਨੇ ਦੀ ਲਵਾਈ ਦੀਆਂ ਨਵੀਂਆਂ ਤਕਨੀਕਾਂ ਨੂੰ ਸਫਲ ਬਣਾ ਕੇ ਦੱਸਿਆ ਹੈ ਸਗੋਂ ਇਸ ਅਗਾਂਹ ਵਧੂ ਕਿਸਾਨ ਨੇ ‘ਪੈਡੀ ਟਰਾਂਸਪਲਾਂਟਰ’ ਰਾਹੀਂ ਝੋਨੇ ਦੀ ਲਵਾਈ ਕਰਨ ਦੇ ਕੰਮ ਨੂੰ ਆਮਦਨ ਦਾ ਸ੍ਰੋਤ ਬਣਾਕੇ ਹੋਰ ਕਿਸਾਨਾਂ ਨੂੰ ਨਵੀਂ ਸੇਧ ਦਿੱਤੀ ਹੈ।
ਲਗਾਤਾਰ ਮਿਲ ਰਹੇ ਹਨ ਵਧੀਆ ਨਤੀਜੇ
ਗੁਰਦਾਸਪੁਰ ਨੇੜਲੇ ਪਿੰਡ ਹਯਾਤਨਗਰ ਨਾਲ ਸਬੰਧਤ ਉੱਘੇ ਕਿਸਾਨ ਕਪਿਲ ਬਹਿਲ ਅਤੇ ਉਨ੍ਹਾਂ ਦੇ ਪਿਤਾ ਕੇਸ਼ਵ ਬਹਿਲ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਉਹ ਝੋਨੇ ਦੀ ਲਵਾਈ ਪੈਡੀ ਟਰਾਂਸਪਲਾਂਟਰ ਨਾਲ ਕਰ ਰਹੇ ਹਨ। ਇਨਾਂ 10 ਸਾਲਾਂ ਦੌਰਾਨ ਉਨ੍ਹਾਂ ਨੂੰ ਕਦੇ ਵੀ ਕੋਈ ਮੁਸ਼ਕਲ ਨਹੀਂ ਆਈ ਅਤੇ ਹਰੇਕ ਸਾਲ ਝੋਨੇ ਦੀ ਚੰਗੀ ਪੈਦਾਵਾਰ ਨਿਕਲਦੀ ਹੈ। ਉਨ੍ਹਾਂ ਕਿਹਾ ਕਿ ਜਾਪਾਨ ਦੀ ਵਧੀਆ ਮਸ਼ੀਨ ਲਿਆ ਕੇ ਉਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਅਤੇ ਮਸ਼ੀਨ ਦੀ ਕਾਰਗੁਜ਼ਾਰੀ ਵੀ ਵਧੀਆ ਰਹਿਣ ਕਾਰਣ ਉਨ੍ਹਾਂ ਨੇ ਹਰ ਸਾਲ ਇਸ ਮਸ਼ੀਨ ਨਾਲ ਸਫਲਤਾਪੂਰਵਕ ਝੋਨੇ ਦੀ ਲਵਾਈ ਕੀਤੀ ਹੈ।
ਆਲਮੀ ਪਿਤਾ ਦਿਹਾੜੇ 'ਤੇ ਵਿਸ਼ੇਸ਼ : ‘ਪਿਤਾ ਦਾ ਪਰਛਾਵਾਂ ਘਣਛਾਵੇ ਬੂਟੇ ਤੋਂ ਘੱਟ ਨਹੀਂ ਹੁੰਦਾ’
ਹੋਰ ਕਿਸਾਨ ਦਾ ਰੁਝਾਨ ਵੀ ਬਦਲਿਆ
ਕਪਿਲ ਬਹਿਲ ਨੇ ਦੱਸਿਆ ਕਿ ਅਕਸਰ ਕਿਸਾਨ ਇਹ ਸਮਝਦੇ ਰਹੇ ਹਨ ਕਿ ਪੈਡੀ ਟਰਾਂਸਪਲਾਂਟਰ ਜਿਆਦਾ ਕਾਮਯਾਬ ਨਹੀਂ ਹਨ ਜਿਸ ਦੇ ਚਲਦਿਆਂ ਸ਼ੁਰੂਆਤੀ ਦੌਰ ਵਿਚ ਜਿਹੜੇ ਕਿਸਾਨਾਂ ਨੇ ਪੈਡੀ ਟਰਾਂਸਪਲਾਂਟਰ ਖਰੀਦੇ ਸਨ। ਉਨ੍ਹਾਂ ਨੇ ਵੀ ਬਾਅਦ ਵਿਚ ਇਨਾਂ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ। ਪਰ ਹੁਣ ਅਨੇਕਾਂ ਕਿਸਾਨਾਂ ਨੇ ਉਨਾਂ ਵੱਲ ਦੇਖ ਕੇ ਮੁੜ ਪੈਡੀ ਟਰਾਂਸਪਲਾਂਟਰਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ।
ਪਨੀਰੀ ਤਿਆਰ ਕਰਨ ਦੇ ਸਹੀ ਤਰੀਕੇ ਤੋਂ ਅਣਜਾਣ ਹਨ ਜ਼ਿਆਦਾਤਰ ਕਿਸਾਨ
ਕਪਿਲ ਬਹਿਲ ਨੇ ਦੱਸਿਆ ਕਿ ਆਮ ਤੌਰ ਚੰਗੀ ਕਿਸਮ ਦੀਆਂ ਸਾਰੀਆਂ ਮਸ਼ੀਨਾਂ ਵਧੀਆ ਕੰਮ ਕਰਦੀਆਂ ਹਨ। ਉਨਾਂ ਕਿਹਾ ਕਿ ਇਕ ਮਸ਼ੀਨ ਨਾਲ ਝੋਨਾ ਲਗਾਉਣ ਲਈ ਸਿਰਫ ਇਕ ਵਿਅਕਤੀ ਦੀ ਲੋੜ ਹੁੰਦੀ ਹੈ ਅਤੇ ਮੈਨੂਅਲ ਮਸ਼ੀਨ ਨਾਲ ਇਕ ਦਿਨ ਵਿਚ ਤਿੰਨ ਏਕੜ ਦੇ ਕਰੀਬ ਝੋਨਾ ਲਗਾਇਆ ਜਾ ਸਕਦਾ ਹੈ। ਉਨਾਂ ਦੱਸਿ ਆਕਿ ਮਸ਼ੀਨ ਨਾਲ ਲਗਾਏ ਗਏ ਝੋਨੇ ਦੀ ਪੈਦਾਵਾਰ ਵੀ ਵਧੀਆ ਨਿਕਲਦੀ ਹੈ। ਪਰ ਕਈ ਕਿਸਾਨਾਂ ਨੂੰ ਇਸ ਮਸ਼ੀਨ ਨਾਲ ਝੋਨਾ ਲਗਾਉਣ ਲਈ ਮੈਟ ਟਾਈਪ ਪਨੀਰੀ ਤਿਆਰ ਕਰਨੀ ਨਹੀਂ ਆਉਂਦੀ ਜਿਸ ਕਾਰਣ ਮਸ਼ੀਨ ਨਾਲ ਝੋਨੇ ਦੀ ਲਵਾਈ ਮੇਕੇ ਕਈ ਵਾਰ ਜਗਾ ਖਾਲੀ ਰਹਿ ਜਾਂਦੀ ਹੈ। ਪਰ ਜੇਕਰ ਕਿਸਾਨ ਸਹੀ ਢੰਗ ਨਾਲ ਸਿਖਲਾਈ ਲੈ ਕੇ ਮੈਟ ਟਾਈਪ ਪਨੀਰੀ ਤਿਆਰ ਕਰਨ ਲੈਣ ਤਾਂ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਇਸ ਵਿਧੀ ਰਾਹੀਂ ਪਨੀਰੀ ਤਿਆਰ ਕਰਨ ਲਈ ਏਕੜ ਲਈ ਘੱਟੋ ਘੱਟ 10 ਕਿਲੋ ਬੀਜ ਦੀ ਲੋੜ ਪੈਂਦੀ ਹੈ ਅਤੇ ਬਿਜਾਈ ਦੇ 21 ਦਿਨਾਂ ਬਾਅਦ ਹੀ ਪਨੀਰੀ ਲਗਾਈ ਜਾ ਸਕਦੀ ਹੈ।
ਆਲਮੀ ਯੋਗ ਦਿਹਾੜਾ : ਮਨ ਅਤੇ ਆਤਮਾ ਦਾ ਸੁਮੇਲ ਮਨੁੱਖੀ ਸਰੀਰ
