WhatsApp 'ਚ ਆ ਰਿਹਾ ਸ਼ਾਨਦਾਰ ਫੀਚਰ, ਸੈਲੇਬ੍ਰਿਟੀ ਦੀ ਆਵਾਜ਼ 'ਚ Meta AI ਨਾਲ ਕਰ ਸਕੋਗੇ ਗੱਲ
Friday, Sep 13, 2024 - 05:24 PM (IST)
ਗੈਜੇਟ ਡੈਸਕ- ਪਿਛਲੇ ਦਿਨੀਂ ਹੀ ਖਬਰ ਆਈ ਸੀ ਕਿ ਵਟਸਐਪ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਦੇ ਆਉਣ ਤੋਂ ਬਾਅਦ ਵਟਸਐਪ ਯੂਜ਼ਰਜ਼ ਮੈਟਾ ਏ.ਆਈ. ਰਾਹੀਂ ਵੌਇਸ ਮੋਡ 'ਚ ਵੀ ਸਵਾਲ-ਜਵਾਬ ਕਰ ਸਕਣਗੇ। ਹੁਣ ਖਬਰ ਹੈ ਕਿ ਮੈਟਾ ਏ.ਆਈ. ਦੇ ਨਾਲ ਸੈਲੇਬ੍ਰਿਟੀ ਵੌਇਸ ਦਾ ਸਪੋਰਟ ਮਿਲੇਗਾ ਯਾਨੀ ਮੈਟਾ ਏ.ਆਈ. ਕਿਸੇ ਸੈਲੇਬ੍ਰਿਟੀ ਦੀ ਆਵਾਜ਼ 'ਚ ਤੁਹਾਡੇ ਨਾਲ ਗੱਲਾਂ ਕਰੇਗਾ ਅਤੇ ਤੁਹਾਡੇ ਸਵਾਲਾਂ ਦੇ ਜਵਾਬ ਦੇਵੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਚੁਣਨ ਦਾ ਆਪਸ਼ਨ ਯੂਜ਼ਰਜ਼ ਕੋਲ ਹੋਵੇਗਾ ਯਾਨੀ ਯੂਜ਼ਰਜ਼ ਇਹ ਤੈਅ ਕਰ ਸਕਣਗੇ ਕਿ ਉਹ ਕਿਸ ਸੈਲੇਬ੍ਰਿਟੀ ਦੀ ਆਵਾਜ਼ 'ਚ ਮੈਟਾ ਏ.ਆਈ. ਦਾ ਇਸਤੇਮਾਲ ਕਰਨਾ ਚਾਹੁੰਦੇ ਹਨ।
ਰਿਪੋਰਟ ਮੁਤਾਬਕ, ਵਟਸਐਪ ਦੇ ਇਸ ਨਵੇਂ ਫੀਚਰ ਦੀ ਫਿਲਹਾਲ ਅਮਰੀਕਾ ਅਤੇ ਬ੍ਰਿਟੇਨ 'ਚ ਟੈਸਟਿੰਗ ਚੱਲ ਰਹੀ ਹੈ ਪਰ ਜਲਦੀ ਹੀ ਇਸ ਨੂੰ ਬਾਕੀ ਦੇਸ਼ਾਂ ਲਈ ਰਿਲੀਜ਼ ਕੀਤਾ ਜਾਵੇਗਾ। ਭਾਰਤ ਲਈ ਦੇਖਣਾ ਦਿਲਚਸਪ ਹੋਵੇਗਾ ਕਿ ਕਿਹੜੇ-ਕਿਹੜੇ ਸੈਲੇਬ੍ਰਿਟੀ ਦੀ ਆਵਾਜ਼ ਮਿਲਦੀ ਹੈ।
ਨਵੇਂ ਫੀਚਰ ਦੇ ਆਉਣ ਤੋਂ ਬਾਅਦ ਮੈਟਾ ਏ.ਆੀ. ਨਾਲ ਗੱਲ ਕਰਨਾ ਹੋਰ ਮਜ਼ੇਦਾਰ ਹੋਵੇਗਾ ਕਿਉਂਕਿ ਇਹ ਠੀਕ ਉਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਅਸੀਂ ਆਪਣੇ ਕਿਸੇ ਦੋਸਤ ਨਾਲ ਗੱਲਾਂ ਕਰਦੇ ਹਾਂ। ਨਵੇਂ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਐਂਡਰਾਇਡ ਦੇ ਬੀਟਾ ਵਰਜ਼ਨ 2.24.19.32 'ਤੇ ਇਸ ਫੀਚਰ ਨੂੰ ਟੈਸਟ ਕੀਤਾ ਜਾ ਰਿਹਾ ਹੈ, ਹਾਲਾਂਕਿ ਇਹ ਫੀਚਰ ਫਿਲਹਾਲ ਉਨ੍ਹਾਂ ਬੀਟਾ ਯੂਜ਼ਰਜ਼ ਨੂੰ ਵੀ ਨਜ਼ਰ ਨਹੀਂ ਆ ਰਿਹਾ ਜਿਨ੍ਹਾਂ ਨੇ ਗੂਗਲ ਪਲੇਅ ਸਟੋਰ ਰਾਹੀਂ ਬੀਟਾ ਪ੍ਰੋਗਰਾਮ ਜੁਆਇਨ ਕੀਤਾ ਹੈ। ਦੱਸ ਦੇਈਏ ਕਿ ਮੈਟਾ ਏ.ਆੀ. ਦੇ ਵਿਰੋਧੀ ਚੈਟਜੀਪੀਟੀ 'ਚ ਵੀ ਵੌਇਸ ਦਾ ਸਪੋਰਟ ਹੈ ਪਰ ਉਹ ਪ੍ਰੀਮੀਅਮ ਯੂਜ਼ਰਜ਼ ਲਈ ਹੈ।