ਬੰਦ ਹੋ ਰਿਹੈ 20 ਸਾਲ ਪੁਰਾਣਾ ਸੋਸ਼ਲ ਮੀਡੀਆ ਪਲੇਟਫਾਰਮ Yahoo ਗਰੁੱਪ, ਇਹ ਹੈ ਕਾਰਨ
Tuesday, Oct 13, 2020 - 07:33 PM (IST)
ਨਵੀਂ ਦਿੱਲੀ - ਪਿਛਲੇ ਕਈ ਸਾਲਾਂ ਤੋਂ ਘੱਟ ਯੂਜ਼ ਹੋਣ ਕਾਰਨ ਹੁਣ ਯਾਹੂ ਗਰੁੱਪ 15 ਦਸੰਬਰ ਤੋਂ ਬੰਦ ਹੋ ਜਾਵੇਗਾ। 2017 'ਚ ਯਾਹੂ ਨੂੰ ਖਰੀਦਣ ਵਾਲੇ ਵੈਰੀਜੋਨ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਯਾਹੂ ਵੈੱਬ 'ਤੇ ਆਪਣੇ ਸਮੇਂ ਦਾ ਸਭ ਤੋਂ ਵੱਡਾ ਮੈਸੇਜ ਬੋਰਡ ਸਿਸਟਮ ਰਿਹਾ ਹੈ। ਇਸਦਾ ਇਹ ਸਫ਼ਰ ਹੁਣ ਇਸ ਸਾਲ ਦੇ ਅੰਤ 'ਚ ਖ਼ਤਮ ਹੋ ਜਾਵੇਗਾ।
ਕੰਪਨੀ ਨੇ ਕੀ ਕਿਹਾ?
ਕੰਪਨੀ ਨੇ ਆਪਣੇ ਮੈਸੇਜ 'ਚ ਲਿਖਿਆ ਕਿ ਯਾਹੂ ਗਰੁੱਪ ਨੂੰ ਵਰਤੋ 'ਚ ਲਗਾਤਾਰ ਗਿਰਾਵਟ ਦਿਖੀ ਹੈ। ਇਸ ਦੌਰਾਨ ਅਸੀਂ ਇਹ ਵੀ ਦੇਖਿਆ ਕਿ ਗਾਹਕ ਪ੍ਰੀਮੀਅਮ ਅਤੇ ਭਰੋਸੇਮੰਦ ਸਮੱਗਰੀ ਚਾਹੁੰਦੇ ਹਨ। ਹਾਲਾਂਕਿ ਅਜਿਹਾ ਫ਼ੈਸਲਾ ਕਰਨਾ ਕਦੇ ਵੀ ਆਸਾਨ ਨਹੀਂ ਹੁੰਦਾ ਹੈ। ਸਾਨੂੰ ਕਦੇ-ਕਦੇ ਉਨ੍ਹਾਂ ਉਤਪਾਦਾਂ ਬਾਰੇ ਔਖਾ ਫ਼ੈਸਲਾ ਲੈਣਾ ਚਾਹੀਦਾ ਹੈ ਜੋ ਕਿ ਲੰਬੇ ਸਮੇਂ ਮਾਰਕਟਿੰਗ ਰਣਨੀਤੀ ਲਈ ਠੀਕ ਨਹੀਂ ਹਨ। ਹੁਣ ਅਸੀਂ ਪੇਸ਼ੇ ਦੇ ਹੋਰ ਖੇਤਰਾਂ 'ਤੇ ਆਪਣਾ ਧਿਆਨ ਕੇਂਦਰਿਤ ਕਰਾਂਗੇ।
ਹੁਣ ਈ-ਮੇਲ ਭੇਜ ਸਕਦੇ ਹਾਂ ਜਾਂ ਨਹੀਂ?
ਕੰਪਨੀ ਨੇ ਕਿਹਾ ਕਿ ਤੁਹਾਡੇ ਵੱਲੋਂ ਭੇਜੇ ਗਏ ਅਤੇ ਪ੍ਰਾਪਤ ਕੀਤੇ ਗਏ ਈ-ਮੇਲ ਤੁਹਾਡੇ ਈ-ਮੇਲ 'ਚ ਰਹਿਣਗੇ, ਪਰ 15 ਦਸੰਬਰ ਤੋਂ ਗਰੁੱਪ ਮੈਂਬਰਾਂ ਨੂੰ ਮੇਲ ਭੇਜਣਾ ਅਤੇ ਪ੍ਰਾਪਤ ਕਰਨਾ ਸੰਭਵ ਨਹੀਂ ਹੋਵੇਗਾ। ਅਮਰੀਕੀ ਵਾਇਰਲੈਸ ਕਮਿਉਨੀਕੇਸ਼ਨ ਸਰਵਿਸ ਪ੍ਰੋਵਾਈਡਰ ਵੈਰੀਜੋਨ ਨੇ 2017 'ਚ ਯਾਹੂ ਦੇ ਇੰਟਰਨੈਟ ਕੰਮ-ਕਾਜ ਨੂੰ 4.8 ਬਿਲੀਅਨ ਡਾਲਰ 'ਚ ਖਰੀਦਿਆ ਸੀ। ਯਾਹੂ ਗਰੁੱਪ ਸਰਵਿਸ 2001 'ਚ ਸ਼ੁਰੂ ਕੀਤੀ ਗਈ ਸੀ।