Twitter ’ਚੋਂ ਹਟਾਇਆ ਜਾ ਸਕਦੈ ਇਹ ਖਾਸ ਫੀਚਰ
Tuesday, Oct 30, 2018 - 11:40 AM (IST)

ਗੈਜੇਟ ਡੈਸਕ– ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ ‘ਲਾਈਕ’ ਬਟਨ ਨੂੰ ਹਟਾਉਣ ਬਾਰੇ ਸੋਚ ਰਹੀ ਹੈ। ਪਿਛਲੇ ਹਫਤੇ ਆਯੋਜਿਤ ਕੀਤੇ ਗਏ ਈਵੈਂਟ ’ਚ ਟਵਿਟਰ ਦੇ ਸੀ.ਈ.ਓ. ਜੈਕ ਡਾਰਸੀ ਨੇ ਕਿਹਾ ਸੀ ਕਿ ਉਹ ਇਸ ਹਾਰਟ ਦੇ ਆਕਾਰ ਵਾਲੇ ਬਟਨ ਨੂੰ ਕੁਝ ਖਾਸ ਪਸੰਦ ਨਹੀਂ ਕਰਦੇ ਅਤੇ ਜਲਦੀ ਹੀ ਇਸ ਨੂੰ ਇਸ ਪਲੇਟਫਾਰਮ ਤੋਂ ਹਟਾ ਦਿੱਤਾ ਜਾਵੇਗਾ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਯੂਜ਼ਰਸ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਇਹ ਲਾਈਕ ਬਟਨ ਉਨ੍ਹਾਂ ਨੂੰ ਲੋਕਾਂ ਦੀ ਸਪੋਰਟ ਕਰਨ ’ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਕੁਝ ਯੂਜ਼ਰਸ ਦਾ ਮੰਨਣਾ ਹੈ ਕਿ ਇਸ ਬਟਨ ਦੇ ਹਟਾਏ ਜਾਣ ਤੋਂ ਬਾਅਦ ਟਵਿਟਰ ’ਤੇ ਸਿਰਫ ਰੀਟਵੀਟ ਅਤੇ ਬਹਿਸ ਹੀ ਕਮਿਊਨੀਕੇਸ਼ਨ ਦਾ ਮੁੱਖ ਜ਼ਰੀਆ ਬਚੇਗਾ।
ਹਾਲਾਂਕਿ ਟਵਿਟਰ ਨੇ ਇਸ ਮਾਮਲੇ ’ਚ ਯੂਜ਼ਰਸ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਇਕ ਬਿਆਨ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ‘ਲਾਈਕ’ ਬਟਨ ਨੂੰ ਹਟਾਉਣ ਬਾਰੇ ਅਜੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਅਜੇ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਟਵਿਟਰ ਦੇ ਵਾਈਸ ਪ੍ਰੈਜ਼ੀਡੈਂਟ ਬ੍ਰੈਂਡਨ ਬਾਰਮੈਨ ਨੇ ਵੀ ਕਿਹਾ ਕਿ ਲਾਈਕ ਬਟਨ ਨੂੰ ਹਟਾਉਣ ’ਚ ਅਜੇ ਕਾਫੀ ਸਮਾਂ ਲੱਗੇਗਾ।
ਜ਼ਿਕਰਯੋਗ ਹੈ ਕਿ ਟਵਿਟਰ ’ਤੇ ਲਾਈਕ ਬਟਨ ਦੇ ਫੀਚਰ ਨੂੰ ਸਾਲ 2015 ’ਚ ਲਾਂਚ ਕੀਤਾ ਗਿਆ ਸੀ। ਇਸ ਫੀਚਰ ਦਾ ਇਸਤੇਮਾਲ ਲੋਕ ਕਿਸੇ ਬਾਰੇ ਕੀਤੇ ਗਏ ਟਵੀਟ ’ਤੇ ਆਪਣਾ ਸਮਰਥਨ ਦੇਣ ਲਈ ਕਰਦੇ ਹਨ।