ਆਮਦਨ ਦਾ ਜ਼ਰੀਆ ਬਣੀ ਸਖ਼ਤ ਮਿਹਨਤ
ਉਨ੍ਹਾਂ ਦੱਸਿਆ ਕਿ ਜਦੋਂ ਸ਼ੁਰੂਆਤੀ ਦੌਰ ਵਿਚ ਉਨਾਂ ਨੇ ਪੈਡੀ ਟਰਾਂਸਪਲਾਂਟਰ ਨਾਲ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਹੋਰ ਵੀ ਕਈ ਕਿਸਾਨ ਉਨ੍ਹਾਂ ਕੋਲ ਆਉਂਦੇ ਸਨ। ਉਸ ਮੌਕੇ ਉਸ ਨੇ ਕੁਝ ਹੋਰ ਕਿਸਾਨਾਂ ਕੋਲੋਂ ਬੀਜ ਲੈ ਕੇ ਉਨ੍ਹਾਂ ਦੀ ਪਨੀਰੀ ਤਿਆਰ ਕਰ ਕੇ ਦੇਣੀ ਸ਼ੁਰੂ ਕਰ ਦਿੱਤੀ ਸੀ। ਪਰ ਹੁਣ ਅਜਿਹੇ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਣ ਉਸਨੇ ਕੁਝ ਵਾਜ਼ਬ ਕੀਮਤ (ਖਰਚੇ) ਲੈ ਕੇ ਹੋਰ ਕਿਸਾਨਾਂ ਦੀ ਪਨੀਰੀ ਤਿਆਰ ਕਰ ਕੇ ਖੇਤ ਵਿਚ ਮਸ਼ੀਨ ਨਾਲ ਲਗਾਉਣ ਤੱਕ ਦਾ ਸਾਰਾ ਕੰਮ ਕਰਵਾਉਣਾ
ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਸਿਰਫ ਉਸ ਨੂੰ ਬੀਜ ਮੁਹੱਇਆ ਕਰਵਾਉਂਦੇ ਹਨ ਜਿਸ ਦੇ ਬਾਅਦ ਉਹ ਖੁਦ ਹੀ ਆਪਣੇ ਫਾਰਮ ’ਤੇ ਪਨੀਰੀ ਤਿਆਰ ਕਰਦੇ ਹਨ ਅਤੇ ਖੁਦ ਆਪਣੀ ਮਸ਼ੀਨ ਅਤੇ ਇਕ ਵਿਅਕਤੀ ਭੇਜ ਕੇ ਕਿਸਾਨ ਦੇ ਖੇਤ ਵਿਚ ਝੋਨੇ ਦੀ ਲਵਾਈ ਕਰਵਾ ਦਿੰਦੇ ਹਨ। ਇਸ ਕੰਮ ਲਈ ਉਹ ਕਿਸਾਨ ਕੋਲੋਂ ਬਹੁਤ ਵਾਜ਼ਬ ਕੀਮਤ ਲੈਂਦੇ ਹਨ ਜੋ ਝੋਨੇ ਦੀ ਲਵਾਈ ਲਈ ਲੇਬਰ ਦਿੱਤੇ ਜਾਣ ਵਾਲੇ ਖਰਚੇ ਦੇ ਆਸ ਪਾਸ ਹੀ ਹੁੰਦੀ ਹੈ। ਇਸ ਨਾਲ ਉਨਾਂ ਨੂੰ ਆਮਦਨ ਵੀ ਹੋ ਜਾਂਦੀ ਹੈ ਅਤੇ ਕਿਸਾਨਾਂ ਨੂੰ ਘੱਟ ਪੈਸੇ ਵਿਚ ਵੀ ਝੋਨੇ ਦੀ ਲਵਾਈ ਕਰਵਾਉਣ ਦੀ ਸਹੂਲਤ ਮਿਲ ਜਾਂਦੀ ਹੈ।
ਬੱਚਿਆਂ ਦੀ ਫ਼ਿਕਰ ਕਰਨ ਵਾਲੇ ਮਾਂ ਬਾਪ ਨੂੰ ਸਮਰਪਿਤ
ਕੀ ਕਹਿਣਾ ਹੈ ਕਿਸਾਨ ਦਾ
ਪਿਛਲੇ ਸਾਲ ਕਪਿਲ ਬਹਿਲ ਨਾਲ ਸੰਪਰਕ ਕਰ ਕੇ ਇਕ ਏਕੜ ਖੇਤ ’ਚ ਪੈਡੀ ਟਰਾਂਸਪਲਾਂਟਰ ਦੀ ਮਦਦ ਨਾਲ ਝੋਨੇ ਦੀ ਲਵਾਈ ਕਰਨ ਵਾਲੇ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਦਲੀਪ ਵਾਸੀ ਹਯਾਤਨਗਰ ਨੇ ਦੱਸਿਆ ਕਿ ਇਹ ਤਜ਼ਰਬਾ ਬਹੁਤ ਸਫਲ ਰਿਹਾ ਸੀ ਜਿਸ ਦੇ ਬਾਅਦ ਇਸ ਸਾਲ ਉਨਾਂ ਨੇ ਕਰੀਬ 4 ਏਕੜ ਰਕਬੇ ਦੀ ਪਨੀਰੀ ਤਿਆਰ ਕਰਵਾ ਕੇ ਆਪਣੇ ਖੇਤਾਂ ਵਿਚ ਪੈਡੀ ਟਰਾਂਸਪਲਾਂਟਰ ਨਾਲ ਝੋਨੇ ਦੀ ਲਵਾਈ ਕਰਵਾਈ ਹੈ। ਇਸ ਨਾਲ ਉਸ ਦਾ ਖਰਚਾ ਵੀ ਘੱਟ ਹੋਇਆ ਹੈ ਅਤੇ ਸਿਰਦਰਦੀ ਵੀ ਕਾਫੀ ਘੱਟ ਗਈ।
ਕੀ ਕਹਿਣਾ ਹੈ ਖੇਤੀ ਅਧਿਕਾਰੀਆਂ ਦਾ
ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਕਿਹਾ ਕਿ ਜਿਹੜੇ ਕਿਸਾਨ ਖੇਤੀ ਵਿਗਿਆਨੀਆਂ ਦੀ ਸਲਾਹ ਲੈ ਕੇ ਪੈਡੀ ਟਰਾਂਸਪਲਾਂਟਰ ਨਾਲ ਝੋਨੇ ਦੀ ਲਵਾਈ ਕਰਦੇ ਆ ਰਹੇ ਹਨ, ਉਹ ਝੋਨੇ ਦੀ ਚੰਗੀ ਪੈਦਾਵਾਰ ਵੀ ਲੈ ਰਹੇ ਹਨ ਅਤੇ ਲੇਬਰ ਦੀ ਘਾਟ ਸਬੰਧੀ ਸਮੱਸਿਆ ਤੋਂ ਵੀ ਬਚੇ ਹੋਏ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਇਸ ਸਾਲ ਬਹੁਤ ਸਾਰੇ ਕਿਸਾਨਾਂ ਨੂੰ ਸਿਖਲਾਈ ਦੇ ਕੇ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਅਤੇ ਨਾਲ ਹੀ ਇਸ ਸਾਲ ਮੈਟ ਵਿਧੀ ਰਾਹੀਂ ਪਨੀਰੀ ਤਿਆਰ ਕਰਵਾ ਕੇ ਪੈਡੀ ਟਰਾਂਸਪਲਾਂਟਰਾਂ ਰਾਹੀਂ ਵੀ ਝੋਨੇ ਦੀ ਕਾਸ਼ਤ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੋਰ ਕਿਸਾਨਾਂ ਨੂੰ ਵੀ ਕਪਿਲ ਬਹਿਲ ਵਰਗੇ ਕਿਸਾਨਾਂ ਤੋਂ ਸੇਧ ਲੈਣ ਦੀ ਲੋੜ ਹੈ।